ਬਾਬਾ ਦੀਪ ਸਿੰਘ ਨਗਰ ’ਚ ਲੜਾਈ ਛੁਡਵਾਉਣ ਆਏ ਦੋਸਤਾਂ ’ਤੇ ਇੱਟਾਂ ਵਰ੍ਹਾਈਆਂ, ਇਕ ਦੀ ਹਾਲਤ ਗੰਭੀਰ

11/08/2021 11:15:36 AM

ਜਲੰਧਰ (ਜ.ਬ.)– ਬਾਬਾ ਦੀਪ ਸਿੰਘ ਨਗਰ ’ਚ ਦੋਸਤ ਦੀ ਲੜਾਈ ਛੁਡਵਾਉਣ ਆਏ ਦੋ ਦੋਸਤਾਂ ’ਤੇ ਹਮਲਾਵਰਾਂ ਦੀ ਭੀੜ ਨੇ ਹਮਲਾ ਕਰ ਦਿੱਤਾ। ਭੀੜ ’ਚ ਸ਼ਾਮਲ ਨੌਜਵਾਨਾਂ ਨੇ ਇਕ ਨੌਜਵਾਨ ਦੇ ਸਿਰ ’ਤੇ ਇੱਟਾਂ ਮਾਰੀਆਂ, ਜਦਕਿ ਉਸ ਨਾਲ ਆਏ ਦੋਸਤ ਨੂੰ ਵੀ ਜ਼ਖਮੀ ਕਰ ਦਿੱਤਾ। ਸਿਰ ’ਤੇ ਇੱਟ ਲੱਗਣ ਨਾਲ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਨੰ.-8 ਦੀ ਪੁਲਸ ਨੇ ਅਣਪਛਾਤੇ ਨੌਜਵਾਨਾਂ ’ਤੇ ਇਰਾਦਾ-ਕਤਲ, 323, 324, 427, 148 ਅਤੇ 149 ਆਈ. ਪੀ. ਸੀ. ਅਧੀਨ ਕੇਸ ਦਰਜ ਕਰਕੇ ਹਮਲਾਵਰਾਂ ਦੀ ਪਛਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗਗਨਦੀਪ ਸਿੰਘ ਨਿਵਾਸੀ ਗਾਂਧੀ ਕੈਂਪ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਆਪਣੇ ਦੋਸਤ ਖ਼ੁਸ਼ਵਿੰਦਰ ਸਿੰਘ ਨਾਲ ਰੇਰੂ ਰਹਿੰਦੇ ਹੋਰ ਦੋਸਤ ਬਿੱਲਾ ਦੇ ਜਨਮ ਦਿਨ ਦੀ ਪਾਰਟੀ ’ਚ ਸ਼ਾਮਲ ਹੋਣ ਗਏ ਸਨ। ਰਾਤ ਕਰੀਬ 11.30 ਵਜੇ ਖੁਸ਼ਵਿੰਦਰ ਦੇ ਦੋਸਤ ਦਾ ਫੋਨ ਆਇਆ ਕਿ ਉਸ ਦਾ ਬਾਬਾ ਦੀਪ ਸਿੰਘ ਨਗਰ ’ਚ ਝਗੜਾ ਹੋ ਗਿਆ ਹੈ। ਅਜਿਹੇ ’ਚ ਖ਼ੁਸ਼ਵਿੰਦਰ ਅਤੇ ਗਗਨਦੀਪ ਦੋਵੇਂ ਮੋਟਰਸਾਈਕਲ ’ਤੇ ਦੋਸਤ ਕੋਲ ਪਹੁੰਚ ਗਏ। ਗਗਨਦੀਪ ਨੇ ਦੱਸਿਆ ਕਿ ਜਿਵੇਂ ਹੀ ਉਹ ਬਾਬਾ ਦੀਪ ਸਿੰਘ ਨਗਰ ਪਹੁੰਚੇ ਤਾਂ ਨੌਜਵਾਨਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ ਨੂੰ ਲੈ ਕੇ ਸੁਖਬੀਰ ਨੇ ਘੇਰੀ ਪੰਜਾਬ ਸਰਕਾਰ, ਲਾਏ ਵੱਡੇ ਇਲਜ਼ਾਮ

ਦੋਸ਼ ਹੈ ਕਿ ਉਨ੍ਹਾਂ ਦਾ ਪਰਸ ਅਤੇ ਆਈਫੋਨ ਵੀ ਉਥੇ ਡਿੱਗ ਗਿਆ, ਜਦਕਿ ਕੁਝ ਨੌਜਵਾਨਾਂ ਨੇ ਖੁਸ਼ਵਿੰਦਰ ਦੇ ਸਿਰ ’ਤੇ ਇੱਟਾਂ ਮਾਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਖੂਨ ਨਾਲ ਲਥਪਥ ਕਰਨ ਤੋਂ ਬਾਅਦ ਹਮਲਾਵਰ ਉਥੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਨੰ. 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਖੁਸ਼ਵਿੰਦਰ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਗਗਨਦੀਪ ਦੇ ਬਿਆਨਾਂ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਪਛਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News