ਇੰਪਰੂਵਮੈਂਟ ਟਰੱਸਟ ''ਤੇ ਛਾਏ ਵਿੱਤੀ ਮੰਦੀ ਦੇ ਬੱਦਲ ਛਟਣ ਦੇ ਆਸਾਰ

07/16/2019 3:39:00 PM

ਜਲੰਧਰ (ਚੋਪੜਾ)— ਦਲਜੀਤ ਸਿੰਘ ਆਹਲੂਵਾਲੀਆ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਿਯੁਕਤ ਹੋਣ ਤੋਂ ਬਾਦ ਟਰੱਸਟ 'ਤੇ ਮੰਦੀ ਦੇ ਛਾਏ ਬੱਦਲ ਛਟਣ ਦੇ ਆਸਾਰ ਬਣ ਗਏ ਹਨ। ਬੀਤੇ ਦਿਨ ਟਰੱਸਟ ਵੱਲੋਂ ਸਥਾਨਕ ਰੈੱਡ ਕਰਾਸ ਭਵਨ 'ਚ ਕਰਵਾਈ ਗਈ ਨਿਲਾਮੀ ਖਾਸੀ ਸਫਲ ਰਹੀ, ਹਾਲਾਂਕਿ ਟਰੱਸਟ ਨੇ ਆਪਣੀਆਂ ਜਾਇਦਾਦਾਂ ਤੋਂ 25 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟਾਰਗੈੱਟ ਰੱਖਿਆ ਸੀ ਪਰ ਅੱਜ ਲੰਮੇ ਅਰਸੇ ਬਾਅਦ ਟਰੱਸਟ 28 ਜਾਇਦਾਦਾਂ ਨੂੰ ਵੇਚ ਕੇ 8.75 ਕਰੋੜ ਰੁਪਏ ਇਕੱਠੇ ਕਰਨ 'ਚ ਸਫਲ ਰਿਹਾ।
ਬੀਤੇ ਦਿਨ ਹੋਈ ਨਿਲਾਮੀ 'ਚ 170 ਏਕੜ ਸਕੀਮ ਸੂਰਿਆ ਐਨਕਲੇਵ, 26.8 ਏਕੜ ਸ਼ਹੀਦ ਭਗਤ ਸਿੰਘ ਕਾਲੋਨੀ, 70.5 ਏਕੜ ਮਹਾਰਾਜ ਰਣਜੀਤ ਸਿੰਘ ਐਵੇਨਿਊ ਦੇ ਤਿੰਨੋਂ ਪ੍ਰਾਜੈਕਟਸ 'ਚ ਰੈਜ਼ੀਡੈਂਸ਼ੀਅਲ ਪਲਾਟ, ਦੁਕਾਨਾਂ, ਸ਼ਾਪ-ਕਮ-ਆਫਿਸ, ਨਰਸਿੰਗ ਹੋਮ, ਓਲਡਏਜ ਹੋਮ ਅਤੇ ਇੰਸਟੀਚਿਊਸ਼ਨਲ ਸਾਈਟਸ ਦੀ ਖੁੱਲ੍ਹੀ ਬੋਲੀ ਰੱਖੀ ਸੀ, ਜਿਨ੍ਹਾਂ 'ਚੋਂ ਸੂਰਿਆ ਐਨਕਲੇਵ 'ਚ 2 ਰਿਹਾਇਸ਼ੀ ਪਲਾਟਾਂ, 5 ਦੁਕਾਨਾਂ, 17 ਐੱਸ. ਸੀ. ਓ. ਅਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ 'ਚ 4 ਕਮਰਸ਼ੀਅਲ ਸਾਈਟਾਂ ਹੀ ਵਿਕ ਸਕੀਆਂ।
ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਚੇਅਰਮੈਨ ਆਹਲੂਵਾਲੀਆ ਨੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਹ ਇੰਨੀ ਵੱਡੀ ਗਿਣਤੀ 'ਚ ਨਿਲਾਮੀ 'ਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਲੋਕ ਬੇਖੌਫ ਹੋ ਕੇ ਟਰੱਸਟ ਦੇ ਪ੍ਰਾਜੈਕਟਾਂ 'ਚ ਵਿਸ਼ਵਾਸ ਦਿਖਾਉਣ, ਉਹ ਜਨਤਾ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਕੇ ਦਿਖਾਉਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਣ ਲੋਕਾਂ ਦਾ ਟਰੱਸਟ ਤੋਂ ਵਿਸ਼ਵਾਸ ਉਠ ਗਿਆ ਸੀ ਅਤੇ ਉਹ ਜਾਇਦਾਦਾਂ ਖਰੀਦਣ ਤੋਂ ਕਤਰਾ ਰਹੇ ਸਨ।


