ਭੁਲੱਥ ਵਿਚ ਡੇਂਗੂ ਨੇ ਮਚਾਇਆ ਕਹਿਰ, 16 ਨਵੇਂ ਕੇਸਾਂ ਦੀ ਹੋਈ ਪੁਸ਼ਟੀ

09/26/2021 2:39:07 PM

ਭੁਲੱਥ (ਰਜਿੰਦਰ)- ਡੇਂਗੂ ਮੱਛਰ ਨੇ ਭੁਲੱਥ ਸ਼ਹਿਰ ’ਚ ਕਹਿਰ ਮਚਾਇਆ ਹੋਇਆ ਹੈ ਅਤੇ ਹਾਲ ਹੀ ’ਚ ਭੁਲੱਥ ’ਚ ਡੇਂਗੂ ਦੇ 16 ਨਵੇਂ ਕੇਸ ਸਾਹਮਣੇ ਆਏ ਹਨ। ਆਏ ਦਿਨ ਸ਼ਹਿਰ ’ਚ ਵਧ ਰਹੇ ਡੇਂਗੂ ਮਰੀਜ਼ਾਂ ਦੀ ਗਿਣਤੀ ਨੂੰ ਵੇਖ ਕੇ ਇੰਝ ਜਾਪ ਰਿਹਾ ਹੈ ਕਿ ਭੁਲੱਥ ਸ਼ਹਿਰ ’ਚ ਡੇਂਗੂ ਦਾ ਡੰਗ ਤੇਜ਼ ਹੋ ਚੁੱਕਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਤੋਂ ਭੁਲੱਥ ਸ਼ਹਿਰ ’ਚ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹੁਣ ਆਏ ਦਿਨ ਨਵੇਂ ਕੇਸ ਆਉਣ ਕਰ ਕੇ ਸਿਹਤ ਮਹਿਕਮੇ ਦੀ ਸਿਰਦਰਦੀ ਵੀ ਵੱਧ ਚੁੱਕੀ ਹੈ। ਇਥੇ ਜੇਕਰ ਸ਼ਹਿਰ ’ਚ ਡੇਂਗੂ ਦੇ ਕੇਸਾਂ ਦਾ ਜ਼ਿਕਰ ਕਰੀਏ ਤਾਂ ਹਾਲੇ ਪਿਛਲੇ ਦਿਨੀਂ ਹੀ 6 ਨਵੇਂ ਕੇਸ ਸਾਹਮਣੇ ਆਏ ਸਨ ਤੇ ਉਸ ਤੋਂ ਪਹਿਲਾਂ 4 ਕੇਸ ਤੇ ਇਸ ਤੋਂ ਪਹਿਲਾਂ ਇਕ ਬਜ਼ੁਰਗ ਵਿਅਕਤੀ ਡੇਂਗੂ ਪਾਜ਼ੇਟਿਵ ਪਾਇਆ ਗਿਆ ਸੀ ਪਰ ਹੁਣ ਆਈ ਰਿਪੋਰਟ ’ਚ ਇਕੋ ਵਾਰ 16 ਨਵੇਂ ਮਰੀਜ਼ਾਂ ਦੇ ਡੇਂਗੂ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਮਹਿਕਮਾ ਵੀ ਸ਼ਸ਼ੋਪੰਜ ’ਚ ਪੈ ਗਿਆ ਹੈ ਕਿ ਇਹ ਗਿਣਤੀ ਘਟੇਗੀ ਜਾਂ ਵਧੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਅੰਕੜੇ ਕਪੂਰਥਲਾ ਦੇ ਸਿਵਲ ਹਸਪਤਾਲ ਦੀ ਪ੍ਰਮੁੱਖ ਲੈਬ ’ਚ ਹੋਏ ਡੇਂਗੂ ਟੈਸਟਾਂ ਦੇ ਹਨ, ਜਦਕਿ ਇਨ੍ਹਾਂ ਅੰਕੜਿਆਂ ਤੋਂ ਇਲਾਵਾ ਵੀ ਸ਼ਹਿਰ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਨੇ ਟਰਾਂਸਪੋਰਟ ਮਹਿਕਮੇ ’ਚ ਫੈਲੇ ਭ੍ਰਿਸ਼ਟਾਚਾਰ ਦੀ ਨਕੇਲ ਕੱਸਣ ਲਈ ਲਿਆ ਵੱਡਾ ਫ਼ੈਸਲਾ

ਇਹ ਉਹ ਮਰੀਜ਼ ਹਨ ਜੋ ਸਿਹਤ ਖ਼ਰਾਬ ਹੋਣ ਕਰਕੇ ਸਬ-ਡਿਵੀਜ਼ਨ ਹਸਪਤਾਲ ਭੁਲੱਥ ’ਚ ਨਹੀਂ ਗਏ ਸਗੋਂ ਸਿੱਧੇ ਤੌਰ ’ਤੇ ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ’ਚੋਂ ਇਲਾਜ ਕਰਵਾ ਰਹੇ ਹਨ ਅਤੇ ਇਨ੍ਹਾਂ ’ਚੋਂ ਕੁਝ ਮਰੀਜ਼ ਵੱਖ-ਵੱਖ ਹਸਪਤਾਲਾਂ ’ਚ ਵੀ ਦਾਖ਼ਲ ਹਨ। ਹੁਣ ਅਜਿਹੇ ਹਾਲਾਤਾਂ ਕਾਰਨ ਭੁਲੱਥ ਸ਼ਹਿਰ ਦੇ ਲੋਕਾਂ ’ਚ ਡੇਂਗੂ ਮੱਛਰ ਸਬੰਧੀ ਦਹਿਸ਼ਤ ਪਾਈ ਜਾ ਰਹੀ ਹੈ। ਇਸ ਸਬੰਧੀ ਜਦੋਂ ਸਬ-ਡਿਵੀਜ਼ਨ ਹਸਪਤਾਲ ਭੁਲੱਥ ਦੇ ਸੀਨੀ. ਮੈਡੀਕਲ ਅਫ਼ਸਰ ਡਾ. ਸ਼ਲਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੇਸ ਤਾਂ ਆ ਰਹੇ ਹਨ ਪਰ ਨਗਰ ਪੰਚਾਇਤ ਵੱਲੋਂ ਫੌਗਿੰਗ ਵੀ ਕਰਵਾਈ ਜਾ ਰਹੀ ਹੈ। ਦੂਜੇ ਪਾਸੇ ਇਸ ਬਾਰੇ ਗੱਲਬਾਤ ਕਰਨ ’ਤੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਨੰਦਿਕਾ ਖੁੱਲਰ ਦਾ ਕਹਿਣਾ ਹੈ ਕਿ ਭੁਲੱਥ ’ਚ ਡੇਂਗੂ ਦੇ ਕੇਸ ਆ ਰਹੇ ਹਨ ਪਰ ਸਿਹਤ ਵਿਭਾਗ ਵੀ ਆਪਣਾ ਕੰਮ ਪੂਰੀ ਮੁਸਤੈਦੀ ਨਾਲ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਅਸਤੀਫ਼ਾ ਦੇਣ ਦੇ ਬਾਅਦ ਫੁਰਸਤ ਦੇ ਪਲਾਂ ਦਾ ਕੈਪਟਨ ਮਾਣ ਰਹੇ ਆਨੰਦ, 'ਓ ਗੋਰੇ-ਗੋਰੇ ਬਾਂਕੇ ਛੋਰੇ' ਗਾਇਆ ਗੀਤ

