ਠੰਡਾ ਪਿਆ ਸ਼ਹਿਰ ਦਾ ਵਿਕਾਸ, ਮਾਨਸੂਨ ਸੀਜ਼ਨ ’ਚ ਲੋਕਾਂ ਨੂੰ ਝੱਲਣੀ ਪਵੇਗੀ ਭਾਰੀ ਮੁਸੀਬਤ

06/11/2022 4:47:49 PM

ਜਲੰਧਰ (ਸੋਮਨਾਥ)–ਤਕਰੀਬਨ ਇਕ ਮਹੀਨਾ ਪਹਿਲਾਂ ਨਗਰ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਅਹੁਦਾ ਸੰਭਾਲਣ ਦੇ ਨਾਲ ਹੀ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਪੂਰੀ ਤਰ੍ਹਾਂ ਸਰਗਰਮ ਹੋ ਗਏ ਸਨ ਅਤੇ ਸ਼ਹਿਰ ਵਿਚ ਵਿਕਾਸ ਕਾਰਜ ਵੀ ਤੇਜ਼ੀ ਨਾਲ ਸ਼ੁਰੂ ਹੋ ਗਏ ਸਨ। ਇਸ ਦਰਮਿਆਨ ਨਿਗਮ ਕਮਿਸ਼ਨਰ ਦੇ ਬੀਮਾਰ ਹੋਣ ’ਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਦਫਤਰ ਨਾ ਆਉਣ ਕਾਰਨ ਸ਼ਹਿਰ ’ਚ ਵਧੇਰੇ ਕੰਮ ਰੁਕ ਗਏ ਹਨ। ਸਿਹਤ ਠੀਕ ਨਾ ਹੋਣ ਕਾਰਨ ਕਮਿਸ਼ਨਰ ਵੱਲੋਂ ਘਰ ਤੋਂ ਹੀ ਵਧੇਰੇ ਡਾਕ ਦੇਖੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਬੀਤੇ ਦਿਨੀਂ ਨਿਗਮ ਕਮਿਸ਼ਨਰ ਕੌਂਸਲਰ ਹਾਊਸ ਦੀ ਮੀਟਿੰਗ ਵੀ ਅਟੈਂਡ ਨਹੀਂ ਕਰ ਸਕੇ ਸਨ।
ਵੈਸਟ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੱਲੋਂ 120 ਫੁੱਟੀ ਰੋਡ ’ਤੇ ਤਕਰੀਬਨ 20.50 ਕਰੋੜ ਰੁਪਏ ਦੀ ਲਾਗਤ ਨਾਲ ਅਕਤੂਬਰ 2020 ਵਿਚ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਲਿਆਂਦਾ ਗਿਆ ਸੀ। ਇਸ ਪ੍ਰਾਜੈਕਟ ਦੇ ਜੂਨ 2021 ’ਚ ਪੂਰਾ ਹੋਣ ਦੀ ਆਸ ਸੀ ਅਤੇ ਜੁਲਾਈ 2021 ਦੇ ਪਹਿਲੇ ਹਫ਼ਤੇ ਕੰਪਨੀ ਵੱਲੋਂ ਇਸ ਦਾ ਟ੍ਰਾਇਲ ਦਿੱਤਾ ਜਾਣਾ ਸੀ ਪਰ ਇਕ ਸਾਲ ਹੋਰ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ ਪ੍ਰਾਜੈਕਟ ਦਾ ਕੰਮ ਪੂਰਾ ਨਹੀਂ ਹੋਇਆ। ਅਜੇ ਵੀ 10 ਫੀਸਦੀ ਕੰਮ ਅੱਧ-ਵਿਚਾਲੇ ਲਟਕਿਆ ਹੋਇਆ ਹੈ।

