ਪੀ. ਐਸ. ਯੂ. ਵਲੋਂ ਦਿੱਲੀ ਮੁਸਲਿਮ ਕਤਲੇਆਮ ਖਿਲਾਫ ਕੱਢਿਆ ਗਿਆ ਮਾਰਚ

02/26/2020 6:11:40 PM

ਰੂਪਨਗਰ,(ਸੱਜਣ ਸੈਣੀ) : ਬੀਜੇਪੀ ਤੇ ਆਰ. ਐਸ. ਐਸ. ਦੇ ਗੁੰਡਿਆਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਦਿੱਲੀ ਦੀਆਂ ਮੁਸਲਿਮ ਬਸਤੀਆਂ 'ਚ ਹੋ ਰਹੇ ਕਤਲੇਆਮ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬੀਜੇਪੀ ਦੇ ਲੀਡਰ ਕਪਿਲ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ 'ਚ ਮੁਸਲਿਮ ਭਾਈਚਾਰੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਪੀ. ਐੱਸ. ਯੂ. ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ, ਜ਼ਿਲ੍ਹਾ ਪ੍ਰਧਾਨ ਜਗਮਨਦੀਪ ਸਿੰਘ ਪੜੀ ਅਤੇ ਰੋਹਿਤ ਕੁਮਾਰ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਸੀ. ਏ. ਏ, ਐੱਨ. ਪੀ. ਆਰ, ਐਨ. ਆਰ. ਸੀ. ਖਿਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ ਹੋ ਰਹੇ ਹਨ। ਜਿਨ੍ਹਾਂ ਦੌਰਾਨ ਦਿੱਲੀ 'ਚ ਕੋਈ ਹਿੰਸਾ ਨਹੀਂ ਵਾਪਰੀ ਪਰ ਬੀਜੇਪੀ ਦੇ ਲੀਡਰ ਕਪਿਲ ਮਿਸ਼ਰਾ ਵੱਲੋਂ ਹਿੰਸਾ ਭੜਕਾਉਣ ਦੇ ਬਾਅਦ ਦਿੱਲੀ 'ਚ ਮੁਸਲਿਮ ਬਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੌਰਾਨ 20 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਬੀਜੇਪੀ ਦੇ ਗੁੰਡਿਆਂ ਨੇ ਲੋਕਾਂ ਨੂੰ 1984 ਦੇ ਸਿੱਖ ਕਤਲੇਆਮ ਯਾਦ ਕਰਵਾ ਦਿੱਤੇ ਹਨ ਤੇ ਆਰ. ਐਸ. ਐਸ. ਵਿਰੋਧ ਪ੍ਰਦਰਸ਼ਨਾਂ ਨੂੰ ਹਿੰਦੂ ਮੁਸਲਿਮ ਦਾ ਝਗੜਾ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭਾਈਚਾਰਕ ਏਕਤਾ ਬਣਾ ਕੇ ਰੱਖਣ ਦਾ ਸੁਨੇਹਾ ਦਿੱਤਾ ਹੈ। ਇਸ ਮਾਰਚ ਦੌਰਾਨ ਹਿੰਦੂ, ਮੁਸਲਿਮ, ਸਿੱਖ, ਇਸਾਈ ਆਪਸ ਮੈ ਹੈ ਭਾਈ-ਭਾਈ ਦੇ ਨਾਅਰੇ ਵੀ ਲਗਾਏ ਗਏ। ਉਨ੍ਹਾਂ ਮੰਗ ਕੀਤੀ ਕਿ ਕਪਿਲ ਮਿਸ਼ਰਾ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਕਤਲੇਆਮ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਰਵੀ ਕੁਮਾਰ, ਅਰਪਨ ਸਿੰਘ, ਜਸਵਿੰਦਰ ਸਿੰਘ, ਮੌਲਵੀ ਅਜਹਰ ਹਸਨ, ਹਬੀਬ ਖਾਂ, ਨੂਰੀ, ਸ਼ਹਿਜ਼ਾਦੀ, ਹਰਵਿੰਦਰ ਸਿੰਘ, ਜਸਪਿੰਦਰ ਸਿੰਘ ਆਦਿ ਹਾਜ਼ਰ ਸਨ।