ਡਰੋਨ ਜ਼ਰੀਏ ਹੋ ਰਹੀਆਂ ਗਤੀਵਿਧੀਆਂ 'ਤੇ ਪੰਜਾਬ ਪੁਲਸ ਨੇ ਅਪਣਾਇਆ ਸਖਤ ਰਵੱਈਆ

10/21/2019 3:05:33 PM

ਜਲੰਧਰ (ਵਰੁਣ)— 21 ਅਕਤੂਬਰ ਯਾਨੀ ਅੱਜ ਦਾ ਦਿਨ ਭਾਰਤ 'ਚ ਪੁਲਸ ਸ਼ਹੀਦੀ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਦਰਅਸਲ ਸਾਲ 1959 'ਚ ਅੱਜ ਦੇ ਦਿਨ ਲੱਦਾਖ 'ਚ ਸੀ. ਆਰ. ਪੀ. ਐੱਫ. ਦੀ ਇਕ ਪੋਰਟਲ ਪਾਰਟੀ 'ਤੇ ਚਾਈਨਾ ਦੀ ਫੌਜ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ 'ਚ 10 ਜਵਾਨਾਂ ਨੂੰ  ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਅੱਜ ਦੇ ਦਿਨ ਨੂੰ ਪੁਲਸ ਸ਼ਹੀਦੀ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਸਬੰਧੀ ਰਾਜ ਪੱਧਰੀ ਸਮਾਗਮ ਪੀ. ਏ. ਪੀ. ਕੈਂਪਸ ਜਲੰਧਰ ਛਾਉਣੀ 'ਚ ਪੁਲਸ ਸ਼ਹੀਦੀ ਸਮਾਰਕ 'ਤੇ ਆਯੋਜਿਤ  ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਮੁੱਖ ਮਹਿਮਾਨ ਵਜੋਂ ਪਹੁੰਚੇ। 

ਇਸ ਮੌਕੇ ਉਨ੍ਹਾਂ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਸ ਇਕ ਦਲੇਰ ਅਤੇ ਕਾਬਲ ਫੋਰਸ ਹੈ। ਇਸ ਦਾ ਇਤਿਹਾਸ ਬੇਮਿਸਾਲ ਬਹਾਦਰੀ ਅਤੇ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਪੰਜਾਬ ਪੁਲਸ ਨਾ ਸਿਰਫ ਸਮੁੱਚੇ ਭਾਰਤ 'ਚ ਸਗੋਂ ਪੂਰੇ ਸੰਸਾਰ ਪੱਧਰ 'ਤੇ ਅਜਿਹੀ ਮਿਸਾਲ ਕਾਇਮ ਕੀਤੀ, ਜਿੱਥੇ ਅੱਤਵਾਦ ਅਤੇ ਵੱਖਵਾਦ ਨੂੰ ਜੜੋਂ ਖਤਮ ਕਰ ਦਿੱਤਾ। ਇਹ ਕਾਮਯਾਬੀ ਸਾਡੇ ਸਾਥੀਆਂ ਦੀ ਸ਼ਹੀਦੀ ਦੇ ਸਦਕਾ ਹੀ ਮਿਲੀ ਹੈ। ਪੰਜਾਬ ਪੁਲਸ 'ਤੇ ਹੋ ਰਹੇ ਹਮਲਿਆਂ ਦੇ ਸਵਾਲ ਦੇ ਜਵਾਬ 'ਚ ਦਿਨਕਰ ਗੁਪਤਾ ਨੇ ਕਿਹਾ ਕਿ ਬਿਲਕੁਲ ਅਜਿਹੇ ਹਮਲੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਅਜਿਹੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਪੰਜਾਬ 'ਚ ਸਵਾ ਚਾਰ ਸੌ ਦੇ ਕਰੀਬ ਥਾਣੇ ਹਨ ਅਤੇ ਵੱਖ-ਵੱਖ ਥਾਵਾਂ 'ਤੇ ਹਰ ਥਾਣੇ ਦੀ ਪੁਲਸ ਵੱਲੋਂ ਰੋਜ਼ਾਨਾ ਰੇਡ ਕੀਤੀ ਜਾਂਦੀ ਹੈ ਅਤੇ ਕਿਤੇ ਨਾ ਕਿਤੇ ਅਪਰਾਧੀ ਨੂੰ ਛੁਡਾਉਣ ਲਈ ਪੰਜਾਬ 'ਚ ਹਮਲੇ ਵਰਗੀਆਂ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ 'ਤੇ ਪੁਲਸ ਵੱਲੋਂ ਨਕੇਲ ਕੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਤੱਤਾਂ ਵੱਲੋਂ ਹੋਏ ਹਮਲਿਆਂ ਖਿਲਾਫ ਪੁਲਸ ਸਖਤੀ ਨਾਲ ਨਿਪਟੇਗੀ। ਪੰਜਾਬ ਦੇ ਨੌਜਵਾਨ ਜੋ ਰਸਤਾ ਭਟਕ ਕੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਜਾਂਦੇ ਹਨ, ਅਜਿਹੇ ਮਾਮਲਿਆਂ 'ਚ ਉਨ੍ਹਾਂ ਵੱਲੋਂ 150 ਦੇ ਕਰੀਬ ਲੋਕਾਂ ਨੂੰ ਫੜਿਆ ਗਿਆ ਹੈ। ਡਰੋਨ ਦੇ ਜ਼ਰੀਏ ਪਾਕਿਸਤਾਨ ਵੱਲੋਂ ਹੋ ਰਹੀ ਹਥਿਆਰਾਂ ਦੀ ਸਪਲਾਈ ਦੇ ਮੁੱਦੇ 'ਤੇ ਡੀ. ਜੀ. ਪੀ. ਗੁਪਤਾ ਨੇ ਕਿਹਾ ਕਿ ਸੋਸ਼ਲ ਸਾਈਟ 'ਤੇ ਵੀ ਪੁਲਸ ਵੱਲੋਂ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਹੁਣ ਤੱਕ 30 ਦੇ ਕਰੀਬ ਮਡਿਊਲ ਤਬਾਹ ਕੀਤੇ ਹਨ। 

