ਖਤਰਨਾਕ ਗੈਂਗਸਟਰ ਬੌਬੀ ਮਲਹੋਤਰਾ ਅਦਾਲਤ ''ਚ ਪੇਸ਼

04/07/2019 1:02:20 PM

ਹੁਸ਼ਿਆਰਪੁਰ (ਅਮਰਿੰਦਰ)— ਖਤਰਨਾਕ ਗੈਂਗਸਟਰ ਬੌਬੀ ਮਲਹੋਤਰਾ ਨੂੰ ਬੁੱਲ੍ਹੋਵਾਲ ਦੇ ਪੰਜਾਬ ਨੈਸ਼ਨਲ ਬੈਂਕ 'ਚ 21 ਦਸੰਬਰ 2016 ਨੂੰ ਹੋਈ 12 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਬੀਤੇ ਦਿਨ ਨਾਭਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫਤਾਰ ਕਰਕੇ ਹੁਸ਼ਿਆਰਪੁਰ ਲਿਆਂਦਾ ਗਿਆ। ਬੁੱਲ੍ਹੋਵਾਲ ਦੀ ਪੁਲਸ ਨੇ ਦੋਸ਼ੀ ਬੌਬੀ ਮਲਹੋਤਰਾ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਥਾਣਾ ਮੁਖੀ ਬੁੱਲ੍ਹੋਵਾਲ ਗਿਆਨ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਪ੍ਰੈਲ ਮੁਕੱਰਰ ਕੀਤੀ ਹੈ। ਦੋਸ਼ੀ ਖਿਲਾਫ ਬੁੱਲ੍ਹੋਵਾਲ ਥਾਣੇ 'ਚ ਮਾਮਲਾ ਦਰਜ ਹੈ।
ਪੁਲਸ ਪ੍ਰਸ਼ਾਸਨ 'ਚ ਮਚ ਗਈ ਸੀ ਖਲਬਲੀ
ਵਰਨਣਯੋਗ ਹੈ ਕਿ ਹੁਸ਼ਿਆਰਪੁਰ ਦੇ ਕਸਬਾ ਬੁੱਲ੍ਹੋਵਾਲ 'ਚ ਪੰਜਾਬ ਨੈਸ਼ਨਲ ਬੈਂਕ 'ਚੋਂ 21 ਸਤੰਬਰ 2016 ਨੂੰ ਦਿਨ-ਦਿਹਾੜੇ ਚਾਰ ਹਥਿਆਰਬੰਦ ਲੁਟੇਰਿਆਂ ਨੇ 12,06,131 ਰੁਪਏ ਦੀ ਡਕੈਤੀ ਕਰ ਕੇ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਕਾਫੀ ਦਿਨਾਂ ਤੱਕ ਬੈਂਕ ਲੁੱਟ ਕਾਂਡ ਦੀ ਪੁਲਸ ਲਈ ਬੁਝਾਰਤ ਬਣੀ ਰਹੀ। ਇਸ ਦੌਰਾਨ ਪੁਲਸ ਵੱਲੋਂ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਲੁੱਟ ਨੂੰ ਅੰਜਾਮ ਅੰਮ੍ਰਿਤਸਰ ਦੇ ਗੈਂਗਸਟਰ ਬੌਬੀ ਮਲਹੋਤਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਤਾ ਸੀ। ਇਸ ਦੌਰਾਨ ਪੁਲਸ ਨੇ ਬੌਬੀ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਕਿਸ ਤਰ੍ਹਾਂ ਦਿੱਤਾ ਲੁੱਟ ਨੂੰ ਅੰਜਾਮ
ਵਰਨਣਯੋਗ ਹੈ ਕਿ 21 ਸਤੰਬਰ 2016 ਨੂੰ ਜਦੋਂ ਹੁਸ਼ਿਆਰਪੁਰ ਦੇ ਜ਼ਿਲਾ ਪੁਲਸ ਮੁਖੀ ਕੁਲਦੀਪ ਸਿੰਘ ਚਾਹਲ ਸਨ, ਉਕਤ ਬੈਂਕ ਅੰਦਰ ਲੁਟੇਰਿਆਂ ਨੇ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ 'ਤੇ ਸਟਾਫ਼ ਨੂੰ ਬੰਦੀ ਬਣਾ ਲਿਆ ਤੇ ਬਾਅਦ ਦੁਪਹਿਰ ਕਰੀਬ 3.20 ਵਜੇ ਬੈਂਕ 'ਚ ਦਾਖ਼ਲ ਹੋ ਕੇ ਇਕ ਲੁਟੇਰਾ ਫਾਰਮ ਭਰਨ ਲੱਗ ਪਿਆ। ਜਿਸ ਤੋਂ ਬਾਅਦ ਇਕ ਲੁਟੇਰਾ ਬੈਂਕ ਮੈਨੇਜਰ ਦੇ ਕੈਬਿਨ 'ਚ ਗਿਆ ਅਤੇ ਪਿਸਤੌਲ ਦੀ ਨੋਕ 'ਤੇ ਮੈਨੇਜਰ ਨੂੰ ਕੈਸ਼ੀਅਰ ਦੇ ਕੈਬਿਨ 'ਚ ਲੈ ਆਇਆ ਅਤੇ ਸਟਰਾਂਗ ਰੂਮ ਖੋਲ੍ਹਣ ਲਈ ਕਿਹਾ। ਕੈਸ਼ੀਅਰ ਅਨੁਸਾਰ ਕਰੀਬ 3 ਮਿੰਟ ਦੇ ਵਿਚ ਹੀ ਲੁਟੇਰੇ 12 ਲੱਖ 6 ਹਜ਼ਾਰ 131 ਰੁਪਏ ਦੀ ਲੁੱਟ ਕਰਕੇ ਬੈਂਕ ਦੇ ਬਾਹਰ ਖੜ੍ਹੀ ਚਿੱਟੇ ਰੰਗ ਦੀ ਆਈ-20 ਕਾਰ ਰਾਹੀਂ ਫਰਾਰ ਹੋ ਗੲੇ ਸਨ। ਵਾਰਦਾਤ ਸਮੇਂ ਬੈਂਕ 'ਚ ਕੋਈ ਸੁਰੱਖਿਆ ਕਰਮੀ ਨਹੀਂ ਸੀ।

shivani attri

This news is Content Editor shivani attri