ਛੋਟੇ ਤੇ ਲਘੂ ਉਦਯੋਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਫੈਸੀਲੀਟੇਸ਼ਨ ਕੌਂਸਲ ਵਚਨਬੱਧ : ਅਪਨੀਤ ਰਿਆਤ

11/18/2020 10:43:36 PM

ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਮਾਈਲੂਕ੍ਰੋ ਅਤੇ ਸਮਾਲ ਇੰਟਰਪ੍ਰਾਈਜ਼ਜ਼ ਫੈਸੀਲੀਟੇਸ਼ਨ ਕੌਂਸਲ ਅਪਨੀਤ ਰਿਆਤ ਨੇ ਕਿਹਾ ਕਿ ਬਿਜਨੈਸ ਫਾਸਟ ਪੋਰਟਲ ਸ਼ੁਰੂ ਕਰਕੇ ਪੰਜਾਬ ਸਰਕਾਰ ਵਲੋਂ ਜਿਥੇ ਉਦਯੋਗਾਂ ਨੂੰ ਇਕ ਹੀ ਛੱਤ ਹੇਠਾਂ ਸੁਵਿਧਾਵਾਂ ਮੁਹੱਈਆ ਕਰਵਾ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਥੇ ਸਰਕਾਰ ਵਲੋਂ ਜ਼ਿਲ੍ਹਾ ਪੱਧਰ ’ਤੇ ਮਾਈਲੂਕ੍ਰੋ ਅਤੇ ਸਮਾਲ ਇੰਟਰਪ੍ਰਾਈਜ਼ਜ ਫੈਸੀਲੀਟੇਸ਼ਨ ਕੌਂਸਲ ਸਥਾਪਿਤ ਕਰਕੇ ਛੋਟੇ ਅਤੇ ਲਘੂ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਜ਼ਿਲ੍ਹਾ ਪੱਧਰ ’ਤੇ ਹੱਲ ਕਰਵਾਇਆ ਜਾ ਰਿਹਾ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫੈਸੀਲੀਟੇਸ਼ਨ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਂਸਲ ਦੇ ਸਾਹਮਣੇ ਅੱਜ ਦੇਰੀ ਨਾਲ ਭੁਗਤਾਨ ਦੇ 8 ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚੋਂ 3 ਮਾਮਲਿਆਂ ਵਿੱਚ 13,74,606 ਰੁਪਏ ਦਾ ਭੁਗਤਾਨ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਸੁਲਝਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਲਘੂ ਅਤੇ ਛੋਟੇ ਉਦਯੋਗਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ-ਕਮ-ਮੈਂਬਰ ਸਕੱਤਰ ਨਾਲ ਸੰਪਰਕ ਕਰਕੇ ਆਪਣੀ ਸ਼ਿਕਾਇਤ ਕੌਂਸਲ ਨੂੰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੌਂਸਲ ਵਿੱਚ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਤੋਂ ਇਲਾਵਾ ਜ਼ਿਲ੍ਹੇ ਦੇ 2 ਉਦਯੋਗਪਤੀਆਂ ਨੂੰ ਵੀ ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਮਾਈਲੂਕ੍ਰੋ ਅਤੇ ਸਮਾਲ ਇੰਟਰਪ੍ਰਾਈਜ਼ਜ ਫੈਸੀਲੀਟੇਸ਼ਨ ਕੌਂਸਲ ਬਾਰੇ ਉਦਯੋਗਪਤੀਆਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਇਸ ਦੌਰਾਨ ਬਿਜਨੈਸ ਫਸਟ ਪੋਰਟਲ ਸਬੰਧੀ ਜਾਣਕਾਰੀ ਦਿੰਦੇ ਹੋੲ ਅਪਨੀਤ ਰਿਆਤ ਨੇ ਕਿਹਾ ਕਿ ਸੂਬੇ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਨਿਵੇਸ਼ਕਾਂ ਨੂੰ ਇਕ ਵਧੀਆ ਮਾਹੌਲ ਦੇਣ ਵਿੱਚ ਬਿਜਨੈਸ ਫਸਟ ਪੋਰਟਲ ਦੇ ਸਕਰਾਤਮਕ ਨਤੀਜੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਨੈਸ ਫਸਟ ਪੋਰਟਲ ਨਿਵੇਸ਼ਕਾਂ ਦੀ ਮਦਦ ਲਈ ਦੇਸ਼ ਵਿੱਚ ਕਿਸੇ ਵੀ ਸੂਬੇ ਦੁਆਰਾ ਸ਼ੁਰੂ ਕੀਤਾ ਜਾਣ ਵਾਲਾ ਪਹਿਲਾ ਪੋਰਟਲ ਹੈ। ਉਨ੍ਹਾਂ ਦੱਸਿਆ ਕਿ ਪੋਰਟਲ ਰਾਹੀਂ ਨਿਵੇਸ਼ਕ ਆਪਣੀ ਇਕਾਈ ਨੂੰ ਰਜਿਸਟਰਡ ਕਰਨ ਲਈ ਉਪਲਬੱਧ ਸੁਵਿਧਾਵਾਂ ਦੇਣ ਲਈ ਸਵੈ ਅਪਲਾਈ ਕਰ ਸਕਦਾ ਹੈ ਅਤੇ ਉਸ ਨੂੰ ਸਮੁੱਚੀ ਕਲੀਅਰੈਂਸ ਆਨਲਾਈਨ ਹੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਪੋਰਟਲ ਵਿੱਚ ਆਨਲਾਈਨ ਫੀਸਾਂ ਦੇ ਭੁਗਤਾਨ, ਤੀਸਰੀ ਧਿਰ ਦੀ ਵੈਰੀਫਿਕੇਸ਼ਨ ਅਤੇ ਐਪਲੀਕੇਸ਼ਨ ਟਰੈਕਿੰਗ ਦੀਆਂ ਸੁਵਿਧਾਵਾਂ ਵੀ ਉਪਲਬੱਧ ਹਨ। ਇਸ ਮੌਕੇ ਲੀਡ ਬੈਂਕ ਮੈਨੇਜਰ ਆਰ.ਕੇ. ਚੋਪੜਾ, ਕੌਂਸਲ ਦੇ ਮੈਂਬਰ ਗੁਰਬਖਸ਼ ਸਿੰਘ ਧੀਰ, ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ ਅਮਰਜੀਤ ਸਿੰਘ, ਫੰਕਸ਼ਨ ਮੈਨੇਜਰ ਅਰੁਣ ਕੁਮਾਰ ਵੀ ਮੌਜੂਦ ਸਨ।


Deepak Kumar

Content Editor

Related News