DC ਨੇ ਸਾਬਕਾ ਚੇਅਰਮੈਨ ਤੇ ਸੀਨੀਅਰ ਸਹਾਇਕ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਸੀ. ਪੀ. ਨੂੰ ਲਿਖੀ ਚਿੱਠੀ

04/27/2022 3:46:07 PM

ਜਲੰਧਰ (ਚੋਪੜਾ)– ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਘਨਸ਼ਾਮ ਥੋਰੀ ਨੇ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਨਾਲ ਸਬੰਧਤ ਗੁੰਮ ਹੋਈਆਂ ਫਾਈਲਾਂ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੂੰ ਚਿੱਠੀ ਲਿਖ ਕੇ ਐੱਫ਼. ਆਈ. ਆਰ. ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਡਿਪਟੀ ਕਮਿਸ਼ਨਰ ਦੇ ਇਸ ਐਕਸ਼ਨ ਨਾਲ ਟਰੱਸਟ ਦੇ ਕਈ ਕਲਰਕਾਂ ਸਮੇਤ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੀਆਂ ਮੁਸ਼ਕਿਲਾਂ ਵਧਣੀਆਂ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਚਿੱਠੀ ਵਿਚ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅਤੇ ਈ. ਓ. ਨੇ ਦੱਸਿਆ ਕਿ ਟਰੱਸਟ ਦੀਆਂ ਵੱਖ-ਵੱਖ 23 ਸਕੀਮਾਂ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ, ਫ਼ਲੈਟਾਂ ਅਤੇ ਬੂਥਾਂ ਅਤੇ ਐੱਸ. ਸੀ. ਓਜ਼ ਦੀਆਂ 120 ਫ਼ਾਈਲਾਂ ਸਾਬਕਾ ਚੇਅਰਮੈਨ ਦੇ ਨਾਲ ਬਤੌਰ ਓ. ਐੱਸ. ਡੀ. ਬਤੌਰ ਰਹੇ ਅਜੈ ਮਲਹੋਤਰਾ ਦੇ ਨਾਂ ’ਤੇ ਰਿਕਾਰਡ ਵਿਚ ਚੜ੍ਹੀਆਂ ਹੋਈਆਂ ਹਨ।

ਟਰੱਸਟ ਦੇ ਕਈ ਅਧਿਕਾਰੀਆਂ ਨੇ ਪਿਛਲੇ ਦਿਨੀਂ ਸੀ. ਵੀ. ਓ. (ਚੀਫ਼ ਵਿਜੀਲੈਂਸ ਅਫ਼ਸਰ) ਸਾਹਮਣੇ ਇਹ ਬਿਆਨ ਦਰਜ ਕਰਵਾਏ ਸਨ ਕਿ ਗੁੰਮ ਹੋਈਆਂ ਇਨ੍ਹਾਂ ਸਾਰੀਆਂ ਫਾਈਲਾਂ ਨੂੰ ਅਜੈ ਮਲਹੋਤਰਾ ਜ਼ਰੀਏ ਹੀ ਚੇਅਰਮੈਨ ਵੱਲੋਂ ਮੰਗਵਾਇਆ ਗਿਆ ਸੀ ਪਰ ਵਾਪਸ ਜਮ੍ਹਾ ਨਹੀਂ ਕਰਵਾਈਆਂ ਗਈਆਂ, ਜਿਸ ਤੋਂ ਇਹ ਜਾਪਦਾ ਹੈ ਕਿ ਇਹ ਸਾਰਾ ਰਿਕਾਰਡ ਖ਼ੁਰਦ-ਬੁਰਦ ਕੀਤਾ ਜਾ ਚੁੱਕਾ ਹੈ। ਉਥੇ ਹੀ, ਟਰੱਸਟ ਦੇ ਈ. ਓ. ਪਰਮਿੰਦਰ ਸਿੰਘ ਗਿੱਲ ਨੇ ਡਾਇਰੈਕਟਰ ਲੋਕਲ ਬਾਡੀਜ਼ ਪੰਜਾਬ ਨੂੰ ਟਰੱਸਟ ਦੇ ਗੁੰਮ ਹੋਏ ਰਿਕਾਰਡ ਨੂੰ ਲੈ ਕੇ ਅਗਲੀ ਕਾਰਵਾਈ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਮੰਗੇ ਸਨ, ਜਿਸ ’ਤੇ ਡਾਇਰੈਕਟਰ ਲੋਕਲ ਬਾਡੀਜ਼ ਪੰਜਾਬ ਵੱਲੋਂ ਵੀ ਚਿੱਠੀ ਸੀ. ਵੀ. ਓ. 2022/1519 ਮਿਤੀ 18 ਅਪ੍ਰੈਲ 2022 ਜ਼ਰੀਏ ਗੁੰਮ ਹੋਏ ਰਿਕਾਰਡ ਸਬੰਧੀ ਨਿਯਮਾਂ ਅਧੀਨ ਕਾਰਵਾਈ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਆਈ. ਪੀ. ਸੀ. ਦੀਆਂ ਬਣਦੀਆਂ ਧਾਰਾਵਾਂ ਮੁਤਾਬਕ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਡਿਪਟੀ ਕਮਿਸ਼ਨਰ ਨੇ ਸੀ. ਪੀ. ਨੂੰ ਚਿੱਠੀ ਵਿਚ ਲਿਖਿਆ ਹੈ ਕਿ ਉਕਤ ਸਾਰਾ ਰਿਕਾਰਡ ਟਰੱਸਟ ਲਈ ਬਹੁਤ ਮਹੱਤਵਪੂਰਨ ਹੈ। ਦੋਸ਼ੀਆਂ ਵੱਲੋਂ ਕੈਸ਼ਬੁੱਕ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਦਸਤਾਵੇਜ਼ ਗੁੰਮ ਕਰ ਕੇ ਮਹਿਕਮੇ ਨੂੰ ਸਾਜ਼ਿਸ਼ ਤਹਿਤ ਜਾਣਬੁੱਝ ਕੇ ਨੁਕਸਾਨ ਪਹੁੰਚਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਕਾਰਡ ਅਤੇ ਫਾਈਲਾਂ ਨਾ ਮਿਲਣ ਨਾਲ ਟਰੱਸਟ ਦਾ ਲੇਖਾ-ਜੋਖਾ ਨਹੀਂ ਮਿਲਾਇਆ ਜਾ ਸਕੇਗਾ, ਜਿਸ ਨਾਲ ਟਰੱਸਟ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਪੁਲਸ ਕਮਿਸ਼ਨਰ ਨੂੰ ਲਿਖਿਆ ਕਿ ਜ਼ਿੰਮੇਵਾਰ ਵਿਅਕਤੀਆਂ, ਜਿਨ੍ਹਾਂ ਵਿਚ ਉਸ ਸਮੇਂ ਦੇ ਚੇਅਰਮੈਨ, ਅਜੈ ਮਲਹੋਤਰਾ ਸੀਨੀਅਰ ਸਹਾਇਕ ਅਤੇ ਹੋਰਨਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਮੁਤਾਬਕ ਕੇਸ ਦਰਜ ਕਰਨ ਅਤੇ ਸਾਰਾ ਰਿਕਾਰਡ ਬਰਾਮਦ ਕਰਕੇ ਟਰੱਸਟ ਨੂੰ ਮੁਹੱਈਆ ਕਰਵਾਇਆ ਜਾਵੇ।

