ਦਿੱਲੀ ਦੀ ਤਰਜ਼ ’ਤੇ ਮਿਲੇਗੀ ਸ਼ਰਾਬ, ਮਹਾਨਗਰ ’ਚ 167 ਸਰਕਾਰੀ ਠੇਕੇ ਖੋਲ੍ਹਣ ਲਈ ਦੁਕਾਨਾਂ ਦੀ ਭਾਲ ਸ਼ੁਰੂ

07/03/2022 4:11:42 PM

ਜਲੰਧਰ (ਪੁਨੀਤ)–ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਖਪਤਕਾਰਾਂ ਨੂੰ ਹਮੇਸ਼ਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਠੇਕੇਦਾਰਾਂ ਦੀ ਮਨਮਰਜ਼ੀ ਅੱਗੇ ਆਮ ਖਪਤਕਾਰ ਦਾ ਕੋਈ ਵੱਸ ਨਹੀਂ ਚੱਲਦਾ। ਹੁਣ ਤਾਂ ਜਿਹੜੀ ਸਥਿਤੀ ਬਣੀ ਹੈ, ਉਸ ਨਾਲ ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ ਕਿਉਂਕਿ ਐਕਸਾਈਜ਼ ਵਿਭਾਗ ਅਤੇ ਮਾਰਕਫੈੱਡ ਮਿਲ ਕੇ ਸ਼ਰਾਬ ਦੇ ਠੇਕੇ ਚਲਾਉਣਗੇ। ਐਕਸਾਈਜ਼ ਵਿਭਾਗ ਨੇ ਦਿੱਲੀ ਦੀ ਤਰਜ਼ ’ਤੇ ਸ਼ਰਾਬ ਦੇ ਠੇਕੇ ਖੁਦ ਚਲਾਉਣ ਦੀ ਯੋਜਨਾ ਬਣਾਈ ਹੈ, ਜਿਸ ਦੇ ਲਈ ਮਹਾਨਗਰ ਵਿਚ 167 ਦੁਕਾਨਾਂ ਦੀ ਭਾਲ ਸ਼ੁਰੂ ਹੋ ਗਈ ਹੈ, ਜਿਥੇ ਸਰਕਾਰੀ ਠੇਕੇ ਖੁੱਲ੍ਹਣਗੇ। ਇਸ ਨੂੰ ਲੈ ਕੇ ਵਿਭਾਗੀ ਅਧਿਕਾਰੀਆਂ ਨੇ ਅੱਜ ਮਹਾਨਗਰ ਵਿਚ ਕਈ ਥਾਵਾਂ ’ਤੇ ਵਿਜ਼ਿਟ ਕਰ ਕੇ ਦੁਕਾਨਾਂ ਦੀ ਪਛਾਣ ਕੀਤੀ, ਜਿਨ੍ਹਾਂ ਨੂੰ ਕਿਰਾਏ ’ਤੇ ਲੈਣ ਲਈ ਪ੍ਰੋਸੈੱਸ ਸ਼ੁਰੂ ਹੋ ਚੁੱਕਾ ਹੈ।

