ਬਿਨਾ ਮਾਸਕ ਬਾਹਰ ਘੁੰਮਣ ਵਾਲਿਆਂ ''ਤੇ ਪੁਲਸ ਦੀ ਤਿੱਖੀ ਨਜ਼ਰ, ਭਰਨਾ ਪਵੇਗਾ ਭਾਰੀ ਜੁਰਮਾਨਾ

06/02/2020 5:52:41 PM

ਕਪੂਰਥਲਾ (ਮਹਾਜਨ)— ਰੋਜ਼ਾਨਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੋਕਾਂ ਨੂੰ ਬਚਾਉਣ ਲਈ ਸਰਕਾਰਾਂ ਵੱਲੋਂ ਸਮੇਂ-ਸਮੇਂ 'ਤੇ ਤਾਲਾਬੰਦੀ/ਕਰਫਿਊ ਲਗਾਉਣ ਦੇ ਨਾਲ ਕੁਝ ਹਦਾਇਤਾਂ ਵੀ ਜਾਰੀ ਕੀਤੀ ਗਈਆਂ ਹਨ। ਇਨ੍ਹਾਂ ਹਦਾਇਤਾਂ ਦੇ ਤਹਿਤ ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ ਪਾਉਣਾ, ਸੋਸ਼ਲ ਡਿਸਟੈਂਸ ਬਣਾਈ ਰੱਖਣ ਅਤੇ ਦੋ ਪਹੀਆ ਵਾਹਨਾਂ 'ਤੇ ਇਕ ਤੋਂ ਜ਼ਿਆਦਾ ਗਿਣਤੀ ਅਤੇ ਚਾਰ ਪਹੀਆ ਵਾਹਨਾਂ 'ਚ ਦੋ ਤੋਂ ਵੱਧ ਗਿਣਤੀ 'ਚ ਸਵਾਰ ਹੋ ਕੇ ਘੁੰਮਣ 'ਤੇ ਪਾਬੰਦੀ ਲਗਾਈ ਗਈ ਸੀ।

ਇਨ੍ਹਾਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਸਖਤੀ ਦਿਖਾ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਕਾਰਨ ਪੁਲਸ ਪ੍ਰਸ਼ਾਸਨ ਨੂੰ ਸਖਤੀ ਦਿਖਾਉਣੀ ਪਵੇਗੀ, ਜਿਸ ਦੇ ਤਹਿਤ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦੇ ਪਾਏ ਜਾਣ ਵਾਲੇ ਲੋਕਾਂ ਖਿਲਾਫ ਬਣਦੀ ਕਾਰਵਾਈ ਦੇ ਤਹਿਤ ਜੁਰਮਾਨੇ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਬਾਅਦ ਸ਼ਹਿਰ 'ਚ ਜਗ੍ਹਾ-ਜਗ੍ਹਾ, ਚੌਂਕਾਂ ਅਤੇ ਬਜਾਰਾਂ 'ਚ ਤਾਇਨਾਤ ਟ੍ਰੈਫਿਕ ਪੁਲਸ ਦੇ ਕਰਮਚਾਰੀਆਂ ਵੱਲੋਂ ਉਕਤ ਹਦਾਇਤਾਂ ਦੀ ਉਲੰਘਣਾ ਕਰਦੇ ਪਾਏ ਜਾਣ ਵਾਲੇ ਦੇ ਚਲਾਨ ਕੱਟੇ ਜਾ ਰਹੇ ਹਨ।

