'ਕੋਵਿਡ-19 ਦੇ ਹਲਕੇ ਲੱਛਣਾਂ ਵਾਲੇ ਮਰੀਜ਼ ਸਵੈ ਘੋਸ਼ਣਾ ਪੱਤਰ ਦੇ ਕੇ ਘਰ 'ਚ ਹੋ ਸਕਦੇ ਨੇ ਇਕਾਂਤਵਾਸ'

08/26/2020 12:28:15 AM

ਹੁਸ਼ਿਆਰਪੁਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਸਬੰਧੀ ਜਾਂਚ ਲਈ ਸੈਂਪਲ ਦੇਣ ਤੋਂ ਬਾਅਦ ਪਾਜ਼ੇਟਿਵ ਆਉਣ 'ਤੇ ਮਰੀਜ਼ ਘਰ 'ਚ ਹੀ ਇਕਾਂਤਵਾਸ ਹੋਣ ਲਈ ਬਿਨੈ ਪੱਤਰ ਦੇ ਸਕਦੇ ਹਨ। ਇਸ ਤੋਂ ਪਹਿਲਾਂ ਸਵੈ ਘੋਸ਼ਣਾ ਪੱਤਰ 'ਤੇ ਪ੍ਰਸ਼ਾਸਨਿਕ ਅਧਿਕਾਰੀ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਸੀ। ਇਹ ਵਿਚਾਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮੰਗਲਵਾਰ ਨੂੰ ਕੋਵਿਡ-19 ਸਬੰਧੀ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੱਖੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਲੱਛਣਾਂ ਤੋਂ ਰਹਿਤ ਹਲਕੇ ਲੱਛਣਾਂ ਵਾਲੇ ਮਰੀਜ਼ ਹੁਣ ਆਪਣਾ ਸੈਂਪਲ ਕਰਵਾਉਣ ਮੌਕੇ  ਕੁਝ ਸ਼ਰਤਾਂ 'ਤੇ ਆਧਾਰਿਤ ਸਵੈ ਘੋਸ਼ਣਾ ਪੱਤਰ ਭਰ ਸਕਦੇ ਹਨ, ਜਿਸ 'ਚ ਉਹ ਘਰ 'ਚ ਇਕਾਂਤਵਾਸ ਹੋ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ ਘੋਸ਼ਣਾ ਪੱਤਰ ਦੇ ਕੇ ਇਕਾਂਤਵਾਸ ਹੋਣ ਵਾਲੇ ਮਰੀਜ਼ਾਂ ਨੂੰ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਹੋਮ ਕੁਆਰੰਟਾਈਨ ਮਰੀਜ਼ ਦੇ ਕੋਲ ਇਕ ਥਰਮਾਮੀਟਰ, ਇਕ ਪਲਸ ਆਕਸੀਮੀਟਰ, ਵਿਟਾਮਿਨ-ਸੀ ਅਤੇ ਜਿੰਕ ਦੀਆਂ ਗੋਲੀਆਂ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਇਕਾਂਤਵਾਸ ਮਰੀਜ਼ਾਂ ਦੀ ਸਿਹਤ ਦਾ ਲਗਾਤਾਰ ਫਾਲੋਅੱਪ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫਾਲੋਅੱਪ ਦੌਰਾਨ ਮਰੀਜ਼ ਵਲੋਂ ਸਵੈ ਘੋਸ਼ਣਾ ਪੱਤਰ ਦੀ ਉਲੰਘਣਾ ਜਾਂ ਸਿਹਤ 'ਚ ਗੜਬੜੀ ਸਾਹਮਣੇ ਆਉਂਦੀ ਹੈ ਤਾਂ ਮਰੀਜ਼ ਨੂੰ ਇਲਾਜ ਲਈ ਕੋਵਿਡ ਸਿਹਤ ਕੇਂਦਰ 'ਚ ਦਾਖਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ 60 ਸਾਲ ਦੀ ਉਮਰ ਦੇ ਉਹ ਮਰੀਜ਼ ਜੋ ਕੋਵਿਡ-19 ਪਾਜ਼ੇਟਿਵ ਤਾਂ ਪਾਏ ਗਏ ਹਨ ਪਰ ਜਿਨ੍ਹਾਂ 'ਚ ਬਿਮਾਰੀ ਦੇ ਲੱਛਣ ਨਹੀਂ ਮਿਲਦੇ ਜਾਂ ਹਲਕੇ ਲੱਛਣ ਹਨ ਵੀ ਘਰ ਵਿੱਚ ਇਕਾਂਤਵਾਸ ਕੀਤੇ ਜਾ ਸਕਦੇ ਹਨ। ਕੋਵਿਡ ਪਾਜ਼ੇਟਿਵ ਗਰਭਵਤੀ ਜਨਾਨੀਆਂ ਜੋ ਕਿ ਹਾਈ ਰਿਸਕ ਨਾ ਹੋਣ ਅਤੇ ਨਾ ਹੀ ਤਿੰਨ ਹਫਤਿਆਂ ਤੱਕ ਡਿਲੀਵਰੀ ਹੋਣੀ ਹੈ, ਵੀ ਜਨਾਨਾ ਰੋਗ ਮਾਹਿਰਾਂ ਦੀ ਰਾਏ ਨਾਲ ਘਰ 'ਚ ਇਕਾਂਤਵਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕਾਂਤਵਾਸ ਕੀਤੇ ਹਰ ਕੋਵਿਡ ਪਾਜ਼ੇਟਿਵ ਮਰੀਜ਼ ਨੂੰ ਸਰਕਾਰ ਦੀ ਮੋਬਾਇਲ ਕੋਵਾ ਐਪ ਡਾਊਨਲੋਡ ਕਰਨਾ ਜ਼ਰੂਰੀ ਹੈ।

