ਨਾਜਾਇਜ਼ ਕਾਲੋਨੀਆਂ ’ਚ ਚੋਰੀ-ਛਿਪੇ ਵਾਟਰ ਸੀਵਰ ਕੁਨੈਕਸ਼ਨ ਜੋੜ ਕੇ ਨਿਗਮ ਨੂੰ ਲਾਇਆ ਜਾ ਚੁੱਕਿਐ ਅਰਬਾਂ ਦਾ ਚੂਨਾ

09/13/2023 11:32:03 AM

ਜਲੰਧਰ (ਖੁਰਾਣਾ)–ਪੰਜਾਬ ’ਤੇ 10 ਸਾਲ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਅਤੇ ਇਸ ਤੋਂ ਬਾਅਦ ਆਈ ਕਾਂਗਰਸ ਸਰਕਾਰ ਦੇ ਰਾਜ ਵਿਚ ਜਲੰਧਰ ਸ਼ਹਿਰ ਅੰਦਰ ਸੈਂਕੜੇ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ, ਜਿਸ ਵਿਚ ਕਾਲੋਨਾਈਜ਼ਰਾਂ ਦੇ ਨਾਲ-ਨਾਲ ਸਬੰਧਤ ਅਫਸਰਾਂ ਅਤੇ ਸੱਤਾ ’ਤੇ ਬਿਰਾਜਮਾਨ ਆਗੂਆਂ ਦੀ ਸਰਗਰਮ ਭੂਮਿਕਾ ਰਹੀ। ਨਾਜਾਇਜ਼ ਕਾਲੋਨੀਆਂ ਕੱਟ ਕੇ ਨਾ ਸਿਰਫ਼ ਈ. ਡੀ. ਸੀ. ਅਤੇ ਹੋਰ ਚਾਰਜ ਵਜੋਂ ਸਰਕਾਰੀ ਖਜ਼ਾਨੇ ਨੂੰ ਅਰਬਾਂ ਰੁਪਏ ਦਾ ਚੂਨਾ ਲਾਇਆ ਗਿਆ, ਉਥੇ ਹੀ ਨਾਜਾਇਜ਼ ਕਾਲੋਨੀਆਂ ਦੇ ਵਾਟਰ ਸੀਵਰ ਕੁਨੈਕਸ਼ਨ ਚੋਰੀ-ਛਿਪੇ ਜੋੜ ਕੇ ਵੀ ਨਿਗਮ ਨੂੰ ਕਰੋੜਾਂ-ਅਰਬਾਂ ਦੀ ਹਾਨੀ ਪਹੁੰਚਾਈ ਗਈ।

ਹੁਣ ਨਗਰ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਨੇ ਵਾਟਰ ਸਪਲਾਈ ਵਿਭਾਗ ਦੀ ਆਮਦਨ ਵਧਾਉਣ ਲਈ ਨਵੇਂ ਅਧਿਕਾਰੀਆਂ ਨੂੰ ਕਮਾਨ ਸੌਂਪੀ ਹੈ, ਜਿਨ੍ਹਾਂ ਨੇ ਬਿਲਡਿੰਗ ਵਿਭਾਗ ਨੂੰ ਚਿੱਠੀ ਲਿਖ ਕੇ ਪਿਛਲੇ 5 ਸਾਲਾਂ ਦੌਰਾਨ ਕੱਟੀਆਂ ਸਾਰੀਆਂ ਕਾਲੋਨੀਆਂ ਦੀ ਡਿਟੇਲ ਮੰਗ ਲਈ ਹੈ। ਇਸ ਸੂਚੀ ਵਿਚ ਜਾਇਜ਼ ਅਤੇ ਨਾਜਾਇਜ਼ ਕਾਲੋਨੀਆਂ ਦੀ ਸੂਚੀ ਨਿਗਮ ਅਧਿਕਾਰੀਆਂ ਨੂੰ ਦੇਣੀ ਹੋਵੇਗੀ। ਇਸ ਸੂਚੀ ਜ਼ਰੀਏ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਵੇਖਣਗੇ ਕਿ ਕਾਲੋਨੀ ਨੂੰ ਅਪਰੂਵਡ ਕਰਵਾਉਣ ਤੋਂ ਬਾਅਦ ਵਾਟਰ ਸੀਵਰ ਚਾਰਜ ਵਜੋਂ ਕਾਲੋਨਾਈਜ਼ਰ ਨੇ ਪੂਰੇ ਪੈਸੇ ਜਮ੍ਹਾ ਕਰਵਾਏ ਹਨ ਜਾਂ ਨਹੀਂ। 5 ਸਾਲਾਂ ਦੌਰਾਨ ਨਾਜਾਇਜ਼ ਢੰਗ ਨਾਲ ਕੱਟੀਆਂ ਕਾਲੋਨੀਆਂ ਦੀ ਸੂਚੀ ਨਾਲ ਵੀ ਕਾਲੋਨਾਈਜ਼ਰਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ, ਜਿਨ੍ਹਾਂ ਨੇ ਨਾਜਾਇਜ਼ ਢੰਗ ਨਾਲ ਵਾਟਰ ਸੀਵਰ ਕੁਨੈਕਸ਼ਨ ਜੋੜ ਲਏ। ਹੁਣ ਵੇਖਣਾ ਹੈ ਕਿ ਨਿਗਮ ਆਉਣ ਵਾਲੇ ਸਮੇਂ ਇਸ ਮਾਮਲੇ ਵਿਚ ਕੀ ਕਾਰਵਾਈ ਕਰਦਾ ਹੈ।

