ਆਰ. ਟੀ. ਏ. ਦਫ਼ਤਰ ''ਚ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ 19 ਜੁਲਾਈ ਤੱਕ ਰਹੇਗਾ ਸੀਲ

07/16/2020 6:57:46 PM

ਜਲੰਧਰ (ਚੋਪੜਾ)–ਆਰ. ਟੀ. ਏ. ਦਫ਼ਤਰ ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨਾਲ ਸਬੰਧਤ 7 ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੁਣ ਦੋਵੇਂ ਦਫ਼ਤਰ 19 ਜੁਲਾਈ ਤੱਕ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤੇ ਗਏ ਹਨ। ਸਕੱਤਰ ਆਰ. ਟੀ. ਏ. ਬਰਜਿੰਦਰ ਸਿੰਘ ਦੇ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਆਰ. ਟੀ. ਏ. ਦਫਤਰ ਦੇ 20 ਅਤੇ ਆਟੋਮੇਟਿਡ ਸੈਂਟਰ ਦੇ 16 ਕਮਿਆਂ ਨੇ ਕੋਰੋਨਾ ਵਾਇਰਸ ਟੈਸਟ ਲਈ ਸਵੈਬ ਸੈਂਪਲ ਦਿੱਤੇ ਸਨ, ਜਿਨ੍ਹਾਂ 'ਚੋਂ 29 ਕਾਮਿਆਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ।

ਬੀਤੇ ਦਿਨ ਦੁਪਹਿਰ ਨੂੰ ਆਈਆਂ ਰਿਪੋਰਟਾਂ ਤੋਂ ਬਾਅਦ ਆਰ. ਟੀ. ਏ. 'ਚ ਕੰਮ ਕਰਨ ਵਾਲੇ 6 ਕਾਮੇ ਜਿਨ੍ਹਾਂ 'ਚ ਅੰਬਿਕਾ (ਸੈਕਸ਼ਨ ਆਫਿਸਰ), ਬਲਵੰਤ ਸਿੰਘ (ਕਲਰਕ),ਵਿਕਰਮਜੀਤ (ਕਲਰਕ),ਹਰੀਸ਼ ਡਿੰਪਲ (ਸੇਵਾਦਾਰ), ਇੰਦਰਜੀਤ ਕੌਰ (ਸੇਵਾਦਾਰ) ਸ਼ਾਮਲ ਹਨ, ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ ਆਟੋਮੇਟਿਡ ਸੈਂਟਰ 'ਤੇ ਤਾਇਨਾਤ ਸਮਾਰਟ ਚਿਪ ਕੰਪਨੀ ਕਰਮਚਾਰੀ ਨੀਸ਼ਾ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਆਰ. ਟੀ. ਏ. ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਦੋਵਾਂ ਦਫਤਰਾਂ ਨੂੰ 3 ਦਿਨਾਂ ਲਈ ਸੀਲ ਕੀਤਾ ਗਿਆ ਜੋ 16 ਜੁਲਾਈ ਨੂੰ ਦੋਵਾਂ ਦਫਤਰਾਂ ਵਿਚ ਕੰਮਕਾਜ ਅਤੇ ਪਬਲਿਕ ਡੀਲਿੰਗ ਸ਼ੁਰੂ ਕੀਤੀ ਜਾਣੀ ਸੀ ਪਰ ਅੱਜ 7 ਹੋਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਕੱਤਰ ਆਰ. ਟੀ. ਏ. ਬਰਜਿੰਦਰ ਸਿੰਘ ਨੇ ਪੀ. ਐੱਸ. ਟੀ. ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦਫ਼ਤਰ ਬੰਦ ਰੱਖਣ ਦੇ ਨਵੇਂ ਹੁਕਮ ਜਾਰੀ ਕੀਤੇ ਹਨ।