ਉਨ੍ਹਾਂ ਕਿਹਾ ਕਿ ਸਤੰਬਰ 1981 ਤੋਂ ਲੈ ਕੇ ਅਗਸਤ 2019 ਤੱਕ ਰਾਜ ਅਤੇ ਦੇਸ਼ 'ਚ ਕੁੱਲ 2719 ਅਫਸਰ ਅਤੇ ਜਵਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ। ਬੀਤੇ ਸਾਲ ਸਮੁੱਚੇ ਭਾਰਤ 'ਚ 292 ਪੁਲਸ ਅਫਸਰ ਅਤੇ ਜਵਾਨ ਡਿਊਟੀ ਦੌਰਾਨ ਸ਼ਹੀਦ ਹੋਏ ਸਨ। ਉਨ੍ਹÎਾਂ ਇਕ ਅਕਤੂਬਰ ਨੂੰ ਨਸ਼ਾ ਤਸਕਰਾਂ ਨਾਲ ਲੜਦੇ ਸ਼ਹੀਦ ਹੋਏ ਪੁਲਸ ਮੁਲਾਜ਼ਮ ਸਿਪਾਹੀ ਗੁਰਦੀਪ ਸਿੰਘ ਦੀ ਮੌਤ 'ਤੇ ਵੀ ਡੂੰਘਾ ਦੁੱਖ ਜ਼ਾਹਰ ਕੀਤਾ। ਉਨ੍ਹਾਂ ਸ਼ਹੀਦ ਹੋਏ ਪੁਲਸ ਅਫਸਰਾਂ ਅਤੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਹ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਦੇ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਨਵੀਆਂ ਭਲਾਈ ਸਕੀਮਾਂ ਬਣਾ ਕੇ ਸ਼ਹੀਦ ਪਰਿਵਾਰਕ ਮੈਂਬਰਾਂ ਦਾ ਹਰ ਤਰ੍ਹਾਂ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਡੀ. ਜੀ. ਪੀ. ਦਿਨਕਰ ਗੁਪਤਾ ਸਮੇਤ ਕਈ ਹੋਰ ਪੁਲਸ ਅਧਿਕਾਰੀਆਂ ਦੇ ਨਾਲ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

shivani attri

This news is Content Editor shivani attri