ਆਹਲੂਵਾਲੀਆ ਨੇ ਕਿਹਾ ਕਿ ਟਰੱਸਟ 'ਤੇ ਜੇਕਰ ਕਰੋੜਾਂ ਦਾ ਕਰਜ਼ਾ ਹੈ ਤਾਂ ਇਸ ਦੀ ਲਗਭਗ 2200 ਕਰੋੜ ਰੁਪਏ ਦੀ ਜਾਇਦਾਦ ਦੀ ਵਿਕਰੀ ਪੈਂਡਿੰਗ ਹੈ। ਜਨਤਾ 'ਚ ਵਿਸ਼ਵਾਸ ਬਹਾਲ ਕਰਕੇ ਕਮਾਈ ਨਾਲ ਟਰੱਸਟ ਆਪਣੇ ਕਰਜ਼ੇ ਉਤਾਰੇਗਾ ਅਤੇ ਹੁਣ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਜਲਦੀ ਹੀ ਟਰੱਸਟ ਦੇ ਵਿੱਤੀ ਹਾਲਾਤ ਸੁਧਰਨਗੇ ਅਤੇ ਅਗਲੇ ਮਹੀਨਿਆਂ 'ਚ ਟਰੱਸਟ ਦੀਆਂ ਯੋਜਨਾਵਾਂ 'ਚ ਟਰੱਸਟ ਦਾ ਕੰਮ ਪੂਰਾ ਕਰੇਗਾ। ਟਰੱਸਟ ਦੇ ਕਾਰਜਕਾਰੀ ਅਧਿਕਾਰੀ (ਈ. ਓ.) ਸੁਰਿੰਦਰ ਕੁਮਾਰੀ ਨੇ ਦੱਸਿਆ ਕਿ ਬੀਤੇ ਦਿਨ ਨੀਲਾਮ ਕੀਤੀ ਜਾ ਰਹੀਆਂ ਕੁਝ ਸਾਈਟਾਂ ਨੂੰ ਪੰਜਾਬ ਨੈਸ਼ਨਲ ਬੈਂਕ ਨੇ ਜ਼ਬਤ ਕਰ ਰੱਖਿਆ ਸੀ।

ਟਰੱਸਟ ਦੇ ਅਧਿਕਾਰੀਆਂ ਨੇ ਬੈਂਕ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਟਰੱਸਟ ਆਪਣੀਆਂ ਜਾਇਦਾਦਾਂ ਨੂੰ ਵੇਚ ਹੀ ਨਹੀਂ ਸਕੇਗਾ ਤਾਂ ਕਰਜ਼ਾ ਕਿਵੇਂ ਉਤਾਰੇਗਾ, ਜਿਸ 'ਤੇ ਬੈਂਕ ਤੋਂ ਕੁਝ ਜਾਇਦਾਦਾਂ ਦੀ ਐੱਨ. ਓ. ਸੀ ਹਾਸਲ ਕੀਤੀ ਗਈ, ਉਥੇ ਅੱਜ ਨੀਲਾਮੀ 'ਚ ਸੂਰਿਆ ਐਨਕਲੇਵ ਦਾ 1 ਬੂਥ ਤੇ 4 ਐੱਸ. ਸੀ. ਓ. ਸਮੇਤ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ 2 ਅਜਿਹੇ ਰਿਹਾਇਸ਼ੀ ਪਲਾਟ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਅਲਾਟੀਆਂ ਵੱਲੋਂ ਟਰੱਸਟ ਨੂੰ ਬਕਾਇਆ ਕਿਸ਼ਤਾਂ ਜਮ੍ਹਾ ਨਾ ਕਰਵਾਉਣ ਦੇ ਕਾਰਨ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸਾਈਟਾਂ ਦੀ ਬੈਂਕ ਤੋਂ ਐੱਨ. ਓ. ਸੀ. ਲਈ ਗਈ ਸੀ, ਉਨ੍ਹਾਂ ਦੀ ਵਿੱਕਰੀ ਤੋਂ ਇਕੱਠੀ ਰਕਮ ਬੈਂਕ ਨੂੰ ਜਮ੍ਹਾ ਕਰਵਾਈ ਜਾਏਗੀ ਤੇ ਬਕਾਇਆ ਰਕਮ ਤੋਂ ਟਰੱਸਟ ਆਪਣੀਆਂ ਬਾਕੀ ਦੇਣਦਾਰੀਆਂ ਅਦਾ ਕਰੇਗਾ।