ਸੀ. ਵੀ. ਓ. ਦੀ ਜਾਂਚ ’ਚ ਫਾਈਲਾਂ ਅਤੇ ਰਿਕਾਰਡ ਦੇ ਗੁੰਮ ਹੋਣ ਦਾ ਹੋਇਆ ਸੀ ਖੁਲਾਸਾ
ਇੰਪਰੂਵਮੈਂਟ ਟਰੱਸਟ ਦੀਆਂ ਸਕੀਮਾਂ ਸਬੰਧੀ ਰਿਕਾਰਡ ਅਤੇ ਫਾਈਲਾਂ ਦੇ ਗੁੰਮ ਹੋਣ ਦਾ ਖੁਲਾਸਾ ਬੀਤੀ 22 ਮਾਰਚ 2022 ਨੂੰ ਉਸ ਸਮੇਂ ਹੋਇਆ ਸੀ, ਜਦੋਂ ਚੀਫ਼ ਵਿਜੀਲੈਂਸ ਅਫ਼ਸਰ (ਸੀ. ਵੀ. ਓ.), ਲੋਕਲ ਬਾਡੀਜ਼ ਪੰਜਾਬ ਨੇ ਵੱਖ-ਵੱਖ ਸ਼ਿਕਾਇਤਾਂ ਦੀ ਜਾਂਚ ਸਬੰਧੀ ਟੀਮ ਨਾਲ ਟਰੱਸਟ ਦਫ਼ਤਰ ਵਿਚ ਛਾਪਾ ਮਾਰਿਆ ਸੀ।
ਸੀ. ਵੀ. ਓ. ਨੇ ਚੈਕਿੰਗ ਦੌਰਾਨ ਟਰੱਸਟ ਦੇ ਈ. ਓ. ਪਰਮਿੰਦਰ ਸਿੰਘ ਗਿੱਲ ਤੋਂ ਡਿਸਪੈਚ ਰਜਿਸਟਰ ਮਿਤੀ 29-9-2021 ਤੋਂ ਪਹਿਲਾਂ ਦੀ ਕੈਸ਼ਬੁੱਕ, ਕੁਝ ਸੇਲ ਫਾਈਲਾਂ, ਰਸੀਦ ਬੁੱਕ ਅਤੇ ਹੋਰ ਕਈ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਪਰ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਿਕਾਰਡ ਪੇਸ਼ ਨਹੀਂ ਕੀਤਾ ਜਾ ਸਕਿਆ। ਇਸ ਸਬੰਧੀ ਸਬੰਧਤ ਸਟਾਫ਼ ਨੇ ਸੀ. ਵੀ. ਓ. ਅੱਗੇ ਬਿਆਨ ਦਰਜ ਕਰਵਾਏ ਸਨ ਕਿ ਉਕਤ ਸਾਰੀਆਂ ਫਾਈਲਾਂ ਉਸ ਸਮੇਂ ਦੇ ਚੇਅਰਮੈਨ ਨੇ ਓ. ਐੱਸ. ਡੀ. ਜ਼ਰੀਏ ਮੰਗਵਾਈਆਂ ਸਨ ਪਰ ਵਾਪਸ ਰਿਕਾਰਡ ਵਿਚ ਜਮ੍ਹਾ ਨਹੀਂ ਕਰਵਾਈਆਂ। ਅਜੈ ਮਲਹੋਤਰਾ ਦੇ ਨਾਂ ’ਤੇ ਚੜ੍ਹੀਆਂ ਸਾਰੀਆਂ ਫਾਈਲਾਂ ਨੂੰ ਵਾਪਸ ਮੋੜਨ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਉਸ ਨੇ ਫਾਈਲਾਂ ਵਾਪਸ ਨਹੀਂ ਕੀਤੀਆਂ, ਜਿਸ ਉਪਰੰਤ ਹੁਣ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਇਨ੍ਹਾਂ 23 ਸਕੀਮਾਂ ਦੇ 120 ਪਲਾਟਾਂ, ਐੱਸ. ਸੀ. ਓਜ਼ ਅਤੇ ਬੂਥ ਨੰਬਰਾਂ ਸਬੰਧੀ ਫਾਈਲਾਂ ਦੀ ਲਿਸਟ ਸੀ. ਪੀ. ਨੂੰ ਭੇਜੀ
