3 ਲੁਟੇਰਿਆਂ ਨੇ ਫੋਟੋਗ੍ਰਾਫਰ ''ਤੇ ਰਾਡ ਨਾਲ ਕੀਤਾ ਹਮਲਾ

02/05/2020 6:26:32 PM

ਨਵਾਂਸ਼ਹਿਰ (ਤ੍ਰਿਪਾਠੀ)— ਵਿਆਹ ਸਮਾਗਮ 'ਚ ਮੂਵੀ ਬਣਾ ਕੇ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਫੋਟੋਗ੍ਰਾਫਰ ਤੋਂ 3 ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਘੇਰ ਲਿਆ। ਘੇਰਣ ਤੋਂ ਬਾਅਦ ਉਹ ਮੋਟਰਸਾਈਕਲ, 40 ਹਜ਼ਾਰ ਰੁਪਏ ਨਕਦੀ ਅਤੇ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ।

ਥਾਣਾ ਔੜ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਜਵਿੰਦਰ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਜਾਡਲਾ ਨੇ ਦੱਸਿਆ ਕਿ ਉਹ ਫੋਟੋਗ੍ਰਾਫੀ ਅਤੇ ਮੂਵੀ ਬਣਾਉਣ ਦਾ ਕੰਮ ਕਰਦਾ ਹੈ। ਬੀਤੇ 3 ਫਰਵਰੀ ਨੂੰ ਉਹ ਇਕ ਵਿਆਹ ਸਮਾਗਮ ਵਿਚ ਪਿੰਡ ਰਾਏਪੁਰ (ਜਲੰਧਰ) ਗਿਆ ਹੋਇਆ ਸੀ। ਉੱਥੇ ਕੰਮ ਪੂਰਾ ਕਰਨ ਉਪਰੰਤ ਰਾਤ ਕਰੀਬ 8 ਵਜੇ ਉਹ ਉੱਥੇ ਆਪਣੇ ਘਰ ਲਈ ਚੱਲ ਪਿਆ। ਜਦੋਂ ਕਸਬਾ ਔੜ ਦੇ ਵਾਈ ਪੁਆਇੰਟ ਦੇ ਨੇੜੇ ਪੁੱਜਿਆ ਤਾਂ ਉਸ ਦੇ ਮੋਟਰਸਾਈਕਲ ਦੇ ਪਿੱਛੋਂ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ 'ਚੋਂ ਇਕ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਮਾਰੀ ਜਿਸ ਕਾਰਣ ਉਹ ਜਖ਼ਮੀ ਹੋ ਕੇ ਹੇਠਾਂ ਡਿੱਗ ਪਿਆ।

ਇਸ ਦੌਰਾਨ ਇਕ ਨੌਜਵਾਨ ਨੇ ਉਸ ਦਾ ਪਰਸ ਜਿਸ ਵਿਚ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਅਤੇ ਗਲੇ 'ਚ ਪਾਈ ਹੋਈ ਸੋਨੇ ਦੀ ਚੇਨ ਖੋਹ ਲਈ। ਉਸ ਨੇ ਦੱਸਿਆ ਕਿ ਪਰਸ 'ਚ ਉਸ ਦੇ ਹੋਰ ਦਸਤਾਵੇਜ਼ ਵੀ ਸਨ, ਅਤੇ ਉਸ ਦਾ ਮੋਟਰਸਾਈਕਲ ਵੀ ਲੈ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਉਪਰੰਤ ਉਸ ਨੇ ਫੋਨ ਕਰਕੇ ਅਪਣੇ ਰਿਸ਼ਤੇਦਾਰ ਨੂੰ ਉਕਤ ਸਥਾਨ 'ਤੇ ਬੁਲਾਇਆ, ਜਿਸ ਨੇ ਉਸਨੂੰ ਲਿਜਾ ਕੇ ਮੱਲ੍ਹਮ ਪੱਟੀ ਕਰਵਾਈ। ਪੁਲਸ ਨੇ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ 3 ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।


shivani attri

Content Editor

Related News