ਇਸ ਪ੍ਰਾਜੈਕਟ ਦੇ ਪੂਰਾ ਹੋਣ ’ਤੇ ਵੈਸਟ ਵਿਧਾਨ ਸਭਾ ਹਲਕੇ ’ਚ ਪੈਂਦੇ ਬਸਤੀ ਏਰੀਆ ਦੇ ਮੁਹੱਿਲਆਂ ਨੂੰ ਫਾਇਦਾ ਹੋਣਾ ਸੀ ਪਰ ਪ੍ਰਾਜੈਕਟ ਪੂਰਾ ਨਾ ਹੋਣ ਕਾਰਨ ਇਸ ਬਰਸਾਤ ਵਿਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ 120 ਫੁੱਟੀ ਰੋਡ ’ਤੇ ਸਵ. ਯਸ਼ਪਾਲ ਡਾਲੀਆ ਚੌਕ ਤੋਂ ਅੱਗੇ ਬਸਤੀ ਪੀਰਦਾਦ ਵੱਲ ਜਾਂਦੀ ਸੜਕ ’ਤੇ ਲੋਕਾਂ ਨੂੰ ਝੱਲਣੀ ਪਵੇਗੀ। ਇਸ ਸੜਕ ’ਤੇ ਕਈ ਮਹੀਨੇ ਪਹਿਲਾਂ ਠੇਕੇਦਾਰ ਵੱਲੋਂ ਗਟਕਾ ਤਾਂ ਪਾ ਦਿੱਤਾ ਗਿਆ ਸੀ ਪਰ ਸੜਕ ਬਣਾਉਣ ਦਾ ਕੋਈ ਅਤਾ-ਪਤਾ ਨਹੀਂ ਹੈ। ਵਰਣਨਯੋਗ ਹੈ ਕਿ ਵੈਸਟ ਵਿਧਾਨ ਸਭਾ ਹਲਕੇ ਤੋਂ ਹੁਣ ਸ਼ੀਤਲ ਅੰਗੁਰਾਲ ਵਿਧਾਇਕ ਹਨ ਪਰ ਉਹ ਵੀ ਸਟਾਰਮ ਵਾਟਰ ਸੀਵਰੇਜ ਪ੍ਰਾਜੈਕਟ ਨੂੰ ਪੂਰਾ ਨਹੀਂ ਕਰਵਾ ਸਕੇ ਅਤੇ ਨਾ ਹੀ ਸੜਕ ਬਣਵਾ ਸਕੇ ਹਨ।

