ਮਹਾਨਗਰ ’ਚ ਵਧਿਆ ਕ੍ਰਾਈਮ, ਚੋਰਾਂ ਦੇ ਹੌਂਸਲੇ ਬੁਲੰਦ, ਰਾਤ ਸਮੇਂ ਕਰ ਰਹੇ ਵੱਡੀਆਂ ਵਾਰਦਾਤਾਂ
Thursday, Nov 23, 2023 - 11:59 AM (IST)
ਜਲੰਧਰ (ਮਹੇਸ਼)- ਮਹਾਨਗਰ ’ਚ ਖਾਸ ਕਰਕੇ ਰਾਤ ਦੇ ਸਮੇਂ ਪੁਲਸ ਦੀ ਗਸ਼ਤ ਦੀ ਘਾਟ ਕਾਰਨ ਕ੍ਰਾਈਮ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੇ ਮਨਾਂ ’ਚ ਚੋਰਾਂ-ਲੁਟੇਰਿਆਂ ਦਾ ਡਰ ਸਾਫ਼ ਨਜ਼ਰ ਆ ਰਿਹਾ ਹੈ। ਰੋਜ਼ਾਨਾ ਰਾਤ ਆਪਣੀ ਡਿਊਟੀ ਖ਼ਤਮ ਕਰਕੇ ਘਰਾਂ ਨੂੰ ਜਾਣ ਵਾਲੇ ਮੀਡੀਆ ਕਰਮਚਾਰੀ ਵੀ ਲੁਟੇਰਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਮੰਗਲਵਾਰ ਰਾਤ ਕਰੀਬ 11 ਵਜੇ ਨਵੀਂ ਬਾਰਾਂਦਰੀ ਦੇ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ’ਚ ਇਕ ਚੋਰ ਚੋਰੀ ਦੀ ਨੀਅਤ ਨਾਲ ਦਾਖ਼ਲ ਹੋਇਆ।
ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਮੰਦਿਰ ਨੇੜੇ ਰਹਿੰਦੇ ਚੇਤਨ ਨੇ ਸੈਰ ਕਰਦੇ ਸਮੇਂ ਇਕ ਅਣਪਛਾਤੇ ਵਿਅਕਤੀ ਨੂੰ ਮੰਦਿਰ ਦੀ ਕੰਧ ਨਾਲ ਖੜ੍ਹਾ ਵੇਖਿਆ। ਉਸ ਨੇ ਇਸ ਸਬੰਧੀ ਮੰਦਿਰ ਦੇ ਪੁਜਾਰੀ ਪੰਡਿਤ ਸ਼ੀਤਲ ਮੱਲ ਸ਼ਰਮਾ ਨੂੰ ਫੋਨ ’ਤੇ ਸੂਚਨਾ ਦਿੱਤੀ, ਜਿਸ ਨੇ ਤੁਰੰਤ ਆਪਣੇ ਕਮਰੇ ’ਚੋਂ ਬਾਹਰ ਆ ਕੇ ਚੋਰ ਨੂੰ ਕਾਬੂ ਕਰ ਲਿਆ। ਪੰਡਿਤ ਨੇ ਇਸ ਦੀ ਸੂਚਨਾ ਮੰਦਿਰ ਦੇ ਪ੍ਰਧਾਨ ਰਵੀਸ਼ੰਕਰ ਸ਼ਰਮਾ ਤੇ ਹੋਰ ਅਹੁਦੇਦਾਰਾਂ ਨੂੰ ਦਿੱਤੀ, ਜਿਸ ਤੋਂ ਬਾਅਦ ਕਮੇਟੀ ਮੈਂਬਰ ਗੁਰਬਚਨ ਸਿੰਘ ਤੇ ਹੋਰ ਵੀ ਉੱਥੇ ਆ ਗਏ।
ਇਹ ਵੀ ਪੜ੍ਹੋ: ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਕਾਰ ਤੇ ਆਟੋ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ
ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਦਿਰ ’ਚ ਦਾਖਲ ਹੋਏ ਚੋਰ ਬਾਰੇ ਪੁਲਸ ਦੇ ਹੈਲਪਲਾਈਨ ਨੰਬਰ 112 ’ਤੇ 3 ਵਾਰ ਸੂਚਨਾ ਦਿੱਤੀ ਪਰ ਕਰੀਬ ਇਕ ਘੰਟਾ ਬੀਤ ਜਾਣ 'ਤੇ ਵੀ ਕੋਈ ਪੁਲਸ ਕਰਮਚਾਰੀ ਉਥੇ ਨਹੀਂ ਆਇਆ, ਜਿਸ ਦਾ ਫਾਇਦਾ ਉਠਾਉਂਦੇ ਹੋਏ ਚੋਰ ਪੁਜਾਰੀ ਸ਼ੀਤਲ ਮੱਲ ਸ਼ਰਮਾ ਤੇ ਹੋਰਾਂ ਨੂੰ ਚਕਮਾ ਦੇ ਕੇ ਕੰਧ ਟੱਪ ਕੇ ਭੱਜਣ ’ਚ ਕਾਮਯਾਬ ਹੋ ਗਿਆ। ਪੰਡਿਤ ਅਤੇ ਹੋਰਨਾਂ ਨੇ ਪੁਲਸ ’ਤੇ ਦੋਸ਼ ਲਾਇਆ ਕਿ ਜੇਕਰ ਪੁਲਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਚੋਰ ਫ਼ਰਾਰ ਨਾ ਹੁੰਦਾ ਤੇ ਉਸ ਦੇ ਫੜੇ ਜਾਣ ਨਾਲ ਪੁਲਸ ਨੂੰ ਚੋਰੀ ਦੀਆਂ ਹੋਰ ਵੀ ਕਈ ਵਾਰਦਾਤਾਂ ਦਾ ਪਤਾ ਲਾਉਣ ’ਚ ਮਦਦ ਮਿਲਦੀ।
