ਜੰਗਲੀ ਸੂਰਾਂ ਵੱਲੋਂ ਕਿਸਾਨਾਂ ਦੀ ਮੱਕੀ ਦੀ ਫਸਲ ਤਬਾਹ

10/05/2019 6:33:15 PM

ਗੜ੍ਹਦੀਵਾਲਾ (ਜਤਿੰਦਰ)— ਜੰਗਲੀ ਸੂਅਰਾਂ ਨੇ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਥੇਂਦਾ, ਮਾਂਗਾ, ਮਾਨਗੜ੍ਹ, ਡੱਫਰ ਤੇ ਹੋਰਨਾਂ ਪਿੰਡਾਂ ਵਿਚ ਉਤਪਾਤ ਮਚਾਉਂਦੇ ਹੋਏ ਕਿਸਾਨਾਂ ਦੀ ਮੱਕੀ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਰਾਤ ਦੇ ਵਕਤ ਜੰਗਲੀ ਸੂਰ ਮੈਦਾਨੀ ਇਲਾਕੇ ਵਿੱਚ ਆ ਕੇ ਮੱਕੀ ਅਤੇ ਕਮਾਦ ਦੀ ਖੜੀ ਫਸਲ ਦੀ ਤਬਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿਰਸਾਨੀ ਤਾਂ ਪਹਿਲਾਂ ਹੀ ਘਾਟੇ ਵਾਲਾ ਸੌਦਾ ਸਾਬਤ ਹੋ ਰਿਹਾ ਹੈ ਅਤੇ ਇਸ ਵਾਰ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਪਹਿਲਾਂ ਤੇਜ ਹਨੇਰੀ ਨੇ ਫਸਲ ਧਰਤੀ 'ਤੇ ਵਿਛਾ ਦਿੱਤੀ ਅਤੇ ਹੁਣ ਜੰਗਲੀ ਸੂਰਾਂ ਨੇ ਹਮਲਾ ਕਰਕੇ ਮੱਕੀ ਦੀ ਫਸਲ ਬਰਬਾਦ ਕਰ ਦਿੱਤੀ ਹੈ। 

ਉਨ੍ਹਾਂ ਕਿਹਾ ਕਿ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦੇ ਕੀਤੇ ਜਾ ਰਹੇ ਨੁਕਸਾਨ ਕਾਰਨ ਕਿਸਾਨਾਂ ਲਈ ਆਪਣੀਆਂ ਜਰੂਰਤਾਂ ਪੂਰੀਆਂ ਕਰਨੀਆਂ ਬਹੁਤ ਔਖੀਆਂ ਹੋ ਜਾਣਗੀਆਂ। ਪੁੱਤਾਂ ਵਾਂਗ ਪਾਲੀ ਫਸਲ ਦਾ ਜੰਗਲੀ ਸੂਰ ਉਜਾੜਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਤ ਵੇਲੇ ਜੇਕਰ ਕੋਈ ਕਿਸਾਨ ਆਪਣੀ ਫਸਲ ਦੇ ਬਚਾਅ ਲਈ ਰਾਖੀ ਵਗੈਰਾ ਕਰਨ ਲਈ ਖੇਤਾਂ ਵੱਲ ਜਾਂਦੇ ਹਨ ਤਾਂ ਇਨ੍ਹਾਂ ਸੂਰਾਂ ਵੱਲੋਂ ਕਿਸਾਨਾਂ 'ਤੇ ਹਮਲਾ ਕਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਇਨ੍ਹਾਂ ਜੰਗਲੀ ਸੂਰਾਂ ਨੂੰ ਕਾਬੂ ਕਰਕੇ ਕਿਸਾਨਾਂ ਦੀ ਫਸਲ ਦੇ ਹੋ ਰਹੇ ਉਜਾੜੇ ਤੋਂ ਬਚਾਇਆ ਜਾਵੇ।


shivani attri

Content Editor

Related News