ਈ. ਓ. ਸੁਰਿੰਦਰ ਕੁਮਾਰੀ ਨੇ ਨਾਕਾਰਾਤਮਕ ਮਾਹੌਲ ਨੂੰ ਸਾਕਾਰਾਤਮਕ 'ਚ ਬਦਲਿਆ
ਟਰੱਸਟ ਨੇ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੀਆਂ ਸਾਈਟਾਂ ਦੀ ਨਿਲਾਮੀ ਨੂੰ ਸ਼ੁਰੂ ਕਰਵਾਇਆ ਪਰ ਇਸ ਦੀ ਖਰੀਦਦਾਰੀ ਨੂੰ ਲੈ ਕੇ ਲੋਕਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਇਕ ਵੀ ਸਾਈਟ ਨੂੰ ਲੈ ਕੇ ਕੋਈ ਬੋਲੀਦਾਤਾ ਅੱਗੇ ਨਹੀਂ ਆਇਆ। ਅਜਿਹਾ ਹੁੰਦਾ ਦੇਖ ਕੇ ਈ. ਓ. ਸੁਰਿੰਦਰ ਕੁਮਾਰੀ ਨੇ ਦਖਲ ਦਿੰਦੇ ਹੋਏ ਇਨ੍ਹਾਂ ਸਾਈਟਾਂ ਦੀ ਬੋਲੀ ਨੂੰ ਰੁਕਵਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਸਾਈਟਾਂ ਦੀ ਖਰੀਦਦਾਰੀ 'ਚ ਫਿਲਹਾਲ ਕੋਈ ਉਤਸ਼ਾਹ ਨਹੀਂ ਦਿਖਾਇਆ, ਜਿਸ ਕਾਰਨ ਨਾਕਾਰਾਤਮਕ ਬਣ ਰਹੇ ਮਾਹੌਲ ਨੂੰ ਛੱਡ ਕੇ ਪਹਿਲਾਂ ਸੂਰਿਆ ਐਨਕਲੇਵ ਦੀਆਂ ਸਾਈਟਾਂ ਦੀ ਬੋਲੀ ਸ਼ੁਰੂ ਕੀਤੀ ਜਾਏ, ਜਿਸ 'ਚ ਲੋਕਾਂ ਦੀ ਖਾਸੀ ਦਿਲਚਸਪੀ ਵੀ ਹੈ ਤਾਂ ਕਿ ਨਿਲਾਮੀ 'ਚ ਸਾਕਾਰਾਤਮਕ ਮਾਹੌਲ ਪੈਦਾ ਹੋ ਸਕੇ। ਸੂਰਿਆ ਐਨਕਲੇਵ ਨਾਲ ਸਬੰਧਤ ਸਾਈਟਾਂ ਦੀ ਨੀਲਾਮੀ ਸ਼ੁਰੂ ਹੁੰਦਿਆਂ ਹੀ ਬੋਲੀਦਾਤਾ ਵੱਧ-ਚੜ੍ਹ ਕੇ ਬੋਲੀਆਂ ਲਗਾਉਣ ਲੱਗੇ। ਅੰਤ 'ਚ ਟਰੱਸਟ 28 ਜਾਇਦਾਦਾਂ ਨੀਲਾਮ ਕਰਨ 'ਚ ਸਫਲ ਹੋ ਗਿਆ।