ਇਹ ਵੀ ਪੜ੍ਹੋ- ਵਹਿਣ ਲੱਗੀ ਉਲਟੀ ਗੰਗਾ, ਦਿੱਲੀ ਤੇ ਚੰਡੀਗੜ੍ਹ ਤੋਂ ਉਦਯੋਗਾਂ ਨੇ ਪੰਜਾਬ ਵੱਲ ਕੀਤਾ ਰੁਖ਼

26 ਕਾਲੋਨਾਈਜ਼ਰਾਂ ਨੇ ਨਿਗਮ ਦੇ ਦਬਾਏ ਹੋਏ ਸਨ ਕਰੋੜਾਂ ਰੁਪਏ, 10 ਫ਼ੀਸਦੀ ਪੈਸੇ ਹੀ ਫਾਈਲ ਦੇ ਨਾਲ ਜਮ੍ਹਾ ਕਰਵਾਏ ਸਨ
ਜਦੋਂ ਨਗਰ ਨਿਗਮ ਜਲੰਧਰ ਪੈਸੇ-ਪੈਸੇ ਦਾ ਮੁਹਤਾਜ ਸੀ ਅਤੇ ਜਦੋਂ ਨਿਗਮ ਕੋਲ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਤਕ ਦੇਣ ਦੇ ਪੈਸੇ ਨਹੀਂ ਹੁੰਦੇ ਸਨ, ਅਜਿਹੀ ਸਥਿਤੀ ਵਿਚ ਵੀ ਜਲੰਧਰ ਦੇ ਲਗਭਗ 26 ਕਾਲੋਨਾਈਜ਼ਰ ਅਜਿਹੇ ਸਨ, ਜਿਨ੍ਹਾਂ ਨੇ ਨਗਰ ਨਿਗਮ ਜਲੰਧਰ ਦੇ ਕਰੋੜਾਂ ਰੁਪਏ ਸਾਲਾਂ ਤੋਂ ਦਬਾਏ ਹੋਏ ਸਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਕੁਝ ਸਾਲ ਪਹਿਲਾਂ ਪਾਲਿਸੀ ਜਾਰੀ ਕੀਤੀ ਸੀ, ਜਿਸ ਵਿਚ ਇਕ ਵਿਵਸਥਾ ਇਹ ਵੀ ਸੀ ਕਿ ਕੋਈ ਵੀ ਕਾਲੋਨਾਈਜ਼ਰ ਆਪਣੀ ਨਾਜਾਇਜ਼ ਕਾਲੋਨੀ ਨੂੰ ਰੈਗੂਲਰ ਕਰਵਾਉਣ ਲਈ ਬਿਨੈ-ਪੱਤਰ ਦੇਣ ਸਮੇਂ 10 ਫੀਸਦੀ ਰਾਸ਼ੀ ਫਾਈਲ ਦੇ ਨਾਲ ਜਮ੍ਹਾ ਕਰਵਾ ਸਕਦਾ ਹੈ। ਸ਼ਹਿਰ ਦੇ ਕਈ ਕਾਲੋਨਾਈਜ਼ਰਾਂ ਨੇ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਦੀ ਨੀਅਤ ਨਾਲ ਨਿਗਮ ਕੋਲ ਬਿਨੈ-ਪੱਤਰ ਜਮ੍ਹਾ ਕਰਵਾ ਦਿੱਤੇ ਅਤੇ ਕੁੱਲ ਰਾਸ਼ੀ ਦਾ ਸਿਰਫ਼ 10 ਫ਼ੀਸਦੀ ਹੀ ਨਿਗਮ ਨੂੰ ਸੌਂਪਿਆ ਹੈ। ਇਨ੍ਹਾਂ ਬਿਨੈ-ਪੱਤਰਾਂ ਨੂੰ ਦਿੱਤਿਆਂ ਕਈ ਸਾਲ ਬੀਤ ਗਏ ਪਰ ਬਾਕੀ ਬਚਦੀ 90 ਫ਼ੀਸਦੀ ਰਕਮ ਇਨ੍ਹਾਂ ਕਾਲੋਨਾਈਜ਼ਰਾਂ ਨੇ ਦਬਾਈ ਰੱਖੀ। ਨਿਗਮ ਨੇ ਵੀ ਇਨ੍ਹਾਂ ਤੋਂ ਕਦੀ ਬਾਕੀ ਬਚੀ ਰਕਮ ਬਾਰੇ ਮੰਗ ਨਹੀਂ ਕੀਤੀ। ਪਿਛਲੀ ਕਾਂਗਰਸ ਸਰਕਾਰ ਦੌਰਾਨ ਇਹ ਮਾਮਲਾ ਉੱਠਿਆ ਵੀ ਅਤੇ ਨੋਟਿਸ ਤਕ ਕੱਢੇ ਗਏ ਪਰ ਸਿਰਫ਼ 1-2 ਕਾਲੋਨਾਈਜ਼ਰਾਂ ਨੇ ਹੀ ਬਾਕੀ ਪੈਸੇ ਨਿਗਮ ਦੇ ਖਜ਼ਾਨੇ ਵਿਚ ਜਮ੍ਹਾ ਕਰਵਾਏ। ਬਾਕੀ ਕਾਲੋਨਾਈਜ਼ਰ ਅੱਜ ਵੀ ਇਸ ਮਾਮਲੇ ਵਿਚ ਡਿਫਾਲਟਰ ਹਨ।

