5ਵੇਂ ਦਿਨ ਡੀ. ਸੀ. ਆਫਿਸ ''ਚ ਰੌਣਕ ਪਰਤੀ, ਪੈਂਡਿੰਗ ਕੰਮਾਂ ਸਣੇ ਹੋਈਆਂ 106 ਰਜਿਸਟਰੀਆਂ

04/24/2019 5:59:54 PM

ਜਲੰਧਰ (ਪੁਨੀਤ)— ਛੁੱਟੀਆਂ ਕਾਰਨ ਪਿਛਲੇ ਹਫਤੇ ਸਿਰਫ 3 ਦਿਨ ਕੰਮ ਹੋਇਆ। ਗੁੱਡ ਫਰਾਈਡੇਅ, ਸ਼ਨੀਵਾਰ-ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਸੀ. ਐੱਮ. ਦੀ ਵਿਜ਼ਿਟ ਕਾਰਨ ਅਧਿਕਾਰੀ ਰੁੱਝੇ ਰਹੇ, ਪੰਜਵੇਂ ਦਿਨ ਡੀ. ਸੀ. ਆਫਿਸ 'ਚ ਰੌਣਕ ਪਰਤੀ ਅਤੇ ਕੰਮਕਾਜ ਆਮ ਵਾਂਗ ਹੋਇਆ। ਤਹਿਸੀਲ-1 ਦੀਆਂ 62, ਜਦੋਂਕਿ ਤਹਿਸੀਲ-2 ਦੀਆਂ 64 ਰਜਿਸਟਰੀਆਂ ਹੋਈਆਂ ਤੇ ਲੋਕਾਂ ਦੇ ਪੈਂਡਿੰਗ ਕੰਮ ਬੀਤੇ ਦਿਨ ਵੱਡੇ ਪੱਧਰ 'ਤੇ ਨਿਬੇੜੇ ਗਏ। ਸਰਕਾਰ ਵੱਲੋਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਪਰ ਲੋਕਾਂ ਦੇ ਰਸ਼ ਨੂੰ ਦੇਖਦਿਆਂ ਤਹਿਸੀਲ 'ਚ ਲੋਕਾਂ ਦਾ ਕੰਮਕਾਜ ਨਿਬੇੜੇ ਗਿਆ।
ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੇ ਕੰਮ ਪੈਂਡਿੰਗ ਚੱਲ ਰਹੇ ਸਨ, ਜਿਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਇਆ ਗਿਆ। ਤਹਿਸੀਲ ਵਿਚ ਕੁਲ 106 ਲੋਕਾਂ ਦੀਆਂ ਰਜਿਸਟਰੀਆਂ ਹੋਈਆਂ ਸੁਵਿਧਾ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਉਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਦਿਨਾਂ ਦੇ ਮੁਕਾਬਲੇ ਜ਼ਿਆਦਾ ਰਹੀ। ਚੋਣ ਡਿਊਟੀ ਵਿਚ ਫੇਰਬਦਲ ਕਰਵਾਉਣ ਵਾਲੇ ਕਰਮਚਾਰੀ ਵੀ ਆਪਣੇ ਪੱਧਰ 'ਤੇ ਜੁਗਾੜ ਕਰਦੇ ਨਜ਼ਰ ਆਏ।
ਡੀ. ਸੀ. ਆਫਿਸ 'ਚ ਕੰਮ ਕਰਦੇ ਜ਼ਿਆਦਾਤਰ ਕਰਮਚਾਰੀ ਚੋਣਾਂ ਕਾਰਨ ਕਾਫੀ ਰੁੱਝੇ ਹੋਏ ਹਨ। ਮੀਟਿੰਗਾਂ ਦਾ ਦੌਰ ਜਾਰੀ ਹੈ। ਉਥੇ ਹੀ ਬੀਤੇ ਦਿਨ ਨਾਮਜ਼ਦਗੀ ਭਰਨ ਦੇ ਦੂਜੇ ਦਿਨ ਵੀ ਇਕ ਉਮੀਦਵਾਰ ਵੱਲੋਂ ਹੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ। ਨਾਮਜ਼ਦਗੀ ਪੱਤਰ ਜ਼ਿਲਾ ਚੋਣ ਅਧਿਕਾਰੀ ਵਰਿੰਦਰ ਸ਼ਰਮਾ ਵੱਲੋਂ ਰਿਸੀਵ ਕੀਤਾ ਗਿਆ। ਬੀਤੇ ਦਿਨ ਚੌਧਰੀ ਵਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ ਸੀ ਤੇ ਅੱਜ ਸੀ.