ਐਕਸਾਈਜ਼ ਵਿਭਾਗ ਪੰਜਾਬ ਦੇ ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ (ਆਈ. ਏ. ਐੱਸ.) ਅੱਜ ਸੀਨੀਅਰ ਅਧਿਕਾਰੀਆਂ ਨਾਲ ਜਲੰਧਰ ਪਹੁੰਚੇ ਅਤੇ ਮਾਰਕਫੈੱਡ ਦੇ ਸਥਾਨਕ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਸਲਾਹ-ਮਸ਼ਵਰਾ ਕੀਤਾ। ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਸਰਕਾਰੀ ਠੇਕੇ ਖੋਲ੍ਹਣ ਸਬੰਧੀ ਸੁਝਾਅ ਦਿੱਤੇ। ਇਸੇ ਤਹਿਤ ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਠੇਕੇ ਖੋਲ੍ਹਣ ਲਈ ਜ਼ਰੂਰੀ ਕਦਮ ਚੁੱਕਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਨ੍ਹਾਂ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਮਹਾਨਗਰ ਵਿਚ ਪੁਰਾਣੇ ਠੇਕਿਆਂ ਵਾਲੀਆਂ ਦੁਕਾਨਾਂ ਦੇ ਮਾਲਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨਾਲ ਰੈਂਟ ਐਗਰੀਮੈਂਟ ਕਰਨ ਅਤੇ ਦੁਕਾਨਾਂ ਲੈਣ ਲਈ ਕਿਰਾਏ ਆਦਿ ਦੀ ਗੱਲ ਕੀਤੀ ਜਾਵੇ। ਐਕਸਾਈਜ਼ ਵਿਭਾਗ ਵੱਲੋਂ ਬਾਕੀ ਬਚੇ ਗਰੁੱਪਾਂ ਲਈ ਠੇਕੇਦਾਰਾਂ ਨੂੰ ਐਕਸਾਈਜ਼ ਦਫਤਰ ਬੁਲਾਇਆ ਗਿਆ, ਜਿਥੇ ਉਨ੍ਹਾਂ ਨਾਲ ਲੰਮੇ ਸਮੇਂ ਤੱਕ ਮੀਟਿੰਗ ਚੱਲੀ। ਇਸ ਦੌਰਾਨ ਵਿਭਾਗ ਦੀਆਂ ਨੀਤੀਆਂ ਬਾਰੇ ਅਧਿਕਾਰੀਆਂ ਨੇ ਕਿਹਾ ਕਿ 10 ਫੀਸਦੀ ਕੀਮਤਾਂ ਘਟਾ ਕੇ ਵਿਭਾਗ ਨੇ ਪਹਿਲਾਂ ਹੀ ਵੱਡੀ ਰਾਹਤ ਦਿੱਤੀ ਹੈ। ਜੁਆਇੰਟ ਕਮਿਸ਼ਨਰ ਪੰਜਾਬ ਨਰੇਸ਼ ਦੂਬੇ ਨੇ ਕਿਹਾ ਕਿ 17 ਫੀਸਦੀ ਦਿੱਤੀ ਜਾਣ ਵਾਲੀ ਸਕਿਓਰਿਟੀ ਰਾਸ਼ੀ ਵੀ ਲਾਇਸੈਂਸ ਫੀਸ ਵਿਚ ਐਡਜਸਟ ਕੀਤੀ ਜਾ ਰਹੀ ਹੈ, ਜਿਸ ਨਾਲ ਠੇਕੇਦਾਰ ’ਤੇ ਜ਼ਿਆਦਾ ਬੋਝ ਨਹੀਂ ਪਵੇਗਾ।