ਕੌਂਸਲਰ ਅਤੇ ਕੌਂਸਲਰਪਤੀ ਸ਼ਰੇਆਮ ਕੱਟਦੇ ਰਹੇ ਨਾਜਾਇਜ਼ ਕਾਲੋਨੀਆਂ
ਕਾਂਗਰਸ ਸਰਕਾਰ ਦੌਰਾਨ ਜਲੰਧਰ ਨਗਰ ਨਿਗਮ ਦੇ ਕਈ ਤਤਕਾਲੀ ਕੌਂਸਲਰ ਅਤੇ ਕੌਂਸਲਰਪਤੀ ਤਕ ਨਾਜਾਇਜ਼ ਕਾਲੋਨੀਆਂ ਦੇ ਕਾਰੋਬਾਰ ਵਿਚ ਲੱਗੇ ਰਹੇ। ਉਸ ਸਮੇਂ ਸਿਆਸੀ ਦਬਾਅ ਇੰਨਾ ਜ਼ਬਰਦਸਤ ਸੀ ਕਿ ਅਧਿਕਾਰੀ ਚਾਹ ਕੇ ਵੀ ਕੋਈ ਕਾਰਵਾਈ ਨਹੀਂ ਕਰ ਸਕੇ। ਅੱਜ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਤਾਂ ਅਜਿਹੀਆਂ ਕਾਲੋਨੀਆਂ ਦੀ ਸੂਚੀ ਬਣਾ ਕੇ ਜ਼ਰੂਰ ਕਰਾਵਾਈ ਕਰ ਸਕਦੀ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਅਫ਼ਸਰਾਂ ਅਤੇ ਕਾਲੋਨਾਈਜ਼ਰਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ।
40 ਕਾਲੋਨੀਆਂ ਦੀਆਂ ਫਾਈਲਾਂ ਰਿਜੈਕਟ ਹੋ ਗਈਆਂ ਪਰ ਕਾਲੋਨੀਆਂ ਬਣ ਗਈਆਂ

ਨਿਗਮ ਨੂੰ ਇਨ੍ਹਾਂ ਤੋਂ ਕਰੋੜਾਂ ਦੀ ਉਮੀਦ ਸੀ ਪਰ ਇਕ ਧੇਲਾ ਵੀ ਨਹੀਂ ਆਇਆ
ਕਾਂਗਰਸ ਸਰਕਾਰ ਦੇ ਸਮੇਂ ਇਕ ਸਕੈਂਡਲ ਇਹ ਸਾਹਮਣੇ ਆਇਆ ਸੀ ਕਿ 40 ਕਾਲੋਨੀਆਂ ਨਾਲ ਸਬੰਧਤ ਫਾਈਲਾਂ ਐੱਨ. ਓ. ਸੀ. ਪਾਲਿਸੀ ਤਹਿਤ ਨਿਗਮ ਨੂੰ ਪ੍ਰਾਪਤ ਹੋਈਆਂ ਪਰ ਇਹ ਕਾਲੋਨੀਆਂ ਪਾਲਿਸੀ ਦੀ ਸ਼ਰਤ ਨੂੰ ਪੂਰਾ ਨਹੀਂ ਕਰਦੀਆਂ ਸਨ, ਜਿਸ ਕਾਰਨ ਇਨ੍ਹਾਂ ਦੀਆਂ ਫਾਈਲਾਂ ਨੂੰ ਰਿਜੈਕਟ ਕਰ ਦਿੱਤਾ ਗਿਆ। ਨਿਗਮ ਨੂੰ ਇਨ੍ਹਾਂ ਤੋਂ ਕਰੋੜਾਂ ਦੀ ਆਮਦਨ ਦੀ ਉਮੀਦ ਸੀ ਪਰ ਨਿਗਮ ਦੇ ਖਜ਼ਾਨੇ ਵਿਚ ਇਕ ਧੇਲਾ ਵੀ ਨਹੀਂ ਆਇਆ। ਹੈਰਾਨੀਜਨਕ ਗੱਲ ਇਹ ਰਹੀ ਕਿ ਇਹ ਸਾਰੀਆਂ ਕਾਲੋਨੀਆਂ ਪੂਰੀ ਤਰ੍ਹਾਂ ਵਸ ਵੀ ਗਈਆਂ ਅਤੇ ਅਜੇ ਤਕ ਨਾਜਾਇਜ਼ ਦੀਆਂ ਨਾਜਾਇਜ਼ ਹੀ ਹਨ। ਸਰਕਾਰ ਉਨ੍ਹਾਂ ’ਤੇ ਕੋਈ ਕਾਰਵਾਈ ਕਰ ਹੀ ਨਹੀਂ ਸਕੀ। ਇਸ ਮਾਮਲੇ ਵਿਚ ਵੀ ਲਾਪ੍ਰਵਾਹ ਅਧਿਕਾਰੀਆਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ

ਨਾਜਾਇਜ਼ ਕਾਲੋਨੀਆਂ, ਜਿਨ੍ਹਾਂ ਦੀਆਂ ਫਾਈਲਾਂ ਨੂੰ ਰਿਜੈਕਟ ਕਰ ਦਿੱਤਾ ਗਿਆ
ਪਿੰਡ ਕਿੰਗਰਾ ਵਿਚ ਮਦਰਲੈਂਡ ਕਾਲੋਨੀ, ਜਲੰਧਰ ਕੁੰਜ ਦੇ ਨਾਲ ਇਕ ਏਕੜ ਵਿਚ ਬਣੀ ਨਾਜਾਇਜ਼ ਕਾਲੋਨੀ, ਜਲੰਧਰ ਕੁੰਜ ਐਕਸਟੈਨਸ਼ਨ, ਪ੍ਰਾਈਮ ਐਨਕਲੇਵ ਐਕਸਟੈਨਸ਼ਨ-2 ਬਸਤੀ ਬਾਵਾ ਖੇਲ, ਪਿੰਡ ਕਿੰਗਰਾ ਦੀ ਨਿਊ ਗਾਰਡਨ ਕਾਲੋਨੀ, ਬਸਤੀ ਸ਼ੇਖ ਦੀ ਸਤਕਰਤਾਰ ਐਨਕਲੇਵ, ਮਿੱਠਾਪੁਰ ਵਿਚ ਪ੍ਰੋਗਰੈਸਿਵ ਥਿੰਕਰਸ ਕੋਆਪ੍ਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਕਾਲੋਨੀ, ਲੁਹਾਰ ਨੰਗਲ-ਵਡਾਲਾ ਪਿੰਡ ਵਿਚ ਕੰਟਰੀ ਵਿਲਾਸ, ਦਾਨਿਸ਼ਮੰਦਾਂ ਿਵਚ ਸਨਸਿਟੀ ਕਾਲੋਨੀ, ਪਿੰਡ ਨਾਹਲ ਵਿਚ ਰੋਜ਼ ਗਾਰਡਨ ਕਾਲੋਨੀ, ਬਸਤੀ ਦਾਨਿਸ਼ਮੰਦਾਂ ਵਿਚ ਬਦਰੀ ਕਾਲੋਨੀ, ਲੁਹਾਰ ਨੰਗਲ ਅਤੇ ਮਿੱਠਾਪੁਰ ਵਿਚ ਤਾਜ ਕਾਲੋਨੀ, ਪਿੰਡ ਧਾਲੀਵਾਲ ਕਾਦੀਆਂ ਵਿਚ ਗਰੀਨ ਵੈਲੀ ਐਕਸਟੈਨਸ਼ਨ, ਦਾਨਿਸ਼ਮੰਦਾਂ ਵਿਚ ਗਰੀਨ ਵੈਲੀ ਕਾਲੋਨੀ, ਵਰਿਆਣਾ ਕਾਲੋਨੀ, ਕੋਟ ਸਦੀਕ ਕਾਲਾ ਸੰਘਿਆਂ ਰੋਡ ’ਤੇ ਥਿੰਦ ਐਨਕਲੇਵ, ਖੁਰਲਾ ਕਿੰਗਰਾ ਵਿਚ ਟਾਵਰ ਐਨਕਲੇਵ ਫੇਸ-2 ਐਕਸਟੈਨਸ਼ਨ ਕਾਲੋਨੀ, ਕੋਟ ਸਦੀਕ ਵਿਚ ਜੇ. ਡੀ. ਐਨਕਲੇਵ, ਦਾਨਿਸ਼ਮੰਦਾਂ ਕਾਲੋਨੀ, ਮਿੱਠਾਪੁਰ ਅਤੇ ਕਿੰਗਰਾ ਵਿਚ ਨਿਊ ਰਾਜਾ ਗਾਰਡਨ, ਮਿੱਠਾਪੁਰ ਵਿਚ ਨਿਊ ਗੁਰੂ ਅਮਰਦਾਸ ਕਾਲੋਨੀ, ਮਿੱਠਾਪੁਰ ਵਿਚ ਨਿਊ ਅਰੋੜਾ ਕਾਲੋਨੀ, ਬਸਤੀ ਸ਼ੇਖ ਵਿਚ ਨਿਊ ਕਰਤਾਰ ਨਗਰ, ਨਿਊ ਉਜਾਲਾ ਨਗਰ ਅਤੇ ਨਿਊ ਦਿਓਲ ਨਗਰ ਐਕਸਟੈਨਸ਼ਨ, ਪਿੰਡ ਬੂਟਾਂ ਵਿਚ ਹੈਮਿਲਟਨ ਐਸਟੇਟ, ਪਿੰਡ ਨਾਹਲ ਵਿਚ ਪਾਰਸ ਅਸਟੇਟ, ਪਿੰਡ ਨਾਹਲ ਵਿਚ ਸਨਸਿਟੀ ਐਕਸਟੈਨਸ਼ਨ, ਬਸਤੀ ਪੀਰਦਾਦ ਵਿਚ ਇੰਡਸਟਰੀਅਲ ਕਾਲੋਨੀ, ਬਸਤੀ ਦਾਨਿਸ਼ਮੰਦਾਂ ਵਿਚ ਨਿਊ ਅਨੂਪ ਨਗਰ, ਪਿੰਡ ਕਿੰਗਰਾ ਵਿਚ ਪਾਰਕ ਪਲਾਜ਼ਾ ਕਾਲੋਨੀ, ਬਸਤੀ ਸ਼ੇਖ ਵਿਚ ਪਸਰੀਚਾ ਕਾਲੋਨੀ, ਮਿੱਠਾਪੁਰ ਵਿਚ ਵਿਸ਼ਾਲ ਗਾਰਡਨ, ਵਰਿਆਣਾ ਵਿਚ ਪ੍ਰੇਮ ਨਗਰ ਅਤੇ ਦਿਲਬਾਗ ਨਗਰ ਵਿਚ ਰੋਜ਼ ਗਾਰਡਨ।

ਇਹ ਵੀ ਪੜ੍ਹੋ-  ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri