ਰੋਹਣ ਸਹਿਗਲ ਨੂੰ ਬਚਾਉਣ ''ਚ ਲੱਗੇ ਸੰਸਦ ਮੈਂਬਰ ਸੰਤੋਖ ਚੌਧਰੀ

03/16/2019 11:04:45 AM

ਜਲੰਧਰ (ਖੁਰਾਣਾ)— ਵਾਰਡ ਨੰ. 26 ਤੋਂ ਕਾਂਗਰਸੀ ਕੌਂਸਲਰ ਰੋਹਣ ਸਹਿਗਲ ਨੇ ਬੀਤੇ ਦਿਨ ਆਪਣੇ ਵਾਰਡ ਦੀ ਸਫਾਈ ਵਿਵਸਥਾ ਤੋਂ ਨਾਰਾਜ਼ ਹੋ ਕੇ ਕੌਂਸਲਰਸ਼ਿੱਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ, ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਨਾ ਮੇਅਰ ਨੂੰ ਭੇਜਿਆ ਅਤੇ ਨਾ ਹੀ ਨਿਗਮ ਕਮਿਸ਼ਨਰ ਆਫਿਸ, ਜਿਸ ਕਾਰਨ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਚ ਗਿਆ।
ਰੋਹਣ ਸਹਿਗਲ ਵੱਲੋਂ ਅਸਤੀਫਾ ਦੇਣ ਦੇ ਬਾਅਦ ਸੱਤਾਧਾਰੀ ਕਾਂਗਰਸ 'ਚ ਜ਼ਬਰਦਸਤ ਹਲਚਲ ਹੋਈ। ਵਿਧਾਇਕ ਪ੍ਰਗਟ ਸਿੰਘ ਤੇ ਹੋਰ ਆਗੂ ਵੀ ਇਸ ਮਾਮਲੇ 'ਚ ਰੋਹਣ ਸਹਿਗਲ ਦੇ ਵਿਰੁੱਧ ਨਜ਼ਰ ਆਏ। ਚੰਡੀਗੜ੍ਹ 'ਚ ਵੀ ਕਾਂਗਰਸੀ ਅਗਵਾਈ ਰੋਹਣ ਸਹਿਗਲ ਨੂੰ ਪਾਰਟੀ 'ਚੋਂ ਕੱਢਣ ਲਈ ਪੱਬਾਂ ਭਾਰ ਦਿਸੇ ਪਰ ਹੁਣ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਰੋਹਣ ਸਹਿਗਲ ਨੂੰ ਬਚਾਉਣ 'ਚ ਲੱਗੇ ਹੋਏ ਹਨ। ਅੱਜ ਸ਼ਾਮ ਰੋਹਣ ਸਹਿਗਲ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਘਰ ਵੀ ਗਏ। ਰੋਹਣ ਨੇ ਦੁਹਰਾਇਆ ਕਿ ਫਿਲਹਾਲ ਉਨ੍ਹਾਂ ਨੂੰ ਜ਼ਿਲਾ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਦੇਵ ਵੱਲੋਂ ਭੇਜਿਆ ਗਿਆ ਨੋਟਿਸ ਵੀ ਪ੍ਰਾਪਤ ਨਹੀਂ ਹੋਇਆ।

ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੀਤੇ ਦਿਨ ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਹਣ ਸਹਿਗਲ ਨੇ ਜੋ ਕੀਤਾ, ਉਹ ਅਨੁਸ਼ਾਸਨਹੀਣਤਾ ਦੇ ਦਾਇਰੇ 'ਚ ਆਉਂਦਾ ਹੈ। ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਰੋਹਣ ਸਹਿਗਲ ਨੇ ਨਗਰ ਨਿਗਮ ਕੰਪਲੈਕਸ 'ਚ ਹਵਨ ਯੱਗ ਕਰਵਾ ਕੇ ਪਾਰਟੀ ਲਾਈਨ ਵਿਰੁੱਧ ਕੰਮ ਕੀਤਾ ਸੀ ਅਤੇ ਐੱਲ. ਈ. ਡੀ. ਮੁੱਦੇ 'ਤੇ ਵੀ ਉਨ੍ਹਾਂ ਦਾ ਵਿਰੋਧ ਪ੍ਰਗਟ ਕਰਨ ਦਾ ਤਰੀਕਾ ਜਾਇਜ਼ ਨਹੀਂ ਸੀ। ਸੁਨੀਲ ਜਾਖੜ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਪਾਰਟੀ 'ਚ ਅਨੁਸ਼ਾਸਨਹੀਣਤਾ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਜ਼ਿਲਾ ਕਾਂਗਰਸ ਪ੍ਰਧਾਨ ਜਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਰੋਹਣ ਸਹਿਗਲ 'ਤੇ ਐਕਸ਼ਨ ਲੈਂਦਾ ਹੈ ਜਾਂ ਸੰਸਦ ਮੈਂਬਰ ਸੰਤੋਖ ਚੌਧਰੀ ਉਨ੍ਹਾਂ ਨੂੰ ਬਚਾਉਣ 'ਚ ਕਾਮਯਾਬ ਹੋ ਜਾਂਦੇ ਹਨ।

shivani attri

This news is Content Editor shivani attri