ਪੀ.ਆਈ. (ਐੱਮ.ਐੱਲ.) ਦੇ ਕਸ਼ਮੀਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 29 ਅਪ੍ਰੈਲ ਹੈ। ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਅਤੇ 'ਆਪ' ਸਣੇ ਬਸਪਾ ਅਤੇ ਹੋਰ ਪਾਰਟੀਆਂ ਦੇ ਉਮੀਦਵਾਰ ਕਾਗਜ਼ ਦਾਖਲ ਕਰਨਗੇ। ਇਸ ਦੇ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਤਿਆਰੀਆਂ ਪਹਿਲਾਂ ਹੀ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਸੋਮਵਾਰ ਦੇ ਮੁਕਾਬਲੇ ਮਾਮੂਲੀ ਰਹੇ ਸੁਰੱਖਿਆ ਪ੍ਰਬੰਧ
ਸੋਮਵਾਰ ਸੀ. ਐੱਮ. ਦੇ ਆਉਣ ਕਾਰਨ ਸੁਰੱਖਿਆ ਦੇ ਇੰਤਜ਼ਮ ਵੱਡੇ ਪੱਧਰ 'ਤੇ ਕੀਤੇ ਸਨ, ਡੀ. ਸੀ. ਆਫਿਸ ਨੂੰ ਅਭੇਦ ਕਿਲੇ 'ਚ ਤਬਦੀਲ ਕਰਨ 'ਚ ਕੋਈ ਕਸਰ ਨਹੀਂ ਛੱਡੀ ਗਈ ਸੀ। ਉਥੇ ਅੱਜ-ਕੱਲ ਦੇ ਮੁਕਾਬਲੇ ਸੁਰੱਖਿਆ ਦੇ ਪ੍ਰਬੰਧ ਮਾਮੂਲੀ ਸਨ। ਆਉਣ-ਜਾਣ ਵਾਲੇ ਲੋਕ ਬਿਨਾਂ ਚੈਕਿੰਗ ਦੇ ਡੀ. ਸੀ. ਆਫਿਸ 'ਚ ਦਾਖਲ ਹੁੰਦੇ ਰਹੇ। ਪਾਰਕਿੰਗ ਦੀ ਗੱਲ ਕਰੀਏ ਤਾਂ ਗਲਤ ਪਾਰਕਿੰਗ ਕਾਰਨ ਲੋਕਾਂ ਨੂੰ ਆਪਣੇ ਵਾਹਨ ਕੱਢਣ 'ਚ ਮੁਸ਼ਕਿਲ ਆਈ।
ਡਰਾਈਵਿੰਗ ਟੈਸਟ ਟਰੈਕ ਦੇ ਇੰਚਾਰਜ ਦਾ ਤਬਾਦਲਾ
ਡਰਾਈਵਿੰਗ ਟੈਸਟ ਟਰੈਕ ਦੇ ਇੰਚਾਰਜ ਮੁਖਤਿਆਰ ਸਿੰਘ ਨੂੰ ਆਰ. ਟੀ. ਏ. ਦਫਤਰ 'ਚ ਜਦੋਂਕਿ ਮਨਿੰਦਰ ਸਿੰਘ ਨੂੰ ਆਰ. ਟੀ. ਏ. ਦਫਤਰ ਤੋਂ ਟਰੈਕ 'ਚ ਤਬਦੀਲ ਕਰ ਕੇ ਇੰਚਾਰਜ ਲਾਇਆ ਗਿਆ ਹੈ। ਆਰ. ਟੀ. ਏ. ਦਫਤਰ ਦੀ ਕਲਰਕ ਅਮਰਜੀਤ ਕੌਰ ਨੂੰ ਵੀ ਟਰੈਕ 'ਚ ਸ਼ਿਫਟ ਕੀਤਾ ਗਿਆ ਹੈ। ਡਰਾਈਵਿੰਗ ਟਰੈਕ 'ਤੇ ਕੰਮਕਾਜ ਅੱਜ ਆਮ ਵਾਂਗ ਰਿਹਾ। ਪਿਛਲੇ ਹਫਤੇ ਆਈ ਹਨੇਰੀ ਕਾਰਨ ਟਰੈਕ 'ਚ ਲੱਗੇ ਬੀ. ਐੱਸ. ਐੱਨ. ਐੱਲ. ਦੀ ਇੰਟਰਨੈੱਟ ਦੀ ਸੇਵਾ ਠੱਪ ਹੋ ਗਈ ਸੀ, ਜਿਸ ਕਾਰਨ ਕਰਮਚਾਰੀ ਆਪਣਾ ਮੋਬਾਇਲ ਡਾਟਾ ਵਰਤ ਕੇ ਕੰਮ ਚਲਾ ਰਹੇ ਸਨ। ਹੁਣ ਸੇਵਾ ਆਮ ਹੁੰਦਿਆ ਹੀ ਕਰਮਚਾਰੀਆਂ ਨੇ ਚੈਨ ਦਾ ਸਾਹ ਲਿਆ।

shivani attri

This news is Content Editor shivani attri