ਜ਼ੋਨ ਦੇ ਡਿਪਟੀ ਕਮਿਸ਼ਨਰ ਰਾਜਪਾਲ ਿਸੰਘ ਖਹਿਰਾ, ਜਲੰਧਰ ਰੇਂਜ ਦੇ ਸਹਾਇਕ ਕਮਿਸ਼ਨਰ ਹਨੂਮੰਤ ਸਿੰਘ ਤੇ ਰਣਜੀਤ ਿਸੰਘ ਵੱਲੋਂ ਠੇਕੇਦਾਰਾਂ ਨੂੰ ਟੈਂਡਰ ਭਰਨ ਲਈ ਉਤਸ਼ਾਹਿਤ ਕੀਤਾ ਗਿਆ। ਮਾਰਕਫੈੱਡ ਦੇ ਜ਼ੋਨ ਇੰਚਾਰਜ ਇੰਦਰਜੀਤ ਿਸੰਘ, ਚੀਫ ਮੈਨੇਜਰ ਸੰਜੀਵ ਮਾਨਕ ਕਲਾਂ ਸਮੇਤ ਮਾਰਕਫੈੱਡ ਦੇ ਅਧਿਕਾਰੀਆਂ ਨੇ ਕਿਹਾ ਕਿ ਐਕਸਾਈਜ਼ ਵਿਭਾਗ ਜਿਸ ਹਿਸਾਬ ਨਾਲ ਦੁਕਾਨਾਂ ਨੂੰ ਖੋਲ੍ਹਣ ਸਬੰਧੀ ਯੋਜਨਾ ਬਣਾਵੇਗਾ, ਉਸ’ਤੇ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਵਿਚ ਸ਼ਰਾਬ ਦੇ ਠੇਕਿਆਂ ਨਾਲ ਸਬੰਧਤ ਕੁੱਲ 20 ਗਰੁੱਪ ਕੰਮ ਕਰਨਗੇ, ਜਿਨ੍ਹਾਂ ਵਿਚੋਂ 11 ਗਰੁੱਪਾਂ ਲਈ ਟੈਂਡਰ ਸਫਲ ਹੋ ਚੁੱਕੇ ਹਨ। ਇਸ ਲੜੀ ਵਿਚ ਵਿਭਾਗ ਵੱਲੋਂ ਬੀਤੇ ਿਦਨੀਂ ਟੈਂਡਰ ਭਰਨ ਦੀ ਤਰੀਕ ਵਧਾਈ ਗਈ ਸੀ, ਜਿਸ ਤਹਿਤ ਅੱਜ ਵਿਭਾਗ ਨੂੰ ਜਲੰਧਰ ਜ਼ਿਲ੍ਹੇ ਦੇ 3 ਗਰੁੱਪਾਂ ਦੇ ਟੈਂਡਰ ਪ੍ਰਾਪਤ ਹੋਏ। ਿਵਭਾਗ ਵੱਲੋਂ ਬਾਕੀ ਬਚੇ ਗਰੁੱਪਾਂ ਦੀ ਵਿਕਰੀ ਲਈ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਮਾਂਹੱਦ ਤੋਂ ਬਾਅਦ ਜਿਹੜੇ ਟੈਂਡਰ ਬਚ ਜਾਣਗੇ, ਐਕਸਾਈਜ਼ ਵਿਭਾਗ ਮਾਰਕਫੈੱਡ ਨਾਲ ਮਿਲ ਕੇ ਉਨ੍ਹਾਂ ਨੂੰ ਖੁਦ ਚਲਾਏਗਾ, ਜਿਸ ’ਚ ਸਰਕਾਰੀ ਕਰਮਚਾਰੀ ਸ਼ਰਾਬ ਵੇਚਣਗੇ।

ਜਲੰਧਰ ਜ਼ਿਲ੍ਹੇ ਦੇ ਕੁਲ 640 ਠੇਕਿਆਂ ’ਚੋਂ ਅਜੇ ਤੱਕ 11 ਗਰੁੱਪਾਂ ਦੀਆਂ ਅਰਜ਼ੀਆਂ ਸਫ਼ਲ ਹੋਈਆਂ ਹਨ, ਉਸ ਤਹਿਤ ਿਵਭਾਗ ਨੇ ਲਾਇਸੈਂਸ ਜਾਰੀ ਕਰ ਦਿੱਤੇ ਹਨ। ਇਸ ਲੜੀ ’ਚ 305 ਠੇਕੇ ਖੋਲ੍ਹਣ ਦਾ ਲਾਇਸੈਂਸ ਸ਼ੁੱਕਰਵਾਰ ਨੂੰ ਜਾਰੀ ਕੀਤਾ ਿਗਆ। 3 ਨਵੇਂ ਗਰੁੱਪਾਂ ਤਹਿਤ ਖੋਲ੍ਹੇ ਜਾਣ ਵਾਲੇ 111 ਠੇਕਿਆਂ ਲਈ ਵਿਭਾਗ ਵੱਲੋਂ ਲਾਇਸੈਂਸ ਜਾਰੀ ਕੀਤਾ ਜਾ ਰਿਹਾ ਹੈ। ਅੈਤਵਾਰ ਨੂੰ ਜ਼ਿਲ੍ਹੇ ’ਚ 111 ਨਵੇਂ ਠੇਕੇ ਖੁੱਲ੍ਹ ਜਾਣਗੇ। ਇਨ੍ਹਾਂ ’ਚ ਪਰਾਗਪੁਰ ਦੇ 27 ਠੇਕੇ, ਨਕੋਦਰ ਦੇ 47 ਅਤੇ ਗੁਰਾਇਆ ਦੇ 41 ਠੇਕਿਆਂ ਵਾਲੇ ਗਰੁੱਪ ਸਫਲ ਹੋਣ ’ਤੇ ਲਾਇਸੈਂਸ ਜਾਰੀ ਕੀਤਾ ਜਾ ਰਿਹਾ ਹੈ। ਅੱਜ ਸਾਰਾ ਦਿਨ ਠੇਕੇ ਖੋਲ੍ਹਣ ’ਤੇ ਕੰਮ ਚੱਲਦਾ ਰਿਹਾ। ਇਨ੍ਹਾਂ ਵਿਚ ਲੰਮਾ ਪਿੰਡ ਅਧੀਨ 20, ਰੇਲਵੇ ਸਟੇਸ਼ਨ ਦੇ 21, ਜੋਤੀ ਚੌਕ ਦੇ 21, ਅਵਤਾਰ ਨਗਰ ਦੇ 30 ਠੇਕੇ, ਜਦਕਿ ਦਿਹਾਤੀ ’ਚ ਗੁਰਾਇਆ ਦੇ 41, ਫਿਲੌਰ ਦੇ 36, ਨਕੋਦਰ ਦੇ 47, ਸ਼ਾਹਕੋਟ ਦੇ 64, ਨੂਰਮਹਿਲ ਦੇ 56 ਅਤੇ ਭੋਗਪੁਰ ਦੇ 57 ਠੇਕੇ ਸ਼ਾਮਲ ਹਨ। ਇਨ੍ਹਾਂ ਨੂੰ ਮਿਲਾ ਕੇ ਜਲੰਧਰ ’ਚ ਠੇਕੇਦਾਰਾਂ ਜ਼ਰੀਏ 416 ਠੇਕੇ ਖੋਲ੍ਹਣ ਦੀ ਿਵਵਸਥਾ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਠੇਕੇਦਾਰ ਜੇਕਰ ਚਾਹੁਣ ਤਾਂ ਆਪਣੇ ਗਰੁੱਪ ਵਿਚ ਘੱਟ ਠੇਕੇ ਵੀ ਖੋਲ੍ਹ ਸਕਦੇ ਹਨ। ਇਹ ਉਨ੍ਹਾਂ ਦੀ ਮਰਜ਼ੀ ’ਤੇ ਨਿਰਭਰ ਕਰੇਗਾ।

