ਸਕਾਲਰਸ਼ਿਪ ਦਾ ਲਾਭ ਦੇਣ ਤੋਂ ਮਨ੍ਹਾ ਕਰਨ ਵਾਲੀਆਂ ਸਿੱਖਿਆ ਸੰਸਥਾਵਾਂ ''ਤੇ ਹੋਵੇਗੀ ਸਖ਼ਤ ਕਾਰਵਾਈ: ਡੀ. ਸੀ.

10/21/2020 11:24:04 AM

ਜਲੰਧਰ (ਚੋਪੜਾ)— ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਨੂੰ ਲਾਭ ਦੇਣ ਤੋਂ ਇਨਕਾਰ ਕਰਨ ਵਾਲੀਆਂ ਸਿੱਖਿਆ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਕਤ ਚਿਤਾਵਨੀ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪ੍ਰਸ਼ਾਸਕੀ ਕੰਪਲੈਕਸ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਨ ਲਈ ਸਮੀਖਿਆ ਕਰਨ ਵਾਸਤੇ ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀ ਸੰਗਠਨਾਂ ਦ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਿਦੱਤੀ। ਇਸ ਦੌਰਾਨ ਮੀਟਿੰਗ 'ਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਦਲਿਤ ਵਿਦਿਆਰਥੀਆਂ ਨੂੰ ਸਕੀਮ ਸਬੰਧੀ ਆ ਰਹੀਆਂ ਪਰੇਸ਼ਾਨੀਆਂ ਅਤੇ ਕਾਲਜ ਪ੍ਰਬੰਧਕਾਂ ਦੀ ਗੱਲ ਨੂੰ ਵਿਸਥਾਰ ਨਾਲ ਸੁਣਿਆ। ਉਨ੍ਹਾਂ ਪੰਜਾਬ ਸਰਕਾਰ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਵਚਨਬੱਧਤਾ ਨੂੰ ਦੋਹਰਾਉਂਦੇ ਕਿਹਾ ਕਿ ਇਹ ਸਕਾਲਰਸ਼ਿਪ ਸਕੀਮ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਕਿਸੇ ਕਿਸਮ ਦਾ ਦਾਨ ਨਹੀਂ ਹੈ, ਸਗੋਂ ਉਨ੍ਹਾਂ ਦਾ ਅਧਿਕਾਰ ਹੈ। ਸਿੱਖਿਆ ਸੰਸਥਾਵਾਂ ਨੂੰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ. ਸੀ. ਪੀ. ਨਰੇਸ਼ ਡੋਗਰਾ, ਐਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐੱਸ. ਡੀ. ਐੱਮ.ਰਾਹੁਲ ਸਿੰਧੂ ਅਤੇ ਡਾ. ਜੈਇੰਦਰ ਸਿੰਘ ਵੀ ਮੌਜੂਦ ਸਨ।

ਇਹ ਵੀ  ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ

ਏ. ਡੀ. ਸੀ. ਦੀ ਅਗਵਾਈ 'ਚ 4 ਮੈਂਬਰੀ ਕਮੇਟੀ ਡਿਗਰੀਆਂ ਰੋਕਣ ਤੇ ਬਲੈਂਕ ਚੈੱਕ ਲੈਣ ਦੇ ਮਾਮਲਿਆਂ ਦੀ ਕਰੇਗੀ ਜਾਂਚ
ਡਿਪਟੀ ਕਮਿਸ਼ਨਰ ਨੂੰ ਦਲਿਤ ਵਿਦਿਆਰਥੀਆਂ ਨੇ ਕਿਹਾ ਕਿ ਕੁਝ ਕਾਲਜ ਪ੍ਰਬੰਧਕਾਂ ਨੇ ਫੀਸ ਲੈਣ ਲਈ 3 ਸਾਲਾਂ ਤੋਂ ਦਲਿਤ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕੀਆਂ ਹੋਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਬਲੈਂਕ (ਖਾਲੀ) ਚੈੱਕ ਲਏ ਹੋਏ ਹਨ, ਜਿਨ੍ਹਾਂ ਨਾਲ ਵਿਦਿਆਰਥੀਆਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਹੈ।