ਦਾਣਾ ਮੰਡੀ ’ਚ ਖੜ੍ਹਾ ਪਾਣੀ ਦੇ ਰਿਹੈ ਬੀਮਾਰੀਆਂ ਨੂੰ ਸੱਦਾ, 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਝੋਨੇ ਦੀ ਸਰਕਾਰੀ ਖ਼ਰੀਦ
ਇਕ ਪਾਸੇ ਜਿਥੇ ਭੁਲੱਥ ਸ਼ਹਿਰ ’ਚ ਡੇਂਗੂ ਮੱਛਰ ਨੇ ਦਹਿਸ਼ਤ ਮਚਾਈ ਹੋਈ ਹੈ, ਉਥੇ ਹੀ ਦੂਜੇ ਪਾਸੇ ਭੁਲੱਥ ਦੀ ਪੱਕੀ ਦਾਣਾ ਮੰਡੀ ’ਚ ਖੜ੍ਹਾ ਬਾਰਿਸ਼ ਦਾ ਪਾਣੀ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਦੱਸਣਯੋਗ ਹੈ ਕਿ ਇਹ ਪਾਣੀ ਪਿਛਲੇ ਦਿਨੀਂ ਹੋਈ ਬਾਰਿਸ਼ ਦਾ ਹੈ ਜੋ ਭੁਲੱਥ ਮੰਡੀ ’ਚ ਜਾਮ ਹੋ ਚੁੱਕੇ ਨਿਕਾਸੀ ਪ੍ਰਬੰਧਾਂ ਕਰ ਕੇ ਫੜ੍ਹਾਂ ਨਾਲ ਲੱਗਦੀਆਂ ਕੁਝ ਸੜਕਾਂ ’ਤੇ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਭੁਲੱਥ ਦੀ ਪੱਕੀ ਮੰਡੀ ’ਚ 2 ਵੱਡੇ ਸ਼ੈੱਡ ਹਨ। ਇਨ੍ਹਾਂ ’ਚੋਂ ਜਿਹੜਾ ਸ਼ੈੱਡ ਪਨਸਪ ਦੇ ਗੋਦਾਮਾਂ ਨੇੜੇ ਪੈਂਦਾ ਹੈ ਉੱਥੇ ਦੀਆਂ ਸੜਕਾਂ ’ਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪ੍ਰਬੰਧ ਗੰਭੀਰ ਬਣੇ ਹੋਏ ਹਨ ਪਰ ਬਾਰਿਸ਼ ਹੋਈ ਨੂੰ 2 ਦਿਨ ਬੀਤ ਚੁੱਕੇ ਹਨ ਪਰ ਇਥੇ ਅਜੇ ਤੱਕ ਪਾਣੀ ਦੀ ਨਿਕਾਸੀ ਨਹੀਂ ਹੋਈ। ਅਜਿਹੇ ’ਚ ਇਹ ਪਾਣੀ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਕਿਉਂਕਿ ਮੌਜੂਦਾ ਮੌਸਮ ਅਨੁਸਾਰ ਜੇਕਰ ਇਕ ਜਗ੍ਹਾ ’ਤੇ ਸਾਫ ਪਾਣੀ ਜ਼ਿਆਦਾ ਦਿਨ ਖੜ੍ਹਾ ਰਹੇ ਤਾਂ ਉਥੋਂ ਡੇਂਗੂ ਮੱਛਰ ਪੈਦਾ ਹੁੰਦਾ ਹੈ ਅਤੇ ਜੇਕਰ ਗੰਦਾ ਪਾਣੀ ਖੜ੍ਹਾ ਰਹੇ ਤਾਂ ਉਹ ਵੀ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਵਰਗੀਆਂ ਸਹੂਲਤਾਂ ਮੰਗਣ ਲਈ ਛਿੜੀਆਂ ਚਰਚਾਵਾਂ ਸਬੰਧੀ ਓ. ਪੀ. ਸੋਨੀ ਨੇ ਦਿੱਤੀ ਸਫ਼ਾਈ

ਇਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੀ ਅਕਤੂਬਰ ਤੋਂ ਭੁਲੱਥ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਪਰ ਮੰਡੀ ਦੇ ਮੌਜੂਦਾ ਹਾਲਾਤਾਂ ਤੋਂ ਲੱਗਦਾ ਹੈ ਕਿ ਇਥੇ ਅਜੇ ਮੁੱਢਲੇ ਪ੍ਰਬੰਧ ਕੀਤੇ ਜਾਣੇ ਬਾਕੀ ਹਨ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਭੁਲੱਥ ਦੇ ਸਕੱਤਰ ਅਮਰਦੀਪ ਕੌੜਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਦਫਤਰ ’ਚ ਤੇ ਮੋਬਾਇਲ ’ਤੇ ਸੰਪਰਕ ਸਥਾਪਿਤ ਨਹੀਂ ਹੋ ਸਕਿਆ, ਜਦੋਂ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਕੱਤਰ ਨਾਲ ਗੱਲ ਕਰਨਗੇ ਅਤੇ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :  ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

shivani attri

This news is Content Editor shivani attri