ਹਾਈਵੇਅ ''ਤੇ ਲੁੱਟੀ ਕਰੇਟਾ ਗੱਡੀ ਨੂੰ ਟਰੇਸ ਕਰਨ ''ਚ ਜੁਟੀ ਪੁਲਸ

01/28/2020 10:43:13 AM

ਜਲੰਧਰ (ਵਰੁਣ)— 25 ਜਨਵਰੀ ਦੀ ਰਾਤ ਬਾਠ ਕੈਸਲ ਦੇ ਬਾਹਰੋਂ ਲੁੱਟੀ ਗਈ ਪ੍ਰਾਪਰਟੀ ਕਾਰੋਬਾਰੀ ਦੀ ਕਰੇਟਾ ਗੱਡੀ ਨੂੰ ਟਰੇਸ ਕਰਨ ਲਈ ਪੁਲਸ ਹਰ ਕੋਸ਼ਿਸ਼ 'ਚ ਜੁਟੀ ਹੋਈ ਹੈ। ਸੋਮਵਾਰ ਨੂੰ ਟ੍ਰੈਫਿਕ ਪੁਲਸ ਅਤੇ ਪੀ. ਸੀ. ਆਰ. ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ 'ਤੇ ਨਾਕੇ ਲਾ ਕੇ ਉਥੋਂ ਲੰਘਣ ਵਾਲੀਆਂ ਸਾਰੀਆਂ ਕਰੇਟਾ ਗੱਡੀਆਂ ਦੀ ਤਲਾਸ਼ੀ ਲਈ। ਹਾਲਾਂਕਿ ਚਰਚਾ ਇਹ ਵੀ ਰਹੀ ਕਿ ਲੁਟੇਰੇ ਪ੍ਰਾਪਰਟੀ ਕਾਰੋਬਾਰੀ ਤੋਂ ਕਰੇਟਾ ਲੁੱਟ ਕੇ ਫਗਵਾੜਾ ਵਲ ਲੈ ਗਏ ਸਨ ਤਾਂ ਸ਼ਹਿਰ 'ਚ ਚੈਕਿੰਗ ਦਾ ਕੀ ਮਤਲਬ। ਅਸਲ ਵਿਚ ਬਾਠ ਕੈਸਲ ਦੇ ਬਾਹਰੋਂ ਪਾਰਕਿੰਗ ਦੇ ਕਰਿੰਦੇ ਤੋਂ ਜਦੋਂ ਕਰੇਟਾ ਗੱਡੀ ਲੁੱਟੀ ਗਈ ਉਦੋਂ ਬਾਠ ਕੈਸਲ ਵਿਚ ਹੋ ਰਹੇ ਵਿਆਹ ਸਮਾਰੋਹ ਵਿਚ ਅੰਦਰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਸ਼ਾਮਲ ਹੋਣ ਆਏ ਸਨ। ਇਸ ਲੁੱਟ ਕਾਂਡ ਤੋਂ ਬਾਅਦ ਪੁਲਸ ਦੀ ਕਾਫੀ ਕਿਰਕਿਰੀ ਹੋਈ ਸੀ, ਜਿਸ ਕਾਰਨ ਪੁਲਸ ਹਰ ਬਿੰਦੂ ਤੋਂ ਇਸ ਕਰੇਟਾ ਨੂੰ ਤਲਾਸ਼ਣ ਵਿਚ ਜੁਟੀ ਹੋਈ ਹੈ।

ਕਰੇਟਾ ਨੂੰ ਲੱਭਣ ਲਈ ਟ੍ਰੈਫਿਕ ਪੁਲਸ ਦੀ ਵੀ ਮਦਦ ਲਈ ਜਾ ਰਹੀ ਹੈ, ਜਦੋਂਕਿ ਨਾਲ ਤਾਇਨਾਤ ਕੀਤੀਆਂ ਗਈਆਂ ਪੀ. ਸੀ. ਆਰ. ਟੀਮਾਂ ਕਰੇਟਾ ਦੀ ਸਾਰੀ ਡਿਟੇਲ ਨੋਟ ਕਰ ਰਹੀਆਂ ਸੀ। ਪੁਲਸ ਨੇ ਚੈਕਿੰਗ ਦੌਰਾਨ ਰਜਿਸਟਰੇਸ਼ਨ ਨੰਬਰ ਤੋਂ ਲੈ ਕੇ ਇੰਜਣ ਨੰਬਰ ਅਤੇ ਚੈਸੀ ਨੰਬਰ ਦੀ ਵੀ ਜਾਂਚ ਕੀਤੀ ਤਾਂ ਕਿ ਜੇਕਰ ਨੰਬਰ ਪਲੇਟ ਕਿਸੇ ਹੋਰ ਵਾਹਨ ਦੀ ਲੱਗੀ ਹੋਈ ਤਾਂ ਉਸ ਦਾ ਪਤਾ ਲੱਗ ਸਕੇ। ਦੱਸ ਦੇਈਏ ਕਿ 25 ਜਨਵਰੀ ਦੀ ਰਾਤ ਕਰੀਬ 10 ਵਜੇ ਲੁਟੇਰਿਆਂ ਨੇ ਵੇਲੇ ਪਾਰਕਿੰਗ ਵਿਚ ਗੱਡੀ ਪਾਰਕ ਕਰਨ ਜਾ ਰਹੇ ਕਰਿੰਦੇ ਨੂੰ ਅਗਵਾ ਕਰਕੇ ਉਸ ਤੋਂ ਕਰੇਟਾ ਗੱਡੀ ਲੁੱਟ ਲਈ ਸੀ। ਉਕਤ ਗੱਡੀ ਮਾਡਲ ਟਾਊਨ ਦੇ ਰਹਿਣ ਵਾਲੇ ਪ੍ਰਾਪਰਟੀ ਕਾਰੋਬਾਰੀ ਕਮਲਜੀਤ ਸਿੰਘ ਦੀ ਸੀ ਜੋ ਬਾਠ ਕੈਸਲ ਵਿਚ ਆਪਣੇ ਸਾਲੇ ਦੇ ਵਿਆਹ 'ਤੇ ਆਏ ਸਨ।


shivani attri

Content Editor

Related News