ਇਸ 'ਤੇ ਡਿਪਟੀ ਕਮਿਸ਼ਨਰ ਨੇ ਮੀਟਿੰਗ 'ਚ ਡਿਗਰੀਆਂ ਰੋਕਣ, ਬਲੈਂਕ ਚੈੱਕ ਲੈਣ ਸਮੇਤ ਵਿਦਿਆਰਥੀਆਂ ਵੱਲੋਂ ਉਠਾਏ ਸਮੁੱਚੇ ਮੁੱਦਿਆਂ ਦਾ ਨਿਪਟਾਰਾ ਕਰਨ ਲਈ ਏ. ਡੀ. ਸੀ. ਜਸਬੀਰ ਸਿੰਘ ਦੀ ਅਗਵਾਈ 'ਚ 4 ਮੈਂਬਰੀ ਕਮੇਟੀ ਬਣਾਈ, ਜਿਹੜੀ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਕੇ ਸਮੁੱਚੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੇਗੀ। ਇਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਕਮੇਟੀ ਵਿਚ ਐੱਸ. ਡੀ. ਐੱਮ., ਸਹਾਇਕ ਕਮਿਸ਼ਨਰ ਪੁਲਸ, ਜ਼ਿਲਾ ਭਲਾਈ ਅਧਿਕਾਰੀ ਅਤੇ ਤਹਿਸੀਲ ਭਲਾਈ ਅਧਿਕਾਰੀ ਸ਼ਾਮਲ ਹੋਣਗੇ।

ਇਹ ਵੀ  ਪੜ੍ਹੋ: ਧਾਰਮਿਕ ਡੇਰੇ 'ਤੇ ਬੈਠੇ ਭਰਾ ਖ਼ਿਲਾਫ਼ ਭੈਣ ਨੇ ਛੇੜੀ ਜੰਗ, ਅਫ਼ੀਮ ਖਾ ਕੇ ਪਾਠ ਕਰਨ ਦਾ ਲਾਇਆ ਦੋਸ਼

ਕਾਲਜ ਪ੍ਰਬੰਧਕ ਨਾਲ ਗਰਮਾ-ਗਰਮ ਬਹਿਸ ਤੋਂ ਬਾਅਦ ਦਲਿਤ ਵਿਦਿਆਰਥੀਆਂ ਨੇ ਕੀਤਾ ਮੀਟਿੰਗ ਦਾ ਬਾਈਕਾਟ
ਜ਼ਿਲ੍ਹਾ ਪ੍ਰਸ਼ਾਸਨ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਬੰਧੀ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੇ ਦਲਿਤ ਵਿਦਿਆਰਥੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਅਤੇ ਉਨ੍ਹਾਂ ਦੀਆਂ ਦਿੱਕਤਾਂ ਦਾ ਨਿਪਟਾਰਾ ਕਰਨ ਲਈ ਵੱਖ-ਵੱਖ ਕਾਲਜ ਪ੍ਰਬੰਧਕਾਂ ਨਾਲ ਇਕ ਸਾਂਝੀ ਮੀਟਿੰਗ ਕੀਤੀ। 2 ਘੰਟੇ ਚੱਲੀ ਇਸ ਮੀਟਿੰਗ ਵਿਚ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਖੂਬ ਦੋਸ਼ ਲਾਏ ਪਰ ਇਕ ਕਾਲਜ ਪ੍ਰਿੰਸੀਪਲ ਵੱਲੋਂ ਕਹੇ ਕੁਝ ਸ਼ਬਦਾਂ 'ਤੇ ਵਿਦਿਆਰਥੀ ਭੜਕ ਉਠੇ ਅਤੇ ਦੋਵਾਂ ਧਿਰਾਂ 'ਚ ਗਰਮਾ-ਗਰਮ ਬਹਿਸ ਵੀ ਹੋਈ। ਉਪਰੰਤ ਭੜਕੇ ਵਿਦਿਆਰਥੀ ਮੀਟਿੰਗ ਦਾ ਬਾਈਕਾਟ ਕਰ ਕੇ ਹਾਲ 'ਚੋਂ ਬਾਹਰ ਚਲੇ ਗਏ। ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ 'ਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਅਤੇ ਜਾਤੀ-ਸੂਚਕ ਸ਼ਬਦ ਕਹਿਣ ਦੇ ਦੋਸ਼ ਲਾਏ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ  ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

shivani attri

This news is Content Editor shivani attri