ਆਰ. ਟੀ. ਏ. ਵਿਚ ਸਰਗਰਮ ਏਜੰਟਾਂ, ਪ੍ਰਾਈਵੇਟ ਕਰਿੰਦਿਆਂ ਨੂੰ ਲੈ ਕੇ ਪ੍ਰਸ਼ਾਸਕੀ ਕੰਪਲੈਕਸ ਵਿਚ ਬਣਿਆ ਖੌਫ ਦਾ ਮਾਹੌਲ
ਆਰ. ਟੀ. ਏ. ਨਾਲ ਸਬੰਧਤ ਕਾਮਿਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਦਫ਼ਤਰ ਵਿਚ ਕੰਮ ਕਰਦੇ ਪ੍ਰਾਈਵੇਟ ਕਰਿੰਦਿਆਂ, ਸਰਗਰਮ ਏਜੰਟਾਂ ਸਮੇਤ ਸਮੁੱਚੇ ਪ੍ਰਸ਼ਾਸਕੀ ਕੰਪਲੈਕਸ ਵਿਚ ਖੌਫ ਦਾ ਮਾਹੌਲ ਬਣ ਗਿਆ ਹੈ। ਆਰ. ਟੀ.ਏ. ਵਿਚ ਤਾਇਨਾਤ ਕਲਰਕਾਂ ਨੇ ਆਪਣੇ ਪ੍ਰਾਈਵੇਟ ਤੌਰ 'ਤੇ ਕਰਿੰਦੇ ਰੱਖੇ ਹੋਏ ਹਨ ਅਤੇ ਕਲਰਕਾਂ ਦੇ ਜ਼ਿਆਦਾਤਰ ਕੰਮਕਾਜ ਅਤੇ ਪਬਲਿਕ ਡੀਲਿਗ ਇਹ ਕਰਿੰਦੇ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਉਥੇ ਵੱਡੀ ਗਿਣਤੀ 'ਚ ਏਜੰਟ ਦਿਨ ਭਰ ਸਰਗਰਮ ਰਹਿੰਦੇ ਹਨ ਜੋ ਲੋਕਾਂ ਦੇ ਕੰਮ ਜਲਦ ਕਰਵਾਉਣ ਦੀ ਆੜ ਵਿਚ ਮੋਟੀ ਕਮਾਈ ਕਰਦੇ ਆ ਰਹੇ ਹਨ।

ਇਨ੍ਹਾਂ ਕੰਮਾਂ ਸਬੰਧੀ ਲਗਭਗ ਸਾਰੇ ਏਜੰਟ ਆਰ. ਟੀ. ਏ. ਦੇ ਕਲਰਕਾਂ ਦੇ ਸੰਪਰਕ ਵਿਚ ਰਹਿੰਦੇ ਹਨ। ਜੇਕਰ ਹੁਣ ਕਲਰਕ ਕੋਰੋਨਾ ਪਾਜ਼ੇਟਿਵ ਆਏ ਹਨ ਤਾਂ ਸੰਭਾਵਿਤ ਹੈ ਕਿ ਏਜੰਟਾਂ ਵਿਚ ਵੀ ਕੋਰੋਨਾ ਫੈਲਣ ਦਾ ਖਤਰਾ ਬਣ ਗਿਆ ਹੈ ਪਰ ਇਥੇ ਕੰਮ ਕਰਨ ਵਾਲੇ ਜ਼ਿਆਦਾਤਰ ਏਜੰਟਾਂ ਦਾ ਜਾਲ ਪੂਰੇ ਪ੍ਰਸ਼ਾਸਕੀ ਕੰਪਲੈਕਸ ਵਿਚ ਫੈਲਿਆ ਹੋਇਆ ਹੈ ਅਤੇ ਉਹ ਦਿਨ ਭਰ ਇਕ ਦਫ਼ਤਰ ਤੋਂ ਦੂਜੇ ਦਫਤਰ ਘੁੰਮਦੇ ਰਹਿੰਦੇ ਹਨ। ਹੁਣ ਦੇਖਣਾ ਹੈ ਕਿ ਜ਼ਿਲਾ ਪ੍ਰਸ਼ਾਸਨ ਇਸ ਵਲ ਕੀ ਠੋਸ ਕਦਮ ਉਠਾਉਂਦਾ ਹੈ ਤਾਂ ਕਿ ਕੋਰੋਨਾ ਨੂੰ ਜ਼ਿਆਦਾ ਫੈਲਣ ਤੋਂ ਰੋਕਿਆ ਜਾ ਸਕੇ।


shivani attri

Content Editor

Related News