1. ਰਿਸ਼ੀ ਨਗਰ 143.56 ਏਕੜ ਸਕੀਮ ’ਚ ਪਲਾਟ, ਫਲੈਟ, ਬੂਥ ਅਤੇ ਐੱਸ. ਸੀ. ਓ. ਜਿਨ੍ਹਾਂ ਦੇ ਨੰਬਰ 1359, 811, 816 ਅਤੇ 1400 ਸ਼ਾਮਲ ਹਨ।
2. ਵਿਜੇ ਨਗਰ 22.5 ਏਕੜ ਸਕੀਮ ਵਿਚ ਪਲਾਟ, ਫਲੈਟ, ਬੂਥ ਅਤੇ ਐੱਸ. ਸੀ. ਓ. ਜਿਨ੍ਹਾਂ ਦੇ ਨੰਬਰ 101 ਤੇ 67 ਹਨ।
3. ਗੋਪਾਲ ਨਗਰ 31.78 ਏਕੜ ਸਕੀਮ ਵਿਚ ਪਲਾਟ, ਫਲੈਟ, ਬੂਥ ਜਾਂ ਐੱਸ. ਸੀ. ਓ. ਜਿਨ੍ਹਾਂ ਦੇ ਨੰਬਰ 6 ਤੇ 8 ਦੀਆਂ ਫਾਈਲਾਂ ਸ਼ਾਮਲ ਹਨ।
4. ਗੋਪਾਲ ਨਗਰ 31.66 ਏਕੜ ਸਕੀਮ ’ਚ ਪਲਾਟ, ਫਲੈਟ, ਬੂਥ ਜਾਂ ਐੱਸ. ਸੀ. ਓ. ਜਿਨ੍ਹਾਂ ਦੇ ਨੰਬਰ 69 ਅਤੇ 70 ਦਾ ਜ਼ਿਕਰ ਹੈ।
5. ਭਗਤ ਸਿੰਘ ਕਾਲੋਨੀ 26.8 ਏਕੜ ਸਕੀਮ ਦੇ ਫਲੈਟਾਂ ’ਚ 197, 195, 298, 178, 484, 97, 157, 57, 489, 490, 15 ਜੀ. ਐੱਫ਼., 72, 83, 206, 338, 445, 89, 27, 8, 85, 289, 249, ਐੱਸ. ਸੀ. ਐੱਫ਼.-4, 5 ਬੂਥ ਨੰਬਰ ਸ਼ਾਮਲ ਹਨ।
6. ਭਾਈ ਦਿੱਤ ਸਿੰਘ ਨਗਰ, ਢੰਨ ਮੁਹੱਲਾ 14.5 ਏਕੜ ਸਕੀਮ ਵਿਚ 114, 240, 241, 195, 235, 237, 238, 239 ਨੰਬਰ ਪਲਾਟ ਸ਼ਾਮਲ ਹਨ।
7. ਪੁਲਸ ਲਾਈਨ 14 ਏਕੜ 18, 30, 31 ਦੇ ਪਲਾਟ ਨੰਬਰ ਸ਼ਾਮਲ ਹਨ।
8. ਸ਼ਹੀਦ ਊਧਮ ਸਿੰਘ ਨਗਰ 84.87 ਏਕੜ ਵਿਚ 137, 138, 59, 337 ਫਲੈਟ ਨੰਬਰ, 15/ਏ/1 ਅਤੇ 147/1, 171/1, 220/2, 195/1, 220/1, 155/1
9. ਗੁਰੂ ਰਵਿਦਾਸ ਨਗਰ 13.37 ਏਕੜ ਸਕੀਮ 3, 9, 120, 74
10. ਬੰਦਾ ਬਹਾਦਰ ਨਗਰ 18 ਏਕੜ ਸਕੀਮ ਵਿਚ 129, 143, 160
11. ਸ਼ਕਤੀ ਨਗਰ 23 ਏਕੜ ਸਕੀਮ ਵਿਚ 97 ਨੰਬਰ ਪਲਾਟ।
12. ਗੁਰੂ ਅਮਰਦਾਸ ਨਗਰ 51.5 ਏਕੜ ਸਕੀਮ ਵਿਚ ਫਲੈਟ ਨੰਬਰ 25 ਐੱਸ. ਐੱਫ.।
