ਨਿਗਮ ਕੋਲ ਨਾ ਸੜਕਾਂ ਬਣਾਉਣ ਲਈ ਪੈਸੇ ਤੇ ਨਾ ਹੀ ਇਸ ਕੋਲੋਂ ਤਨਖਾਹ ਦਿੱਤੀ ਜਾ ਰਹੀ

06/25/2019 4:59:49 PM

ਜਲੰਧਰ (ਖੁਰਾਣਾ)— ਪੰਜਾਬ 'ਚ ਮਾਨਸੂਨ ਆਉਣ 'ਚ ਇਕ ਹਫਤੇ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ 'ਚ ਜਲੰਧਰ ਸ਼ਹਿਰ 'ਚ ਸੜਕਾਂ ਬਣਾਉਣ ਦੇ ਕੰਮ ਦੋ ਮਹੀਨੇ ਲਈ ਲਟਕ ਜਾਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਸ਼ਹਿਰ ਦੇ ਅੰਦਰੂਨੀ ਵਾਰਡਾਂ ਦੀ ਗੱਲ ਕਰੀਏ ਅਤੇ ਮੇਨ ਸੜਕਾਂ ਨੂੰ ਛੱਡ ਦੇਈਏ ਤਾਂ ਨਿਗਮ ਠੇਕੇਦਾਰਾਂ ਨੇ 100 ਦੇ ਕਰੀਬ ਕੰਮ ਰੋਕੇ ਹੋਏ ਹਨ। ਕਈ ਮੁਹੱਲਿਆਂ 'ਚ ਗਲੀਆਂ ਨੂੰ ਤਾਂ ਤੋੜ ਲਿਆ ਗਿਆ ਹੈ ਪਰ ਉਨ੍ਹਾਂ 'ਤੇ ਨਾ ਤਾਂ ਲੁੱਕ ਬਜ਼ਰੀ ਦੀ ਪਰਤ, ਨਾ ਹੀ ਕੰਕਰੀਟ ਵਿਛਾਇਆ ਜਾ ਰਿਹਾ ਹੈ। ਇਸ ਸਥਿਤੀ ਨੂੰ ਲੈ ਕੇ ਸ਼ਹਿਰ ਦੀ ਕਾਂਗਰਸੀ ਲੀਡਰਸ਼ਿਪ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਬਰਸਾਤਾਂ ਸ਼ੁਰੂ ਹੋਣ ਤੋਂ ਬਾਅਦ ਟੁੱਟੀਆਂ ਸੜਕਾਂ ਹੋਣ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਦੌਰਾਨ ਨਿਗਮ ਦੇ ਐੱਸ. ਈ. ਅਸ਼ਵਨੀ ਚੌਧਰੀ ਨੇ ਬੀਤੇ ਦਿਨ ਨਿਗਮ ਠੇਕੇਦਾਰਾਂ ਨਾਲ ਇਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪੈਂਡਿੰਗ ਕੰਮ ਨਿਬੇੜਨ ਲਈ ਕਿਹਾ। ਠੇਕੇਦਾਰਾਂ ਦਾ ਕਹਿਣਾ ਹੈ ਕਿ ਨਿਗਮ ਉਨ੍ਹਾਂ ਨੂੰ ਪੇਮੈਂਂਟ ਰਿਲੀਜ਼ ਕਰੇ ਅਤੇ ਕੰਕਰੀਟ ਦੇ ਰੇਟ ਵਧਾਏ ਜਾਣ।
ਲੁੱਕ ਦੀ ਸ਼ਾਰਟੇਜ ਆਈ
ਸ਼ਹਿਰ 'ਚ ਕਈ ਸੜਕਾਂ ਦਾ ਨਿਰਮਾਣ ਲੁੱਕ ਬਜ਼ਰੀ ਨਾਲ ਹੋਣਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਮਾਰਕੀਟ 'ਚ ਲੁੱਕ ਦੀ ਕਾਫੀ ਸ਼ਾਰਟੇਜ ਵੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਠੇਕੇਦਾਰਾਂ ਨੇ ਲੁੱਕ ਬਜ਼ਰੀ ਦੇ ਕੰਮ ਲਟਕਾਏ ਹੋਏ ਹਨ। ਅਗਲੀਆਂ ਬਰਸਾਤਾਂ 'ਚ ਉਨ੍ਹਾਂ ਸੜਕਾਂ ਦੀ ਸਮੱਸਿਆ ਵੱਧ ਸਕਦੀ ਹੈ ਜੋ ਲੁੱਕ ਦੀ ਸ਼ਾਰਟੇਜ ਕਾਰਨ ਬਣ ਨਹੀਂ ਰਹੀਆਂ। ਨਿਗਮ ਠੇਕੇਦਾਰਾਂ ਦੀ ਗੱਲ ਕਰੀਏ ਤਾਂ ਉਹ ਨਿਗਮ ਦੇ ਕੰਮ ਲੈਣ 'ਚ ਬਹੁਤ ਘੱਟ ਦਿਲਚਸਪੀ ਵਿਖਾ ਰਹੇ ਹਨ ਅਤੇ ਉਨ੍ਹਾਂ ਦਾ ਸਾਰਾ ਜ਼ੋਰ ਪੀ. ਆਈ. ਡੀ. ਬੀ. ਅਤੇ ਗਰਾਂਟ ਦੇ ਹੋਰ ਕੰਮਾਂ ਨੂੰ ਲੈਣ 'ਚ ਹੀ ਲੱਗ ਜਾਂਦਾ ਹੈ। ਇਸ ਸਥਿਤੀ ਤੋਂ ਵੀ ਨਿਗਮ ਪ੍ਰਸ਼ਾਸਨ ਕਾਫੀ ਪ੍ਰੇਸ਼ਾਨ ਹੈ।
ਜੁਆਇੰਟ ਕਮਿਸ਼ਨਰ ਨੇ ਚੈੱਕ ਕੀਤੀ ਹਾਜ਼ਰੀ
ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਬੀਤੀ ਸ਼ਾਮ ਪੌਣੇ 5 ਵਜੇ ਦੇ ਕਰੀਬ ਨਿਗਮ ਦੇ ਵੱਖ-ਵੱਖ ਵਿਭਾਗਾਂ 'ਚ ਜਾ ਕੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਅਤੇ ਰਜਿਸਟਰਾਂ ਦੀ ਜਾਂਚ ਕੀਤੀ। ਕਈ ਵਿਭਾਗਾਂ 'ਚ ਕਰਮਚਾਰੀ ਗੈਰ-ਹਾਜ਼ਰ ਮਿਲੇ, ਜਿਨ੍ਹਾਂ ਦੀ ਸੂਚੀ ਕੱਲ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।

shivani attri

This news is Content Editor shivani attri