ਕੋਰੋਨਾ ਕਾਰਨ ਹੋਈ ਤਾਲਾਬੰਦੀ ਨੇ ਮੱਧ ਵਰਗੀ ਪਰਿਵਾਰ ਤੇ ਛੋਟੇ ਦੁਕਾਨਦਾਰਾਂ ਨੂੰ ਝਿੰਜੋੜਿਆ

05/26/2020 6:13:21 PM

ਸੁਲਤਾਨਪੁਰ ਲੋਧੀ (ਧੀਰ)— ਦੇਸ਼ 'ਚ ਫੈਲੀ ਕੋਰੋਨਾ ਮਹਾਮਾਰੀ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਤਹਿਸ-ਨਹਿਸ ਕਰਨ 'ਚ ਕੋਈ ਕਸਰ ਨਹੀਂ ਛੱਡੀ ਹੈ।  ਇਸ ਨਾਲ ਮੱਧ ਵਰਗੀ ਪਰਿਵਾਰਾਂ ਅਤੇ ਛੋਟੇ ਦੁਕਾਨਦਾਰਾਂ 'ਤੇ ਤਾਲਾਬੰਦੀ ਨੇ ਵੱਡਾ ਅਸਰ ਪਾਇਆ ਹੈ। ਦੇਖਣ 'ਚ ਆਇਆ ਹੈ ਕਿ ਜਿੱਥੇ ਪਿੰਡਾਂ ਦੇ ਮੱਧ ਵਰਗੀ ਪਰਿਵਾਰ ਜੋ ਪਿੰਡਾਂ ਦੇ ਅੰਦਰ ਰਹਿ ਕੇ ਛੋਟੀਆਂ ਕਰਿਆਨਾ, ਮਨਿਆਰੀ ਦੀ ਦੁਕਾਨਾਂ ਚਲਾਉਂਦੇ ਜਾਂ ਪਿੰਡਾਂ ਅੰਦਰ ਦੁੱਧ ਪਾਉਣ, ਗੱਡੀਆਂ ਦੇ ਡਰਾਈਵਰ ਆਦਿ ਵਰਗੇ ਛੋਟੇ ਮੋਟੇ ਕੰਮ ਅਤੇ ਸ਼ਹਿਰਾਂ 'ਚ ਕੱਪੜੇ ਦੀ ਦੁਕਾਨ, ਫੋਟੋਗ੍ਰਾਫਰ, ਹੇਅਰ ਕਟਿੰਗ, ਕੰਪਿਊਟਰ ਤੇ ਮੋਬਾਇਲ ਰਿਪੇਅਰ ਰੈਡੀਮੇਡ ਗਾਰਮੈਂਟਸ, ਟੇਲਰ ਮਾਸਟਰ ਆਦਿ ਦੀਆਂ ਦੁਕਾਨਾਂ 'ਤੇ ਕੰਮ ਬੰਦ ਰਹਿਣ ਕਾਰਨ ਇਥੇ ਕੰਮ ਕਰਦੇ ਕਾਮੇ ਆਰਥਿਕ ਮੰਦਹਾਲੀ ਵੱਲ ਧੱਕੇ ਗਏ ਹਨ। ਜਿਸ ਕਾਰਨ ਕਈ ਦੁਕਾਨਦਾਰਾਂ ਨੇ ਤਾਂ ਪ੍ਰੇਸ਼ਾਨੀ 'ਚ ਆਤਮ ਹੱਤਿਆ ਵਰਗੇ ਕਦਮ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਹੈ।