ਇਨ੍ਹਾਂ ਆਦੇਸ਼ਾਂ ਦੇ ਤਹਿਤ ਸ਼ਨੀਵਾਰ ਨੂੰ ਏ. ਐੱਸ. ਆਈ. ਰਾਜਵਿੰਦਰ ਕੌਰ, ਏ. ਐੱਸ. ਆਈ. ਤਰਲੋਚਨ ਸਿੰਘ, ਏ. ਐੱਸ. ਆਈ. ਬਲਬੀਰ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ, ਏ. ਐੱਸ. ਆਈ. ਸਤੀਸ਼ ਕੁਮਾਰ ਅਤੇ ਐੱਚ. ਸੀ., ਸੰਦੀਪ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਰੋਡ 'ਤੇ ਸਥਿਤ ਨਵੀਂ ਸਬਜ਼ੀ ਮੰਡੀ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ ਜਿੱਥੇ ਬਿਨ੍ਹਾ ਮਾਸਕ ਪਾਏ ਘੁੰਮਣ ਵਾਲਿਆਂ ਦੇ ਚਲਾਨ ਕੱਟੇ ਗਏ, ਉਥੇ ਹੀ ਵਾਹਨਾਂ 'ਤੇ ਇਕ ਤੋਂ ਵੱਧ ਗਿਣਤੀ 'ਚ ਸਵਾਰ ਹੋ ਕੇ ਘੁੰਮਣ ਵਾਲੇ ਲੋਕਾਂ ਦੇ ਵੀ ਚਲਾਣ ਕੱਟੇ ਗਏ। ਪੁਲਸ ਵੱਲੋਂ ਕੀਤੀ ਗਈ ਇਸ ਸਖਤੀ ਅਤੇ ਜੁਰਮਾਨੇ 'ਚ ਵਾਧਾ ਹੋਣ ਕਾਰਨ ਵੱਧ ਲੋਕਾਂ ਨੇ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਹੈ।

ਹਦਾਇਤਾਂ ਦੀ ਉਲੰਘਣਾ ਕਰਨ 'ਤੇ ਅਦਾ ਕਰਨਾ ਪੈ ਸਕਦਾ ਹੈ ਭਾਰੀ ਜੁਰਮਾਨਾ
ਕੋਰੋਨਾ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੇ ਸਖਤੀ ਨੂੰ ਬਰਕਰਾਰ ਰੱਖਦੇ ਹੋਏ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੀਤੇ ਜਾਣ ਵਾਲੇ ਜੁਰਮਾਨੇ 'ਚ ਹੋਰ ਵਾਧਾ ਕਰ ਦਿੱਤਾ ਹੈ। ਜਾਰੀ ਨਵੇਂ ਆਦੇਸ਼ਾਂ ਦੇ ਤਹਿਤ ਹੁਣ ਜੇਕਰ ਲੋਕਾਂ ਨੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਜਾਰੀ ਕੀਤੇ ਨਵੇਂ ਆਦੇਸ਼ਾਂ ਦੇ ਤਹਿਤ ਬਿਨ੍ਹਾਂ ਮਾਸਕ ਘੁੰਮਣ ਵਾਲੇ ਲੋਕਾਂ ਨੂੰ 500 ਰੁਪਏ, ਘਰ 'ਚ ਇਕਾਂਤਵਾਸ ਕੀਤੇ ਗਏ ਵਿਅਕਤੀ ਦਾ ਬਾਹਰ ਘੁੰਮਣ 'ਤੇ 2000 ਰੁਪਏ, ਸਰਵਜਨਿਕ ਸਥਾਨ 'ਤੇ ਥੁੱਕਣ ਵਾਲੇ ਵਿਅਕਤੀਆਂ ਨੂੰ 500 ਰੁਪਏ, ਦੁਕਾਨ/ਕਮਰਸ਼ੀਅਲ ਜਗਾ 'ਤੇ ਸੋਸ਼ਲ ਡਿਸਟੈਂਸ ਦਾ ਉਲੰਘਣ ਕਰਨ 'ਤੇ 2000 ਰੁਪਏ, ਬੱਸ 'ਚ ਜਿਆਦਾ ਸਵਾਰੀਆਂ ਬੈਠਣ 'ਤੇ 3000 ਰੁਪਏ, ਕਾਰ 'ਚ ਤਿੰਨ ਵਿਅਕਤੀਆਂ ਤੋਂ ਜਿਆਦਾ ਵਿਅਕਤੀ ਹੋਣ 'ਤੇ 2000 ਰੁਪਏ, ਦੋ ਪਹੀਆ ਵਾਹਨ 'ਤੇ ਇਕ ਤੋਂ ਵੱਧ ਗਿਣਤੀ 'ਚ ਘੁੰਮਣ ਵਾਲੇ 500 ਰੁਪਏ ਅਤੇ ਆਟੋ 'ਚ ਡਰਾਈਵਰ ਦੇ ਇਲਾਵਾ 2 ਸਵਾਰੀਆਂ ਤੋਂ ਵੱਧ ਹੋਣ 'ਤੇ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।


shivani attri

Content Editor

Related News