13. ਗੁਜਰਾਲ ਨਗਰ 25 ਏਕੜ ’ਚ 23, 65, 202
14. ਮਾਸਟਰ ਤਾਰਾ ਸਿੰਘ ਨਗਰ 55 ਏਕੜ ’ਚ 42, 100, 174 ਤੋਂ ਇਲਾਵਾ ਬੂਥ ਨੰਬਰ 133 ਸ਼ਾਮਲ ਹਨ।
15. ਲਾਜਪਤ ਨਗਰ 73.5 ਏਕੜ ਸਕੀਮ ਵਿਚ 264,34, 281, 31, 37, 291, 169, 295 ਅਤੇ 334 ਤੋਂ ਇਲਾਵਾ ਐੱਸ. ਸੀ. ਐੱਫ. ਨੰਬਰ 405 ਸ਼ਾਮਲ ਹਨ।
16. ਟਰਾਂਸਪੋਰਟ ਨਗਰ 74.9 ਏਕੜ ਸਕੀਮ ’ਚ 28, 29, 203, 93, 111, 65, 109, 110, 297, 294, 161, 230, 168, 235, 139 ਅਤੇ 241 ਨੰਬਰ ਦਾ ਜ਼ਿਕਰ ਹੈ।
17. ਗੁਰੂ ਗੋਬਿੰਦ ਸਿੰਘ ਐਵੇਨਿਊ 94.5 ਏਕੜ ਸਕੀਮ ਦੀਆਂ ਗੁੰਮ ਹੋਈਆਂ ਫਾਈਲਾਂ ਵਿਚ 117,114, 581 ਅਤੇ 568 ਨੰਬਰ ਸ਼ਾਮਲ ਹਨ।
18. ਸਰਸਵਤੀ ਵਿਹਾਰ 10.85 ਏਕੜ ਸਕੀਮ ਦੇ 4 ਐੱਫ. ਐੱਫ. ਅਤੇ 14 ਐੱਫ. ਐੱਫ.।
19. ਗੁਰੂ ਤੇਗ ਬਹਾਦਰ ਨਗਰ 110 ਏਕੜ ਸਕੀਮ ’ਚ 309-ਏ, 575, 579, 661, 404, 708-ਏ ਨੰਬਰ ਦੇ ਪਲਾਟ ਸ਼ਾਮਲ ਹਨ।
20. ਰਾਜਿੰਦਰ ਨਗਰ 12.36 ਏਕੜ ਸਕੀਮ ਦੀਆਂ ਫਾਈਲਾਂ ’ਚ 5, 20, 85 ਨੰਬਰ ਸ਼ਾਮਲ ਹਨ।
21. ਆਦਰਸ਼ ਨਗਰ 79.0 ਏਕੜ ਸਕੀਮ ਦੀ 192, 333, 353 ਨੰਬਰ ਦੀ ਫਾਈਲ ਗੁੰਮ ਹੈ।
22. ਕੀਰਤੀ ਨਗਰ 8.0 ਏਕੜ ਸਕੀਮ ਵਿਚ 89 ਅਤੇ 93 ਨੰਬਰ ਦੀਆਂ ਫਾਈਲਾਂ ਗੁੰਮ ਹਨ।
23. ਮੇਜਰ ਰਮਨ ਦਾਦਾ ਨਗਰ 3.71 ਏਕੜ ਸਕੀਮ ਦੀ 105 ਅਤੇ 112 ਨੰਬਰ ਦੀ ਫਾਈਲ ਦੇ ਗੁੰਮ ਹੋਣ ਦਾ ਜ਼ਿਕਰ ਹੈ।

ਇਹ ਵੀ ਪੜ੍ਹੋ:  ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ

ਅਜੈ ਮਲਹੋਤਰਾ ਨੇ ਦੁਪਹਿਰ ਬਾਅਦ ਅਚਾਨਕ ਗੁੰਮ ਫਾਈਲਾਂ ਦਾ ਜਿੰਨ ਬੋਤਲ ’ਚੋਂ ਕੱਢਿਆ ਬਾਹਰ