ਪਹਿਲਾਂ ਵੀ 2 ਵਾਰ ਹੋ ਚੁੱਕੀ ਹੈ ਚੋਰੀ
ਪੰਡਿਤ ਸ਼ੀਤਲ ਮੱਲ ਸ਼ਰਮਾ ਤੇ ਮੰਦਿਰ ਕਮੇਟੀ ਮੈਂਬਰ ਗੁਰਬਚਨ ਨੇ ਦੱਸਿਆ ਕਿ ਇਸ ਮੰਦਿਰ ’ਚ ਪਹਿਲਾਂ ਵੀ 2 ਵਾਰ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ। 4 ਮਹੀਨੇ ਪਹਿਲਾਂ ਸ਼ਨੀਦੇਵ ਦੇ ਮੰਦਿਰ ’ਚੋਂ ਚੋਰ ਗੋਲਕ ਚੋਰੀ ਕਰ ਕੇ ਲੈ ਗਏ ਸਨ। ਇਹ ਘਟਨਾ ਮੰਦਿਰ ’ਚ ਲੱਗੇ ਸੀ.ਸੀ.ਟੀ.ਵੀ. ’ਚ ਕੈਦ ਹੋ ਗਈ। ਕੈਮਰੇ 'ਚ ਦੇਖਿਆ ਗਿਆ ਕਿ ਚੋਰ ਨੇ ਪਹਿਲਾਂ ਮੰਦਿਰ ’ਚ ਮੱਥਾ ਟੇਕਿਆ, ਫਿਰ ਗੋਲਕ ਦਾ ਤਾਲਾ ਖੋਲ੍ਹਿਆ ਤੇ ਉਸ ਤੋਂ ਬਾਅਦ ਉਸ ਨੂੰ ਚੁੱਕ ਕੇ ਭੱਜ ਗਿਆ।
ਇਸੇ ਤਰ੍ਹਾਂ ਇਕ ਮਹੀਨਾ ਪਹਿਲਾਂ ਚੋਰ ਮੰਦਿਰ ’ਚ ਬਣੇ ਬਾਥਰੂਮ ਤੇ ਬਾਹਰਲੇ ਗੇਟ ਕੋਲ ਲੱਗੀਆਂ ਟੂਟੀਆਂ ਚੋਰੀ ਕਰ ਕੇ ਲੈ ਗਏ ਸਨ। ਮੰਦਿਰ ਕਮੇਟੀ ਅਤੇ ਪੁਜਾਰੀ ਨੇ ਇਸ ਸਬੰਧੀ ਸਬੰਧਤ ਥਾਣਾ ਨਵੀਂ ਬਾਰਾਂਦਰੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਦੋਵਾਂ ਘਟਨਾਵਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹੀ ਕਾਰਨ ਹੈ ਕਿ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਅਤੇ ਮੰਗਲਵਾਰ ਰਾਤ ਨੂੰ ਫਿਰ ਤੋਂ ਮੰਦਿਰ ’ਚ ਦਾਖਲ ਹੋ ਗਿਆ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ, ਗੁਰਦੁਆਰਾ ਸਾਹਿਬ 'ਚ ਪੁਲਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ, ਇਕ ਪੁਲਸ ਮੁਲਾਜ਼ਮ ਦੀ ਮੌਤ
ਪੁਲਸ ਕਮਿਸ਼ਨਰ ਨੂੰ ਕੀਤੀ ਗਸ਼ਤ ਯਕੀਨੀ ਬਣਾਉਣ ਦੀ ਮੰਗ
ਮੰਦਿਰ ਕਮੇਟੀ ਤੇ ਪੰਡਿਤ ਸ਼ੀਤਲ ਮੱਲ ਸ਼ਰਮਾ ਨੇ ਸ਼ਹਿਰ ਦੇ ਨਵੇਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਅੰਦਰ ਪੁਲਿਸ ਨਾਕਾਬੰਦੀ ਤੇ ਗਸ਼ਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ’ਚ ਪੁਲਸ ਦਾ ਡਰ ਪੈਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਬੰਧਤ ਥਾਣਿਆਂ ਦੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।
ਇਹ ਵੀ ਪੜ੍ਹੋ: ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711