ਡਿਪਟੀ ਕਮਿਸ਼ਨਰ ਵਲੋਂ ਮੰਡ ਇੰਦਰਪੁਰ ਦੇ ਲੋਕਾਂ ਨੂੰ ਰਾਹਤ ਕੈਂਪ ''ਚ ਪਹੁੰਚਣ ਦੀ ਕੀਤੀ ਅਪੀਲ

08/18/2019 9:52:34 PM

ਸੁਲਤਾਨਪੁਰ ਲੋਧੀ (ਸੋਢੀ)-ਪਹਾੜੀ ਅਤੇ ਮੈਦਾਨੀ ਖੇਤਰਾਂ ਵਿਚ ਪਏ ਭਾਰੀ ਮੀਂਹ ਕਰਕੇ ਦਰਿਆਵਾਂ ਵਿਚ ਪਾਣੀ ਛੱਡੇ ਜਾਣ ਕਾਰਨ ਸੂਬੇ ਵਿਚ ਪੈਦਾ ਹੋਈ ਹੜਾਂ ਵਰਗੀ ਸਥਿਤੀ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਅਤੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਦਰਿਆ ਨਾਲ ਲੱਗਦੀਆਂ ਨਾਜ਼ੁਕ ਥਾਵਾਂ ਦਾ ਦੌਰਾ ਕਰਕੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਡੇਰਾ ਹਰੀ ਸਿੰਘ, ਮੰਡ ਬਾਊਪੁਰ, ਆਹਲੀ ਕਲਾਂ, ਭਰੋਆਣਾ ਅਤੇ ਮੰਡ ਇੰਦਰਪੁਰ ਦਾ ਤੂਫ਼ਾਨੀ ਦੌਰਾ ਕਰਕੇ ਉਥੋਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਹੰਗਾਮੀ ਸਥਿਤੀ ਮੌਕੇ ਉਨਾਂ ਲਈ ਹਰੇਕ ਤਰਾਂ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਉਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨਾਂ ਕਿਹਾ ਕਿ ਬਿਆਸ ਦਰਿਆ ਦੇ ਪਾਣੀ ਦੇ ਪੱਧਰ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਅਤੇ ਵਿਧਾਇਕ ਚੀਮਾ ਨੇ ਦੱਸਿਆ ਕਿ ਲੋਕਾਂ ਲਈ ਹਰੇਕ ਤਰਾਂ ਦੀਆਂ ਸੁਵਿਧਾਵਾਂ ਦਾ ਅਗਾਊਂ ਪ੍ਰਬੰਧ ਕਰ ਦਿੱਤਾ ਗਿਆ ਹੈ, ਜਿਨਾਂ ਵਿਚ ਰਾਸ਼ਨ, ਮੈਡੀਕਲ ਸਹੂਲਤਾਂ, ਦਵਾਈਆਂ, ਸੁਰੱਖਿਆ, ਪਸ਼ੂਆਂ ਲਈ ਚਾਰਾ ਆਦਿ ਸ਼ਾਮਿਲ ਹਨ। ਲੋਕਾਂ ਦੀ ਮੰਗ 'ਤੇ ਉਨਾਂ ਮੌਕੇ 'ਤੇ ਹੀ ਸੈਨਾ ਦੇ ਅਧਿਕਾਰੀਆਂ ਨੂੰ ਪਲਟੂਨ ਪੁਲ ਅਤੇ ਭਰੋਆਣਾ ਲਈ ਮੋਟਰ ਬੋਟਾਂ ਦੇ ਫੌਰਨ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਨਾਜ਼ੁਕ ਪਿੰਡਾਂ ਵਿਚ ਅਗਲੇ ਦਸ ਦਿਨਾਂ ਲਈ ਡਾਕਟਰਾਂ ਅਤੇ ਵੈਟਰਨਰੀ ਡਾਕਟਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਮੰਡ ਇੰਦਰਪੁਰ ਵਿਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਉਨਾਂ ਉਥੋਂ ਦੇ ਲੋਕਾਂ ਨੂੰ ਭਰੋਆਣਾ ਰਾਹਤ ਕੈਂਪ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਦੌਰਾਨ ਉਨਾਂ ਦਰਿਆ ਨਾਲ ਲੱਗਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨਾਂ ਦੇ ਹੱਲ ਦਾ ਭਰੋਸਾ ਦਿਵਾਇਆ। ਉਨਾਂ ਅਧਿਕਾਰੀਆਂ ਨੂੰ ਵੀ ਪੂਰੀ ਤਰਾਂ ਨਾਲ ਚੌਕਸ ਰਹਿਣ ਅਤੇ ਸੌਂਪੀਆਂ ਗਈਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਡੀ. ਐਸ. ਪੀ. ਡਾ. ਮੁਕੇਸ਼ ਤੇ ਸ. ਸਰਵਨ ਸਿੰਘ ਬੱਲ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਤਹਿਸੀਲਦਾਰ ਸੁਲਤਾਨਪੁਰ ਲੋਧੀ ਸ੍ਰੀਮਤੀ ਸੀਮਾ ਸਿੰਘ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਐਕਸੀਅਨ ਸ੍ਰੀ ਵਰਿੰਦਰ ਕੁਮਾਰ, ਡਰੇਨੇਜ ਵਿਭਾਗ ਦੇ ਐਸ. ਡੀ. ਓ ਸ੍ਰੀ ਕਮਲਜੀਤ ਸਿੰਘ, ਐਸ. ਡੀ. ਓ ਬਲਬੀਰ ਸਿੰਘ, ਮੇਜਰ ਰੋਹਿਤ ਸੇਠੀ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਗੁਰਪ੍ਰਤਾਪ ਸਿੰਘ ਗਿੱਲ, ਐਸ. ਐਚ. ਓ ਸ. ਗਿਆਨ ਸਿੰਘ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ. ਪਰਵਿੰਦਰ ਸਿੰਘ ਪੱਪਾ, ਸੰਮਤੀ ਮੈਂਬਰ ਸ. ਹਰਜਿੰਦਰ ਸਿੰਘ ਤਕੀਆ, ਸ. ਪਰਮਜੀਤ ਸਿੰਘ ਬਾਊਪੁਰ, ਸ. ਗੁਰਪ੍ਰੀਤ ਸਿੰਘ ਫ਼ੌਜੀ ਕਲੋਨੀ, ਸ੍ਰੀ ਰਾਜੂ ਢਿੱਲੋਂ, ਸ੍ਰੀ ਬਲਜਿੰਦਰ ਸਿੰਘ, ਸ. ਜਸਪਾਲ ਸਿੰਘ ਠੇਕੇਦਾਰ, ਸ. ਹਰਨੇਕ ਸਿੰਘ ਵਿਰਦੀ, ਸ. ਲਾਭ ਸਿੰਘ ਧੰਜੂ, ਸ. ਬਲਦੇਵ ਸਿੰਘ ਮੰਗਾ, ਡਾ. ਜਸਬੀਰ ਸਿੰਘ ਤਰਫਹਾਜੀ, ਸੈਕਟਰੀ ਕੁਲਵਿੰਦਰ ਸਿੰਘ, ਸ. ਕਾਬਲ ਸਿੰਘ, ਸ. ਕੁਲਵੰਤ ਸਿੰਘ, ਸ. ਅਮਰਜੀਤ ਸਿੰਘ, ਸ. ਮਿਲਖਾ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਉਨਾਂ ਦੇ ਨਾਲ ਸਨ।

Karan Kumar

This news is Content Editor Karan Kumar