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਵੱਲੋਂ ਟਰੱਸਟ ਦੀਆਂ ਸਕੀਮਾਂ ਨਾਲ ਸਬੰਧਤ ਫਾਈਲਾਂ ਅਤੇ ਹੋਰ ਰਿਕਾਰਡ ਦੇ ਗੁੰਮ ਹੋਣ ਸਬੰਧੀ ਸੀ. ਪੀ. ਨੂੰ ਚਿੱਠੀ ਲਿਖਣ ਤੋਂ ਬਾਅਦ ਦੁਪਹਿਰੇ ਫਾਈਲਾਂ ਦਾ ਜਿੰਨ ਉਸ ਸਮੇਂ ਅਚਾਨਕ ਬੋਤਲ ਵਿਚੋਂ ਬਾਹਰ ਆ ਗਿਆ, ਜਦੋਂ ਸੀਨੀਅਰ ਸਹਾਇਕ ਅਜੈ ਮਲਹੋਤਰਾ ਨੇ ਰਿਕਾਰਡ ਰੂਮ ਵਿਚ ਪਹੁੰਚ ਕੇ ਗੁੰਮ ਹੋਈਆਂ ਫਾਈਲਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਲਹੋਤਰਾ ਨੇ ਦਾਅਵਾ ਕੀਤਾ ਕਿ ਸਾਰਾ ਰਿਕਾਰਡ, ਰਿਕਾਰਡ ਰੂਮ ਦੇ ਅੰਦਰ ਹੀ ਪਿਆ ਸੀ ਪਰ ਜਾਣਬੁੱਝ ਕੇ ਟਰੱਸਟ ਦੇ ਰਿਕਾਰਡ ਵਿਚ ਉਨ੍ਹਾਂ ਦੇ ਨਾਂ ’ਤੇ ਫਾਈਲਾਂ ਚੜ੍ਹੀਆਂ ਹੋਣ ਦੀ ਸੂਚੀ ਬਣਾਈ ਗਈ ਹੈ। ਉਸਨੇ ਦੱਸਿਆ ਕਿ 30 ਦੇ ਲਗਭਗ ਫਾਈਲਾਂ ਸੀ. ਵੀ. ਓ. ਨਾਲ ਲੈ ਗਏ ਹਨ ਜਾਂ ਉਨ੍ਹਾਂ ਨੂੰ ਪਹੁੰਚਾਈਆਂ ਜਾ ਚੁੱਕੀਆਂ ਹਨ। ਮਲਹੋਤਰਾ ਨੇ ਦਾਅਵਾ ਕੀਤਾ ਕਿ ਟਰੱਸਟ ਨੇ ਫਾਈਲਾਂ ਪ੍ਰਾਪਤ ਕਰਨ ਸਬੰਧੀ ਨਾ ਤਾਂ ਉਸ ਨੂੰ ਕੋਈ ਨੋਟਿਸ ਦਿੱਤਾ ਅਤੇ ਨਾ ਹੀ ਫਾਈਲਾਂ ਬਾਰੇ ਈ. ਓ. ਨੇ ਕੋਈ ਗੱਲ ਕੀਤੀ ਹੈ। ਹੁਣ ਇਸ ਸਾਰੇ ਮਾਮਲੇ ਵਿਚ ਆਏ ਨਵੇਂ ਮੋੜ ਤੋਂ ਬਾਅਦ ਇਹ ਗੰਭੀਰ ਜਾਂਚ ਦਾ ਵਿਸ਼ਾ ਬਣ ਗਿਆ ਹੈ ਕਿ ਜੇਕਰ ਫਾਈਲਾਂ ਗੁੰਮ ਸਨ ਤਾਂ ਟਰੱਸਟ ਦੇ ਰਿਕਾਰਡ ਰੂਮ ਵਿਚ ਵਾਪਸ ਕਿਵੇਂ ਪਹੁੰਚੀਆਂ? ਜੇਕਰ ਫਾਈਲਾਂ ਰਿਕਾਰਡ ਰੂਮ ਵਿਚ ਹੀ ਸਨ, ਉਨ੍ਹਾਂ ਨੂੰ ਪਹਿਲਾਂ ਲੱਭਿਆ ਕਿਉਂ ਨਹੀਂ ਗਿਆ? ਹੁਣ ਮਿਲਣ ਵਾਲੀ ਹਰੇਕ ਫਾਈਲ ਵਿਚ ਸ਼ਾਮਲ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਸਾਰੇ ਮਾਮਲੇ ਤੋਂ ਪਰਦਾ ਉੱਠ ਸਕੇਗਾ ਕਿ ਆਖਿਰ ਇਸ ਰਿਕਾਰਡ ਨੂੰ ਲੁਕਾਉਣ ਦੇ ਕਾਰਨਾਂ ਪਿੱਛੇ ਕੀ ਮਨਸ਼ਾ ਰਹੀ ਹੋਵੇਗੀ?

ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News