ਇਸ ਸਬੰਧੀ ਗੱਲਬਾਤ ਕਰਦੇ ਉੱਘੇ ਸਮਾਜ ਸੇਵੀ ਆਗੂ ਨਵਦੀਪ ਕੁਮਾਰ, ਅਸ਼ੋਕ ਕਨੌਜੀਆ, ਰਵਿੰਦਰ ਕੁਮਾਰ, ਦੇਵ, ਸੰਨੀ, ਸਤੀਸ਼ ਟਕਸਾਲੀ, ਰਾਜੂ ਆਦਿ ਨੇ ਆਖਿਆ ਕਿ ਕਰਫਿਊ ਅਤੇ ਤਾਲਾਬੰਦੀ ਦੌਰਾਨ ਛੋਟੇ ਦੁਕਾਨਦਾਰਾਂ ਅਤੇ ਵੱਧ ਵਰਗੀ ਪਰਿਵਾਰਾਂ ਦੇ ਕੰਮਕਾਜ ਠੱਪ ਰਹੇ। ਘਰਾਂ ਦਾ ਗੁਜ਼ਾਰਾ ਚਲਾਉਣ ਉਹ ਇਧਰੋ ਪੈਸੇ ਫੜ ਕੇ ਮੁਸ਼ਕਿਲ ਨਾਲ ਡੰਗ ਸਾਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਮੁਫਤ ਰਾਸ਼ਨ ਅਤੇ ਕੋਈ ਵੀ ਹੋਰ ਲੋਕ ਭਲਾਈ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਹੀ ਤਰਸਯੋਗ ਬਣੀ ਹੋਈ ਹੈ।
ਹੁਣ ਹਾਲਤ ਇਥੋ ਤੱਕ ਪਹੁੰਚ ਗਏ ਹਨ ਕਿ ਚਾਹੇ ਕਰਫਿਊ ਖਤਮ ਹੋ ਗਿਆ ਹੈ ਪਰ ਤਾਲਾਬੰਦੀ ਕਾਰਨ ਹਫਤੇ 'ਚ ਤਿੰਨ ਦਿਨ ਦੁਕਾਨਾਂ ਖੋਲਣ ਦੇ ਹੁਕਮਾਂ ਨੇ ਕੰਮਕਾਜ 'ਤੇ ਕਾਫੀ ਸੱਟ ਮਾਰੀ ਹੈ, ਜਿਸ ਨਾਲ ਮੰਦੇ ਨੇ ਹੋਰ ਦੁਕਾਨਦਾਰਾਂ ਦਾ ਲੱਕ ਤੌੜ ਕੇ ਰੱਖ ਦਿੱਤਾ ਹੈ।

ਦੁਕਾਨਦਾਰਾਂ ਨੂੰ ਦਕਾਨਾਂ ਦੇ ਕਿਰਾਏ ਦੇਣ, ਬਿਜਲੀ ਦੇ ਬਿੱਲ ਭਰਨ, ਮੁਲਾਜਮਾਂ ਨੂੰ ਤਨਖਾਹਾਂ ਦੇਣ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ 'ਤੇ ਹੋ ਰਿਹਾ ਖਰਚਾ ਵੀ ਸਤਾ ਰਿਹਾ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਵਾਲੇ ਜਲਦੀ ਟਿਊਸ਼ਨ ਫੀਸਾਂ ਭਰਨ ਤੇ ਕਿਤਾਬਾਂ ਖਰੀਦਣ ਲਈ ਕਹਿ ਰਹੇ ਹਨ ਅਜਿਹੇ 'ਚ ਉਹ ਕਰਨ ਤਾਂ ਕੀ ਕਰਨ।

ਸਮਾਜ ਸੇਵੀ ਜਥੇਬੰਦੀਆਂ ਨੇ ਸਰਕਾਰ ਤੋਂ ਕੀਤੀ ਮਦਦ ਦੀ ਮੰਗ : ਸਮਾਜ ਸੇਵੀ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੱਧ ਵਰਗੀ ਪਰਵਾਰਾਂ ਲਈ ਵੀ ਦੂਸਰੇ ਪਰਿਵਾਰਾਂ ਦੀ ਤਰ੍ਹਾਂ ਕੋਈ ਰਾਹਤ ਪੈਕੇਜ ਦਿੱਤਾ ਜਾਵੇ ਜਿ ਸਨਾਲ ਉਹ ਵੀ ਦੋਬਾਰਾ ਆਪਣੀ ਆਰਥਿਕ ਹਾਲਤ ਨੂੰ ਸੁਧਾਰ ਸਕਣ।

ਬਿਜਲੀ ਦੇ ਬਿੱਲ, ਪ੍ਰਾਈਵੇਟ ਸਕੂਲਾਂ ਦੀਆਂ ਟਿਊਸ਼ਨ ਫੀਸਾਂ ਵੀ ਸਰਕਾਰ ਖੁਦ ਭਰੇ ਅਤੇ ਕਿਤਾਬਾਂ ਦਾ ਖਰਚਾ ਵੀ ਸਰਕਾਰ ਵੱਲੋਂ ਦਿੱਤਾ ਜਾਵੇ। ਇਸ ਤੋਂ ਇਲਾਵਾ ਬੈਂਕਾਂ ਨੂੰ ਸਸਤੇ ਦਰ 'ਤੇ ਕਰਜਾ ਦੇਣ ਦੇ ਹੁਕਮ ਦਿੱਤੇ ਜਾਣ ਜਿਸ ਨਾਲ ਉਹ ਵੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਕਰ ਸਕਣ ਅਤੇ ਸਮਾਜ 'ਚ ਇੱਜ਼ਤ ਵਾਲੀ ਜ਼ਿੰਦਗੀ ਜੀ ਸਕਣ।


shivani attri

Content Editor

Related News