ਡਿਫੈਂਸ ਕਾਲੋਨੀ ਦੀਆਂ 30 ਕੋਠੀਆਂ ਨੂੰ ਨਿਗਮ ਨੇ ਜਾਰੀ ਕੀਤੇ ਨੋਟਿਸ

05/07/2019 3:28:06 PM

ਜਲੰਧਰ (ਖੁਰਾਣਾ)-ਡਿਫੈਂਸ ਕਾਲੋਨੀ ਦੀ ਇਕ ਕੋਠੀ ਵਿਚ ਚੱਲ ਰਹੇ ਡਾਗ ਕਲੀਨਿਕ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਕਾਲੋਨੀ ਦੀ ਵੈੱਲਫੇਅਰ ਸੋਸਾਇਟੀ ਅਤੇ ਸਰਕਾਰੀ ਵੈਟਰਨਰੀ ਆਫੀਸਰ ਵਿਚਾਲੇ ਵਿਵਾਦ ਚੱਲਿਆ ਆ ਰਿਹਾ ਸੀ, ਜੋ ਸਥਾਨਕ ਅਦਾਲਤਾਂ ਤੱਕ ਵੀ ਪਹੁੰਚਿਆ। ਪਿਛਲੇ ਦਿਨੀਂ ਛਾਉਣੀ ਹਲਕੇ ਦੇ ਵਿਧਾਇਕ ਨੇ ਇਸ ਡਾਗ ਕਲੀਨਿਕ ਨੂੰ ਸੀਲ ਨਾ ਕਰਨ ਲਈ ਮੇਅਰ ਜਗਦੀਸ਼ ਰਾਜਾ ਦੀ ਜਨਤਕ ਤੌਰ 'ਤੇ ਨਿਖੇਧੀ ਵੀ ਕੀਤੀ ਸੀ ਅਤੇ ਉਨ੍ਹਾਂ ਨੂੰ ਕਮਜ਼ੋਰ ਮੇਅਰ ਤੱਕ ਕਹਿ ਦਿੱਤਾ। ਇਸ ਤੋਂ ਬਾਅਦ ਵਾਪਰੇ ਸਿਆਸੀ ਘਟਨਾ ਚੱਕਰ ਕਾਰਨ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਡਿਫੈਂਸ ਕਾਲੋਨੀ ਦੀ ਕੋਠੀ ਵਿਚ ਚੱਲ ਰਹੇ ਡਾਗ ਕਲੀਨਿਕ ਨੂੰ ਸੀਲ ਕਰ ਦਿੱਤਾ।
ਵੈੱਲਫੇਅਰ ਸੋਸਾਇਟੀ ਅਤੇ ਡਾਗ ਕਲੀਨਿਕ ਸੰਚਾਲਕਾਂ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਡਾਗ ਕਲੀਨਿਕ ਵਾਲੀ ਧਿਰ ਨੇ ਨਿਗਮ ਨੂੰ ਇਕ ਸ਼ਿਕਾਇਤ ਸੌਂਪ ਕੇ ਡਿਫੈਂਸ ਕਾਲੋਨੀ ਦੀਆਂ ਹੋਰ ਕੋਠੀਆਂ ਵਿਚ ਚੱਲ ਰਹੇ ਕਮਰਸ਼ੀਅਲ ਕਾਰੋਬਾਰੀਆਂ ਦੀ ਸੂਚੀ ਸੌਂਪੀ ਸੀ, ਜਿਨ੍ਹਾਂ ਦੇ ਆਧਾਰ 'ਤੇ ਨਿਗਮ ਨੇ ਨੋਟਿਸ ਤਿਆਰ ਕੀਤੇ ਸਨ।
ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੇ ਅੱਜ ਮੌਕੇ 'ਤੇ ਡਿਫੈਂਸ ਕਾਲੋਨੀ ਦੀਆਂ ਉਨ੍ਹਾਂ ਸਾਰੀਆਂ 30 ਕੋਠੀਆਂ ਨੂੰ ਨੋਟਿਸ ਸਰਵ ਕੀਤੇ। ਇਨ੍ਹਾਂ 30 ਕੋਠੀਆਂ ਵਿਚ 52 ਕਮਰਸ਼ੀਅਲ ਕਾਰੋਬਾਰ ਚੱਲ ਰਹੇ ਹਨ। ਇਨ੍ਹਾਂ ਵਿਚ ਕਰਿਆਨਾ ਅਤੇ ਹੋਰ ਤਰ੍ਹਾਂ ਦੀਆਂ ਦੁਕਾਨਾਂ, ਪਾਰਲਰ ਅਤੇ ਬੁਟੀਕ, ਹੇਅਰ ਕਟਿੰਗ ਸੈਲੂਨ, ਡਾਕਟਰੀ ਕਲੀਨਿਕ, ਮਿਲਕ ਬਾਰ ਅਤੇ ਕਈ ਹੋਰ ਤਰ੍ਹਾਂ ਦੇ ਕਾਰੋਬਾਰ ਸ਼ਾਮਲ ਹਨ।
ਡਿਫੈਂਸ ਕਾਲੋਨੀ ਦੀਆਂ 30 ਕੋਠੀਆਂ ਵਿਚ ਚੱਲ ਰਹੇ 52 ਕਮਰਸ਼ੀਅਲ ਕਾਰੋਬਾਰੀਆਂ ਨੂੰ ਇਕੋ ਵੇਲੇ ਨੋਟਿਸ ਸਰਵ ਹੋਣ ਤੋਂ ਬਾਅਦ ਪੂਰੇ ਇਲਾਕੇ ਵਿਚ ਤਰਥੱਲੀ ਮਚ ਗਈ। ਨੋਟਿਸ ਮਿਲਣ ਤੋਂ ਬਾਅਦ ਡਿਫੈਂਸ ਕਾਲੋਨੀ ਵਿਚ ਕਾਰੋਬਾਰ ਕਰ ਰਹੇ ਲੋਕਾਂ ਨੇ ਇਕ ਐਮਰਜੈਂਸੀ ਮੀਟਿੰਗ ਕਾਲੋਨੀ ਦੇ ਪਾਰਕ ਵਿਚ ਕੀਤੀ ਅਤੇ ਅਗਲੀ ਰਣਨੀਤੀ ਬਣਾਈ।
ਅਜੇ ਸਰਵੇ ਕਰੇਗਾ ਨਿਗਮ
ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਜਿਨ੍ਹਾਂ 52 ਸੰਸਥਾਵਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਹ ਡਾਗ ਕਲੀਨਿਕ ਦੇ ਸੰਚਾਲਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੇ ਗਏ ਹਨ। ਨਗਰ ਨਿਗਮ ਨੇ ਇਸ ਇਲਾਕੇ ਦਾ ਸਰਵੇ ਨਹੀਂ ਕੀਤਾ। ਜੇਕਰ ਹੋਰ ਕਮਰਸ਼ੀਅਲ ਸੰਸਥਾਵਾਂ ਮਿਲਦੀਆਂ ਹਨ ਤਾਂ ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾਣਗੇ।
ਸੀਲਿੰਗ ਦੀ ਹੋ ਸਕਦੀ ਹੈ ਕਾਰਵਾਈ
ਡਾਗ ਕਲੀਨਿਕ ਸੰਚਾਲਕਾਂ ਅਤੇ ਵੈੱਲਫੇਅਰ ਸੋਸਾਇਟੀ ਦਰਮਿਆਨ ਚੱਲ ਰਿਹਾ ਵਿਵਾਦ ਅਦਾਲਤਾਂ ਤੱਕ ਪਹੁੰਚ ਚੁੱਕਾ ਹੈ। ਇਸ ਮਾਮਲੇ ਵਿਚ ਅਦਾਲਤ ਦੀ ਉਲੰਘਣਾ ਦਾ ਕੇਸ ਵੀ ਦਾਇਰ ਹੈ। ਕਲੀਨਿਕ ਨੂੰ ਸੀਲ ਲੱਗਣ ਤੋਂ ਬਾਅਦ ਇਸ ਧਿਰ ਨੇ ਰਿਹਾਇਸ਼ੀ ਕਾਲੋਨੀ ਵਿਚ ਚੱਲ ਰਹੇ ਹੋਰ ਕਾਰੋਬਾਰੀਆਂ ਦੀ ਜੋ ਸੂਚੀ ਨਿਗਮ ਨੂੰ ਸੌਂਪੀ ਸੀ, ਉਸ ਦੇ ਆਧਾਰ 'ਤੇ ਨੋਟਿਸ ਸਰਵ ਹੋ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਨੂੰ ਆਉਣ ਵਾਲੇ ਦਿਨਾਂ ਵਿਚ ਬਾਕੀ ਸੰਸਥਾਵਾਂ 'ਤੇ ਵੀ ਸੀਲਿੰਗ ਜਿਹੀ ਕਾਰਵਾਈ ਕਰਨੀ ਪਵੇਗੀ। ਜੇਕਰ ਨਿਗਮ ਇਸ ਮਾਮਲੇ ਵਿਚ ਐਕਸ਼ਨ ਨਹੀਂ ਲੈਂਦਾ ਤਾਂ ਉਸ ਨੂੰ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ ਜਾਂ ਉਸ 'ਤੇ ਪੱਖਪਾਤ ਦੇ ਦੋਸ਼ ਲੱਗਣਾ ਹੈ। ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਕਿਵੇਂ ਭਖਦਾ ਹੈ।
ਰੈਣਕ ਬਾਜ਼ਾਰ ਵਿਖੇ ਪ੍ਰਾਪਰਟੀ 'ਚ ਬਣਾਈਆਂ ਕਮਰਸ਼ੀਅਲ ਦੁਕਾਨਾਂ
ਇਸ ਦੌਰਾਨ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਨਿਗਮ ਦੇ ਸਾਬਕਾ ਡਿਪਟੀ ਮੇਅਰ ਅਤੇ ਅਕਾਲੀ ਆਗੂ ਕੁਲਦੀਪ ਸਿੰਘ ਓਬਰਾਏ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਓਬਰਾਏ ਨੇ ਕੁਝ ਸਾਲ ਪਹਿਲਾਂ ਰੈਣਕ ਬਾਜ਼ਾਰ ਵਿਚ ਡਾ. ਬੱਬਰ ਕਲੀਨਿਕ ਦੇ ਕੋਲ ਪ੍ਰਾਪਰਟੀ ਖਰੀਦ ਕੇ ਉਸ ਵਿਚ ਦੁਕਾਨਾਂ ਬਣਾ ਲਈਆਂ ਹਨ। ਰਿਹਾਇਸ਼ੀ ਪ੍ਰਾਪਰਟੀ ਨੂੰ ਕਮਰਸ਼ੀਅਲ ਵਿਚ ਤਬਦੀਲ ਕਰਨ ਲਈ ਵਿਵਾਦ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਹੁਣ ਨਿਗਮ ਨੇ ਇਨ੍ਹਾਂ ਦੁਕਾਨਾਂ ਨੂੰ ਤੋੜਨ ਲਈ ਡੈਮੋਲੇਸ਼ਨ ਨੋਟਿਸ ਜਾਰੀ ਕੀਤਾ ਹੈ। ਪਤਾ ਲੱਗਾ ਹੈ ਕਿ ਸ਼੍ਰੀ ਓਬਰਾਏ ਨੇ ਨਿਗਮ ਨੂੰ ਚਿੱਠੀ ਦੇ ਕੇ ਸਮਝੌਤੇ ਦੀ ਪੇਸ਼ਕਸ਼ ਵੀ ਕੀਤੀ ਹੈ।


shivani attri

Content Editor

Related News