ਵਿਆਹ ''ਚ ਪਹੁੰਚ ਕੇ ਸਾਬਕਾ ਰਾਜ ਮੰਤਰੀ ਦੇ ਲੜਕੇ ਤੇ ਭਤੀਜੇ ''ਤੇ ਕੀਤਾ ਹਮਲਾ

02/02/2020 6:50:39 PM

ਰੂਪਨਗਰ (ਸੱਜਣ ਸੈਣੀ)— ਕਰੀਬ ਅੱਧਾ ਦਰਜਨ ਹਮਲਾਵਰ ਨੌਜਵਾਨਾਂ ਵੱਲੋਂ ਸਾਬਕਾ ਰਾਜਮੰਤਰੀ ਡਾ. ਰਮੇਸ਼ ਦੱਤ ਸ਼ਰਮਾ ਦੇ ਲੜਕੇ ਤੇ ਭਤੀਜੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲਸ ਨੇ 6 ਹਮਲਾਵਰਾਂ ਅਤੇ ਕੁਝ ਅਣਪਛਾਤੇ ਨੌਜਵਾਨਾਂ ਖਿਲਾਫ ਪਰਚਾ ਦਰਜ ਕੀਤਾ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਨਮੋਹਨ ਸ਼ਰਮਾ ਉਰਫ ਬੱਬੀ ਨੇ ਦੱਸਿਆ ਕਿ ਉਹ ਅਪਣੇ ਤਾਏ ਰਮੇਸ਼ ਦੱਤ ਸ਼ਰਮਾ ਦੇ ਲੜਕੇ ਦਕਸ਼ ਦੱਤ ਸ਼ਰਮਾ ਨਾਲ ਕਾਰ 'ਚ ਸਵਾਰ ਹੋ ਕੇ ਜਦੋਂ ਅਪਣੇ ਚਾਚਾ ਧਰਮਪਾਲ ਦੇ ਲੜਕੇ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਸਥਾਨਕ ਬਾਜ਼ਾਰ 'ਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਤੋਂ ਅੱਗੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ 2 ਨੌਜਵਾਨਾਂ ਨੇ ਉਨ੍ਹਾਂ ਨੂੰ ਵਾਰ-ਵਾਰ ਹੌਰਨ ਮਾਰਨ 'ਤੇ ਵੀ ਸਾਈਡ ਨਹੀਂ ਦਿੱਤੀ। ਇਸ ਦੌਰਾਨ ਉਕਤ ਨੌਜਵਾਨਾਂ ਨਾਲ ਇਸ ਮਾਮਲੇ ਨੂੰ ਲੈ ਕੇ ਉਨਾਂ ਦੀ ਕੁਝ ਤਕਰਾਰ ਹੋ ਗਈ। ਇਸ ਤੋਂ ਕੁਝ ਦੇਰ ਬਾਅਦ ਉਕਤ ਦੋਵੇਂ ਨੌਜਵਾਨ ਅਪਣੇ ਹੋਰਨਾਂ ਸਾਥੀਆਂ ਜਿਨਾਂ ਦੀ ਸੰਖਿਆ ਅੱਧਾ ਦਰਜਨ ਤੋਂ ਵੀ ਵੱਧ ਸੀ, ਨੇ ਸਾਡੇ ਵਿਆਹ ਸਮਾਗਮ ਵਾਲੇ ਸਥਾਨ 'ਤੇ ਪਹੁੰਚ ਕੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਬੋਲ ਦਿੱਤਾ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਨਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਮਨਮੋਹਨ ਸ਼ਰਮਾ ਉਰਫ ਬੱਬੀ ਪੁੱਤਰ ਨਰੇਸ਼ ਦੱਤ ਸ਼ਰਮਾ ਵੱਲੋਂ ਦਰਜ ਕਰਵਾਏ ਬਿਆਨਾਂ 'ਤੇ ਸਥਾਨਕ ਪੁਲਸ ਨੇ 6 ਨੌਜਵਾਨਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 451, 323, 341 ਅਤੇ 506 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ।

shivani attri

This news is Content Editor shivani attri