ਅਪਨੀਤ ਰਿਆਤ ਨੇ ਇਸ ਦੌਰਾਨ ਸਿਵਲ ਸਰਜਨ ਨੂੰ ਡਾਟਾ ਸੈਲ ਦਾ ਗਠਨ ਕਰਨ ਦੇ ਨਿਰਦੇਸ਼ ਦਿੰਦੇ ਹੋਏ ਪਾਜ਼ੇਟਿਵ ਮਰੀਜ਼ਾਂ ਦੀ ਕਲੋਜ਼ ਕੰਟੈਕਟ ਟਰੇਸਿੰਗ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਕੰਟੈਕਟ ਟਰੇਸਿੰਗ ਅਤੇ ਹੋਮ ਆਈਸੋਲੇਸ਼ਨ ਚੈਕ ਕਰਨ ਲਈ ਸਬ ਡਿਵੀਜ਼ਨ ਪੱਧਰ 'ਤੇ ਚਾਰ ਮੈਂਬਰੀ ਟੀਮ ਬਣਾਈ ਗਈ ਹੈ ਜਿਸ ਵਿੱਚ ਸਬੰਧਤ ਐਸ.ਡੀ.ਐਮ, ਸ਼ਹਿਰੀ ਖੇਤਰ ਵਿੱਚ ਈ.ਓ ਅਤੇ ਪੇਂਡੂ ਖੇਤਰ ਵਿੱਚ ਬੀ.ਡੀ.ਪੀ.ਓ, ਡੀ.ਐਸ.ਪੀ. (ਹੈਡਕੁਆਰਟਰ) ਅਤੇ ਸਬੰਧਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹੀ ਤਰੀਕੇ ਨਾਲ ਕੀਤੀ ਗਈ ਕੰਟੈਕਟ ਟਰੇਸਿੰਗ ਨਾਲ ਹੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ ਅਤੇ ਕੰਟੈਕਟ ਟਰੇਸਿੰਗ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਸਬੰਧਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਖੇਤਰ ਦੇ ਹੋਮ ਐਸੋਲੇਸ਼ਨ ਦਾ ਦੌਰਾ ਯਕੀਨੀ ਬਣਾਉਣ। ਉਨ੍ਹਾਂ ਸਖਤ ਸ਼ਬਦਾਂ ਵਿੱਚ ਕਿਹਾ ਕਿ ਹੋਮ ਆਈਸੋਲੇਸ਼ਨ ਦੀ ਉਲੰਘਣਾ ਕਰਨ ਵਾਲੇ ਨੂੰ 2000 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਵਾਰ-ਵਾਰ ਉਲਘਣਾ ਕਰਨ ਵਾਲੇ ਖਿਲਾਫ ਐਫ.ਆਈ.ਆਰ ਵੀ ਦਰਜ ਕੀਤੀ ਜਾਵੇਗੀ। ਇਸ ਲਈ ਉਹ ਦੌਰੇ ਦੌਰਾਨ ਲੋਕਾਂ ਨੂੰ ਇਸ ਸਬੰਧੀ ਵੀ ਜਾਗਰੂਕ ਕਰਨ ਤਾਂ ਜੋ ਹੋਮ ਆਈਸੋਲੇਸ਼ਨ ਦੀ ਉਲੰਘਣਾ ਨਾ ਹੋ ਸਕੇ।ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਐਸ.ਪੀ.ਆਰ.ਪੀ.ਐਸ ਸੰਧੂ, ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿਘ, ਸਹਾਇਕ ਕਮਿਸ਼ਨਰ (ਜ) ਕਿਰਪਾਲ ਵੀਰ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਐਪੋਡੀਮੋਲਾਜਿਸਟ ਡਾ. ਸੈਲੇਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

 

Deepak Kumar

This news is Content Editor Deepak Kumar