ਕਵਰੇਜ ਕਰਨ ਪੁੱਜੇ ਪੱਤਰਕਾਰ ''ਤੇ ਜਾਨਲੇਵਾ ਹਮਲਾ, ਗੰਭੀਰ ਜ਼ਖਮੀ

05/24/2020 4:05:21 PM

ਭੋਗਪੁਰ (ਰਾਜੇਸ਼ ਸੂਰੀ)— ਥਾਣਾ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ 'ਚ ਕਵਰੇਜ ਕਰਨ ਪੁੱਜੇ ਇਕ ਨਿੱਜੀ ਪੰਜਾਬੀ ਚੈਨਲ ਦੇ ਪੱਤਰਕਾਰ 'ਤੇ ਕੁਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਪਬਲਿਕ ਸਿਹਤ ਕੇਂਦਰ ਕਾਲਾ ਬੱਕਰਾ 'ਚ ਜ਼ਖਮੀ ਹਾਲਤ 'ਚ ਜ਼ੇਰੇ ਇਲਾਜ ਪੱਤਰਕਾਰ ਹੁਸਨ ਲਾਲ ਨੇ ਦੱਸਿਆ ਹੈ ਕਿ ਉਹ ਬੀਤੇ ਸ਼ੁੱਕਰਵਾਰ ਦੇਰ ਸ਼ਾਮ ਪਿੰਡ ਭਟਨੂਰਾ 'ਚ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਹੋਏ ਝਗੜੇ ਦੀ ਕਵਰੇਜ ਕਰਨ ਲਈ ਪਿੰਡ ਭਟਨੂਰਾ ਲੁਬਾਣਾ 'ਚ ਗਿਆ ਸੀ। ਜਦੋਂ ਉਹ ਪੀੜਤ ਧਿਰ ਦੇ ਘਰ ਤੋਂ ਬਾਹਰ ਆਇਆ ਤਾਂ ਉੱਥੇ ਪਹਿਲਾਂ ਤੋਂ ਹੀ ਉਸ ਦੀ ਉਡੀਕ ਕਰ ਰਹੇ ਦੂਸਰੀ ਧਿਰ ਦੇ 8-10 ਲੋਕਾ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੋਬਾਇਲ ਫੋਨ ਵੀ ਖੋਹ ਲਿਆ। ਪੱਤਰਕਾਰ ਅਪਣੀ ਜਾਨ ਬਚਾਉਣ ਲਈ ਖੇਤਾਂ ਵੱਲ ਦੌੜ ਪਿਆ ਤਾਂ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਉਸ ਨੂੰ ਅਗਵਾ ਕਰ ਕੇ ਫਿਰ ਤੋਂ ਉਸ ਨਾਲ ਕੁੱਟਮਾਰ ਕੀਤੀ।

ਇਸ ਦੌਰਾਨ ਉਸ ਨਾਲ ਗਏ ਕੈਮਰਾਮੈਨ ਨੇ ਇਕ ਘਰ ਵਿਚ ਲੁੱਕ ਕੇ ਅਪਣੀ ਜਾਨ ਬਚਾਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਖਮੀ ਹੁਸਨ ਲਾਲ ਨੇ ਦੱਸਿਆ ਹੈ ਕਿ ਸਰਪੰਚ ਵੱਲੋਂ ਸ਼ਹਿ ਦਿੱਤੇ ਜਾਣ ਕਾਰਨ ਹੀ ਉਕਤ ਹਮਲਾਵਰਾਂ ਨੇ ਉਸ 'ਤੇ ਹਮਲਾ ਕੀਤਾ। ਜਦੋਂ ਉਹ ਗੰਭੀਰ ਜ਼ਖਮੀ ਹੋ ਗਿਆ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਵਾਪਸ ਜਾਣ ਸਮੇਂ ਹਮਲਾਵਰਾਂ ਵੱਲੋਂ ਉਸ ਨੂੰ ਧਮਕਾਇਆ ਵੀ ਗਿਆ ਕਿ ਜੇਕਰ ਉਹ ਦੋਬਾਰਾ ਉਨ੍ਹਾਂ ਦੇ ਇਲਾਕੇ ਵਿਚ ਨਜ਼ਰ ਆਇਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਭੋਗਪੁਰ ਪੁਲਸ ਵੱਲੋਂ 8 ਲੋਕਾਂ ਖਿਲਾਫ ਮਾਮਲਾ ਦਰਜ
ਭੋਗਪੁਰ ਪੁਲਸ ਵੱਲੋਂ ਪੀੜਤ ਪੱਤਰਕਾਰ ਦੇ ਬਿਆਨਾਂ ਹੇਠ ਉਸ ਤੇ ਹਮਲਾ ਕਰਨ ਵਾਲੇ ਬਲਦੇਵ ਸਿੰਘ, ਬਲਜੀਤ ਸਿੰਘ, ਬਾਲੀ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਜਗੀਰ ਸਿੰਘ, ਸੁਖਦੇਵ ਸਿੰਘ ਅਤੇ ਗੁਰਭੇਜ ਸਿੰਘ ਸਮੇਤ ਅੱਠ ਲੋਕਾਂ ਖਿਲਾਫ ਸੰਗੀਨ ਧਰਾਵਾਂ ਹੇਠ ਮਾਮਲਾ ਦਰਜ਼ ਕਰ ਲਿਆ ਗਿਆ ਹੈ।

ਪੱਤਰਕਾਰ 'ਤੇ ਹਮਲਾ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ : ਟੀਨੂੰ
ਜ਼ਖਮੀ ਪੱਤਰਕਾਰ ਹੁਸਨ ਲਾਲ ਦਾ ਹਾਲਚਾਲ ਪੁੱਛਣ ਹਸਪਤਾਲ ਪੁੱਜੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਪਿੰਡ ਵਿਚ ਕਵਰੇਜ਼ ਕਰਨ ਪੁੱਜੇ ਪੱਤਰਕਾਰ ਤੇ ਪਿੰਡ ਦੇ ਸਰਪੰਚ ਅਤੇ ਬਲਾਕ ਸੰਮਤੀ ਚੇਅਰਮੈਨ ਦੀ ਸ਼ਹਿ 'ਤੇ ਹਮਲਾ ਕੀਤਾ ਜਾਣਾ ਇਕ ਤਰ੍ਹਾਂ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਹੈ। ਕਾਂਗਰਸੀ ਸੱਤਾ ਦੇ ਨਸ਼ੇ 'ਚ ਚੂਰ ਹੋ ਕੇ ਹੁਣ ਪੱਤਰਕਾਰਾਂ ਤੇ ਸ਼ਰੇਆਮ ਜਾਨ ਲੇਵਾ ਹਮਲੇ ਕਰ ਕੇ ਸਚਾਈ ਨੂੰ ਦਬਾ ਰਹੇ ਹਨ। ਪ੍ਰੈੱਸ ਦੀ ਆਜ਼ਾਦੀ 'ਤੇ ਹੋ ਰਹੇ ਹਮਲਿਆਂ ਦੇ ਮਾਮਲਿਆਂ ਵਿਚ ਸਰਕਾਰ ਸਖਤ ਕਾਰਵਾਈ ਕਰਨ ਵਿਚ ਪੂਰੀ ਤਰ੍ਹਾਂ ਅਸਮਰਥ ਸਾਬਤ ਹੋ ਰਹੀ ਹੈ। ਆਪ ਦੇ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਸਗਰਾਂਵਾਲੀ ਨੇ ਜ਼ਖਮੀ ਪੱਤਰਕਾਰ ਦਾ ਹਾਲ ਜਾਣਿਆਂ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

ਝਗੜੇ ਸਮੇਂ ਮੈਂ ਪਿੰਡ 'ਚ ਨਹੀਂ ਸੀ : ਚੇਅਰਮੈਨ, ਸਰਪੰਚ
ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਅਤੇ ਚੇਅਰਮੈਨ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਝਗੜੇ ਸਮੇਂ ਉਹ ਪਿੰਡ ਵਿਚ ਨਹੀ ਸਨ ਅਤੇ ਉਨ੍ਹਾਂ ਦਾ ਨਾਮ ਸਿਆਸਤ ਤਹਿਤ ਉਛਾਲਿਆ ਜਾ ਰਿਹਾ ਹੈ।


shivani attri

Content Editor

Related News