PunjabKesari

ਨਜ਼ਰ ਨਹੀਂ ਆ ਰਹੀਆਂ ਸ਼ਹਿਰ ਨੂੰ ਪਾਣੀ ਜਮ੍ਹਾ ਹੋਣ ਤੋਂ ਬਚਾਉਣ ਦੀਆਂ ਤਿਆਰੀਆਂ
ਤਕਰੀਬਨ 2 ਹਫ਼ਤਿਆਂ ਬਾਅਦ ਮਾਨਸੂਨ ਸੀਜ਼ਨ ਸ਼ੁਰੂ ਹੋ ਜਾਵੇਗਾ। ਨਿਗਮ ਦਾ ਹਾਲ ਇਹ ਹੈ ਕਿ ਸੜਕਾਂ ਤੇ ਗਲੀਆਂ ਨੂੰ ਸਾਫ ਕਰਨ ਲਈ ਬੇਲਦਾਰਾਂ ਦੀ ਨਿਯੁਕਤੀ ਨਹੀਂ ਕੀਤੀ ਗਈ। ਮਾਨਸੂਨ ਸੀਜ਼ਨ ਤੋਂ ਪਹਿਲਾਂ ਹਰ ਵਾਰਡ ਵਿਚ 3-3 ਮਹੀਨਿਆਂ ਲਈ ਰੋਡ-ਗਲੀਆਂ ਦੀ ਸਫਾਈ ਕਰਨ ਵਾਸਤੇ 2-2 ਲੇਬਰ ਦੇ ਕਰਮਚਾਰੀ ਰੱਖੇ ਜਾਂਦੇ ਹਨ ਪਰ ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਲੇਬਰ ਨਹੀਂ ਮਿਲੀ। ਦੂਜੇ ਪਾਸੇ ਨਵੀਆਂ ਬਣੀਆਂ ਸੜਕਾਂ ’ਤੇ ਬਣਾਈਆਂ ਗਈਆਂ ਰੋਡ-ਗਲੀਆਂ ’ਤੇ ਕਈ ਥਾਵਾਂ ’ਤੇ ਢੱਕਣ ਤੱਕ ਨਹੀਂ ਰੱਖੇ ਗਏ ਅਤੇ ਜਿਹੜੀਆਂ ਥਾਵਾਂ ’ਤੇ ਢੱਕਣ ਰੱਖੇ ਗਏ ਹਨ, ਉਥੇ ਸਫਾਈ ਨਹੀਂ ਹੈ। ਉਥੇ ਹੀ ਸ਼ਹਿਰ ’ਚ 60 ਦੇ ਤਕਰੀਬਨ ਲੋਅ ਲਾਇੰਗ ਏਰੀਆ (ਪਾਣੀ ਜਮ੍ਹਾ ਹੋਣ ਵਾਲੀਆਂ ਥਾਵਾਂ) ਹਨ। ਇਨ੍ਹਾਂ ਵਿਚੋਂ 10 ਦੇ ਤਕਰੀਬਨ ਦਾ ਹੀ ਹੱਲ ਹੋ ਸਕਿਆ ਹੈ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਬਰਸਾਤਾਂ ਦੇ ਦਿਨਾਂ ਵਿਚ ਪਾਣੀ ਭਰਨ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਗਾਜ਼ੀ-ਗੁੱਲਾ ਡਿਸਪੋਜ਼ਲ ਪੰਪ ’ਤੇ ਨਹੀਂ ਬਣ ਸਕਿਆ ਵਾਟਰ ਸਟੋਰੇਜ ਟੈਂਕ
ਨਾਰਥ ਵਿਧਾਨ ਸਭਾ ਹਲਕੇ ’ਚ ਬਰਸਾਤ ਦੇ ਦਿਨਾਂ ਵਿਚ ਮੁਹੱਲਾ ਰਾਮ ਨਗਰ ਅਤੇ ਗਾਂਧੀ ਨਗਰ ਵਿਚ 2-2 ਫੁੱਟ ਤੱਕ ਪਾਣੀ ਜਮ੍ਹਾ ਹੋ ਜਾਂਦਾ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਪਹਿਲਾਂ ਸ਼ਹਿਰ ਦਾ ਬਰਸਾਤੀ ਪਾਣੀ ਕੱਢਣ ਲਈ ਗਾਜ਼ੀ-ਗੁੱਲਾ ਡਿਸਪੋਜ਼ਲ ਵਿਚੋਂ ਪਾਣੀ ਦਾ ਵਹਾਅ ਰੋਕ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿਚ ਰਾਮ ਨਗਰ ਅਤੇ ਗਾਂਧੀ ਨਗਰ ਵਿਚ ਕਈ-ਕਈ ਘੰਟੇ ਪਾਣੀ ਖੜ੍ਹਾ ਰਹਿੰਦਾ ਹੈ। ਨਗਰ ਨਿਗਮ ਵੱਲੋਂ ਇਸ ਹਲਕੇ ਦੀ ਸਮੱਸਿਆ ਨੂੰ ਦੇਖਦਿਆਂ ਗਾਜ਼ੀ-ਗੁੱਲਾ ਡਿਸਪੋਜ਼ਲ ਪੰਪ ਨੇੜੇ ਵਾਟਰ ਸਟੋਰੇਜ ਟੈਂਕ ਬਣਾਉਣ ਸਬੰਧੀ ਟੈਂਡਰ ਲਾਇਆ ਗਿਆ ਸੀ ਪਰ ਬਦਕਿਸਮਤੀ ਨਾਲ ਇਸ ਟੈਂਕ ਨੂੰ ਬਣਾਉਣ ਵਿਚ ਕਿਸੇ ਠੇਕੇਦਾਰ ਨੇ ਦਿਲਚਸਪੀ ਨਹੀਂ ਦਿਖਾਈ। ਇਸ ਕਾਰਨ ਇਹ ਸਾਲ ਵੀ ਇਨ੍ਹਾਂ ਮੁਹੱਲਿਆਂ ਨੂੰ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।

 ਗਾਜ਼ੀ-ਗੁੱਲਾ ਵਿਚ ਵੀ ਜਮ੍ਹਾ ਹੋਵੇਗਾ ਪਾਣੀ
ਗਾਜ਼ੀ-ਗੁੱਲਾ ਚੌਕ ਸਥਿਤ ਸਿਆਲਕੋਟ ਹਾਈ ਸਕੂਲ ਨੇੜੇ ਰਾਮ ਨਗਰ ਨੂੰ ਜਾਂਦੀ ਸੜਕ ਨੂੰ ਪਿਛਲੇ ਸਾਲ ਬਣਾਇਆ ਗਿਆ ਸੀ ਪਰ ਇਸ ਸੜਕ ’ਤੇ ਰੋਡ-ਗਲੀਆਂ ਦੀ ਸਫਾਈ ਨਾ ਹੋਣ ਕਾਰਨ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ। ਪਿਛਲੇ ਮਹੀਨੇ ਹਲਕੀ ਬਰਸਾਤ ਵਿਚ ਵੀ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਿਹਾ ਸੀ। ਇਸ ਕਾਰਨ ਬਰਸਾਤ ਦੇ ਸੀਜ਼ਨ ਵਿਚ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

 


Manoj

Content Editor

Related News