ਬਿਲਟਅਪ ਬੂਥਾਂ ਅਤੇ ਛੋਟੇ ਪਲਾਟਾਂ ਦੀ ਖਰੀਦਦਾਰੀ 'ਚ ਦਿਖਿਆ ਉਤਸ਼ਾਹ
ਨਿਲਾਮੀ ਦੌਰਾਨ ਸੂਰਿਆ ਐਨਕਲੇਵ ਦੇ ਉਨ੍ਹਾਂ 4 ਬਿਲਟਅਪ ਬੂਥਸ ਨੂੰ ਖਰੀਦਣ 'ਚ ਲੋਕਾਂ ਦਾ ਸਭ ਤੋਂ ਜ਼ਿਆਦਾ ਉਤਸ਼ਾਹ ਰਿਹਾ, ਜਿਨ੍ਹਾਂ ਨੂੰ ਟਰੱਸਟ ਨੇ ਪਹਿਲਾਂ ਅਲਾਟੀਆਂ ਵੱਲੋਂ ਕਿਸ਼ਤਾਂ ਨਾ ਜਮ੍ਹਾ ਕਰਵਾਉਣ ਕਾਰਣ ਜ਼ਬਤ ਕਰ ਲਿਆ ਸੀ। ਨੀਲਾਮੀ 'ਚ ਬੂਥਾਂ ਦੇ ਪਹਿਲੇ ਅਲਾਟੀ ਵੀ ਸ਼ਾਮਿਲ ਹੋਏ ਅਤੇ ਉਹ ਵੀ ਜ਼ੋਰ-ਸ਼ੋਰ ਨਾਲ ਬੋਲੀ ਲਗਾਉਣ ਵਾਲਿਆਂ 'ਚ ਸ਼ਾਮਿਲ ਹੋਏ। ਦੂਜੇ ਪਾਸੇ ਟਰੱਸਟ ਵੱਲੋਂ ਨਰਸਿੰਗ ਹੋਮ, ਓਲਡਏਜ ਹੋਮ ਅਤੇ ਇੰਸਟੀਟਿਊਸ਼ਨਲ ਦੇ ਨਾਂ ਸਾਈਟਾਂ ਸਮੇਤ ਵੱਡੇ ਪਲਾਟਾਂ ਦੀ ਖਰੀਦਦਾਰੀ 'ਚ ਇਕ ਵੀ ਖਰੀਦਦਾਰ ਸ਼ਾਮਿਲ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੇ ਬਿਆਨਾ ਰਾਸ਼ੀ ਜਮ੍ਹਾ ਕਰਵਾਈ। ਹੁਣ ਇਨ੍ਹਾਂ ਸਾਰੀਆਂ ਸਾਈਟਾਂ ਨੂੰ ਅਗਲੀ ਨੀਲਾਮੀ 'ਚ ਸ਼ਾਮਿਲ ਕੀਤਾ ਜਾਵੇਗਾ।

ਪਹਿਲੇ ਖਰੀਦਦਾਰ ਨੂੰ ਚੇਅਰਮੈਨ ਅਤੇ ਈ. ਓ. ਨੇ ਕੀਤਾ ਸਨਮਾਨਤ
ਸੂਰਿਆ ਐਨਕਲੇਵ ਦੀਆਂ ਰਿਹਾਇਸ਼ੀ ਪ੍ਰਾਪਰਟੀਜ਼ ਤੋਂ ਨਿਲਾਮੀ ਦੀ ਸ਼ੁਰੂਆਤ ਕੀਤੀ ਗਏ ਅਤੇ ਇਸ ਨੀਲਾਮੀ ਦੀ ਸਭ ਤੋਂ ਪਹਿਲੀ ਖਰੀਦਦਾਰ ਰੋਮਾ ਸਿਡਾਨਾ ਬਣੀ ਜਿਨ੍ਹਾਂ ਨੇ ਜ਼ਿਆਦਾ ਬੋਲੀ ਲਗਾ ਕੇ ਪਲਾਟ ਖਰੀਦਿਆ, ਜਿਸ 'ਤੇ ਟਰੱਸਟ ਦੇ ਚੇਅਰਮੈਨ ਦਲਜੀਤ ਆਹਲੂਵਾਲੀਆ ਅਤੇ ਈ. ਓ. ਸੁਰਿੰਦਰ ਕੁਮਾਰੀ ਨੇ ਰੋਮਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨਤ ਕੀਤਾ।
ਅਦਾਲਤ ਦੇ ਸਟੇਅ ਕਾਰਣ ਇਕ ਰਿਹਾਇਸ਼ੀ ਪਲਾਟ ਨੂੰ ਨਿਲਾਮੀ ਸੂਚੀ 'ਚੋਂ ਕੱਢਿਆ
ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਸੂਰਿਆ ਐਨਕਲੇਵ ਦੇ ਇਕ ਰਿਹਾਇਸ਼ੀ ਪਲਾਟ 'ਤੇ ਚਲ ਰਹੇ ਵਿਵਾਦ 'ਤੇ ਅਦਾਲਤ ਨੇ ਸਟੇਅ ਦੇ ਦਿੱਤਾ, ਜਿਸ ਕਾਰਨ ਮੌਕੇ 'ਤੇ ਹੀ ਉਕਤ ਪਲਾਟ ਨੂੰ ਨੀਲਾਮੀ ਦੀ ਸੂਚੀ 'ਚੋਂ ਬਾਹਰ ਕੱਢ ਦਿੱਤਾ ਗਿਆ।

shivani attri

This news is Content Editor shivani attri