ਭਾਰੀ ਬਰਸਾਤ ਕਾਰਨ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ 100 ਏਕੜ ਤੋਂ ਵੱਧ ਫ਼ਸਲ ਪਾਣੀ 'ਚ ਡੁੱਬੀ

07/22/2022 4:26:51 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਟਾਂਡਾ ਇਲਾਕੇ 'ਚ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਬੇਟ ਖੇਤਰ ਅਧੀਨ ਆਉਂਦੇ ਪਿੰਡ ਫਿਰੋਜ਼, ਰੌਲੀਆਂ, ਨੱਥੂਪੁਰ, ਮੁੰਨਣਾ ਇਬਰਾਹੀਮਪੁਰ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੀ ਕਰੀਬ 100 ਏਕੜ ਤੋਂ ਵੱਧ   ਝੋਨੇ ਦੀ ਫ਼ਸਲ ਬਰਸਾਤੀ ਪਾਣੀ 'ਚ ਡੁੱਬ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਭਾਵਿਤ ਕਿਸਾਨ ਮਨਦੀਪ ਸਿੰਘ ਮੰਗਾ, ਨਰਿੰਦਰ ਸਿੰਘ, ਰਵਿੰਦਰ ਸਿੰਘ, ਜਸਵੀਰ ਸਿੰਘ, ਜੋਗਿੰਦਰ ਸਿੰਘ ਸਾਧੂ ਸਿੰਘ, ਜਸਬੀਰ ਸਿੰਘ ਰੌਲੀਆਂ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ  ਪਿੰਡ ਪ੍ਰੇਮਪੁਰ ਕਾਲੀ ਵੇਈਂ 'ਤੇ ਸਥਿਤ ਪੁਲ ਦੀ ਉਸਾਰੀ ਦੇ ਚੱਲਦਿਆਂ ਅਤੇ ਨਿਕਾਸੀ  ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਇਨ੍ਹਾਂ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪ੍ਰਭਾਵਿਤ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ ਪੁਲ ਦੀ ਉਸਾਰੀ ਦਾ ਕੰਮ ਨੇਪਰੇ ਚਾੜ੍ਹਿਆ ਹੁੰਦਾ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਸਬੰਧਿਤ ਵਿਭਾਗ ਕੋਲੋਂ ਕਰਵਾਈ ਹੁੰਦੀ ਤਾਂ ਉਨ੍ਹਾਂ ਨੂੰ ਅੱਜ ਇਨ੍ਹਾਂ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ। ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਵਾਉਣ ਅਤੇ ਫ਼ਸਲ ਡੁੱਬ ਜਾਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਕੁਰਾਲਾ 
ਇਸ ਸਮੱਸਿਆ ਸਬੰਧੀ ਜਦੋਂ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਨੂੰ ਨਾਲ ਲੈ ਕੇ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਨਣਗੇ ਅਤੇ ਪ੍ਰਸ਼ਾਸਨ ਨੂੰ ਢੁੱਕਵੀਂ ਕਾਰਵਾਈ ਕਰਨ ਲਈ ਕਹਿਣਗੇ।


Babita

Content Editor

Related News