DCP ਤੇ MLA ਵਿਵਾਦ ਮਾਮਲਾ, ਵਿਧਾਇਕ ਡੀ.ਸੀ.ਪੀ ਨੂੰ ਦੇ ਰਿਹਾ ਧਮਕੀਆਂ, ਆਡੀਓ ਆਈ ਸਾਹਮਣੇ

09/22/2022 6:41:25 PM

ਜਲੰਧਰ : ਸ਼ਾਸਤਰੀ ਮਾਰਕੀਟ ਸਥਿਤ ਇਕ ਪ੍ਰਾਪਰਟੀ ਸਬੰਧੀ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਅਤੇ 'ਆਪ' ਵਿਧਾਇਕ ਵਿਚਾਲੇ ਤਕਰਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਲਗਾਤਾਰ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਹੁਣ ਇਕ ਆਡੀਓ ਵੀ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 'ਪੰਜਾਬ ਕੇਸਰੀ' ਨੂੰ ਮਿਲੇ ਇਸ ਆਡੀਓ 'ਚ ਡੀ.ਸੀ.ਪੀ. ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਦੀ ਗੱਲਬਾਤ ਚੱਲ ਰਹੀ ਹੈ, ਜਿਸ 'ਚ ਵਿਧਾਇਕ ਸਾਬ੍ਹ ਡੀ.ਸੀ.ਪੀ ਨੂੰ ਧਮਕੀਆਂ ਦੇ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ  'ਚ 100 ਪਿੰਡ ਬਣੇ ਨਸ਼ੇ ਦਾ ਕੇਂਦਰ, ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਜਾਰੀ

ਵਿਧਾਇਕ ਦਾ ਕਹਿਣਾ ਹੈ ਕਿ "ਮੈਂ ਇਥੇ ਤੇਰੇ ਕਬਜ਼ੇ ਨਹੀਂ ਹੋਣ ਦੇਣੇ, ਸਵੇਰੇ ਤੇਰੀ ਕਲਾਸ ਲੱਗੂ, ਤੂੰ ਰਹਿਣਾ ਕਿਥੇ ਤੇ ਤੂੰ ਜਾਣਾ ਕਿਥੇ। ਹਫ਼ਤਾ 10 ਦਿਨ ਪਹਿਲਾਂ ਮੇਰੇ ਘਰ ਗੋਡੇ ਘੁੱਟ ਕੇ ਗਿਆ।" ਉਥੇ ਹੀ ਡੀ.ਸੀ.ਪੀ. ਦਾ ਕਹਿਣਾ ਹੈ ਕਿ "ਮੈਂ ਅਜਿਹੇ ਕੰਮ ਨਹੀਂ ਕੀਤੇ। ਮੈਨੂੰ ਕੋਈ ਟੈਨਸ਼ਨ ਨਹੀਂ ਹੈ, ਮੈਂ ਅਜਿਹਾ ਕੰਮ ਨਹੀਂ ਕਰਦਾ।" ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੀ.ਸੀ.ਪੀ ਨੂੰ ਜ਼ਮੀਨ 'ਤੇ ਬੈਠਾ ਕੇ ਕੁੱਟਣ ਦੀ ਵੀਡੀਓ ਸਾਹਮਣੇ ਆਈ ਸੀ। 

ਕੀ ਹੈ ਮਾਮਲਾ
ਉਕਤ ਘਟਨਾ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਸਵੇਰਾ ਭਵਨ ਵਿਖੇ ਵਾਪਰੀ ਸੀ। ਡੀ.ਸੀ.ਪੀ ਤੇ ਵਿਧਾਇਕ ਨੂੰ ਰਾਜ਼ੀਨਾਮੇ ਲਈ ਉਸ ਦਫ਼ਤਰ 'ਚ ਬੁਲਾਇਆ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਜਲੰਧਰ ਕਮਿਸ਼ਨਰੇਟ ਦੇ ਡੀ.ਸੀ.ਪੀ. ਸ਼ਾਸਤਰੀ ਮਾਰਕਿਟ ਦੇ ਨੇੜੇ ਇਕ ਪ੍ਰਪਰਟੀ ਦੇ ਝਗੜੇ ਨੂੰ ਸੁਲਝਾਉਣ ਲਈ ਪੁੱਜੇ ਸਨ। ਇਸ ਦੌਰਾਨ ਦੂਜੇ ਪਾਸੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਹੁੰਚ ਗਏ। ਪਹਿਲਾਂ ਗੱਲਬਾਤ ਦੌਰਾਨ ਡੀ.ਸੀ.ਪੀ. ਅਤੇ ਵਿਧਾਇਕ 'ਚ ਬਹਿਸਬਾਜ਼ੀ ਹੋਈ ਪਰ ਜਦੋਂ ਉਹ ਇਸ ਝਗੜੇ ਨੂੰ ਲੈ ਕੇ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਸਵੇਰਾ ਭਵਨ ਪਹੁੰਚੇ ਤਾਂ ਇਹ ਝਗੜੇ ਨੇ ਹਿੰਸਾ ਦਾ ਰੂਪ ਲੈ ਲਿਆ ਅਤੇ ਦੋਵਾਂ ਵਿਚਾਲੇ ਤਕਰਾਰ ਹੋ ਗਈ।

ਸੂਤਰਾਂ ਦੀ ਮੰਨੀਏ ਤਾਂ ਡੀ.ਸੀ.ਪੀ. ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਧੱਕਾ ਮਾਰ ਦਿੱਤਾ। ਡੀ.ਸੀ.ਪੀ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ ਇਸ ਝਗੜੇ 'ਚ ਦਫ਼ਤਰ ਦਾ ਮਾਲਕ ਵੀ ਕੁੱਦ ਗਿਆ, ਜਿਸ ਨੇ ਡੀ.ਸੀ.ਪੀ. ਨਾਲ ਧੱਕਾ-ਮੁੱਕੀ ਕੀਤੀ ਪਰ ਦਫ਼ਤਰ ਮਾਲਕ ਵੱਲੋਂ ਕੀਤੀ ਗਈ ਧੱਕਾ-ਮੁੱਕੀ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਦੌਰਾਨ ਇੱਕ ਧਿਰ ਦੇ 4 ਵਿਅਕਤੀਆਂ ਨੇ ਇਸ ਝਗੜੇ 'ਚ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ, ਜਿਨ੍ਹਾਂ 'ਚ ਰਾਹੁਲ, ਸੰਨੀ ਦੋਵੇਂ ਵਾਸੀ ਬਸਤੀ ਸ਼ੇਖ, ਦੀਪਕ ਵਾਸੀ ਗਰੀਨ ਐਵੀਨਿਊ ਸ਼ਾਮਲ ਹਨ।


Mandeep Singh

Content Editor

Related News