 ਮਹਾਨਗਰ ’ਚ ਬਚੇ 8 ਗਰੁੱਪ, ਦਿਹਾਤੀ ਦਾ ਇਕ ਗਰੁੱਪ ਪੈਂਡਿੰਗ
ਮਹਾਨਗਰ ’ਚ 11 ਗਰੁੱਪਾਂ ਲਈ ਅਰਜ਼ੀਆਂ ਸਫਲ ਹੋ ਚੁੱਕੀਆਂ ਹਨ। ਇਸ ਤਹਿਤ ਹੁਣ 9 ਗਰੁੱਪ ਪੈਂਡਿੰਗ ਹਨ, ਜਿਨ੍ਹਾਂ ’ਚੋਂ ਸ਼ਹਿਰੀ 8, ਜਦਕਿ ਦਿਹਾਤੀ ਦਾ ਇਕਲੌਤਾ ਆਦਮਪੁਰ ਵਾਲਾ ਗਰੁੱਪ ਸ਼ਾਮਲ ਹੈ, ਜਿਸ ਅਧੀਨ 57 ਠੇਕੇ ਆਉਂਦੇ ਹਨ। ਸ਼ਹਿਰ ਵਿਚ ਬਾਕੀ ਬਚੇ ਗਰੁੱਪਾਂ ’ਚ ਮਾਡਲ ਟਾਊਨ ਦੇ 17 ਠੇਕੇ, ਰਾਮਾ ਮੰਡੀ ਦੇ 22, ਸੋਢਲ ਦੇ 19, ਬੱਸ ਸਟੈਂਡ ਦੇ 17, ਅਵਤਾਰ ਨਗਰ ਦੇ 30, ਲੈਦਰ ਕੰਪਲੈਕਸ ਦੇ 25, ਮਕਸੂਦਾਂ ਦੇ 20 ਤੇ ਫੋਕਲ ਪੁਆਇੰਟ ਦੇ 17 ਠੇਕਿਆਂ ਵਾਲਾ ਗਰੁੱਪ ਸ਼ਾਮਲ ਹੈ।
 


Manoj

Content Editor

Related News