ਕੋਰੋਨਾ ਅਲਰਟ : ਸਿਹਤ ਮਹਿਕਮੇ ਵੱਲੋਂ ਬਣਾਏ ਨਿਯਮ ਤੋੜਨ ਵਾਲਿਆਂ ਦੀ ਬੱਸਾਂ ''ਚ ''ਨੋ ਐਂਟਰੀ''

07/22/2020 4:57:42 PM

ਜਲੰਧਰ (ਪੁਨੀਤ)— ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਗੰਭੀਰ ਦਿਸ ਰਿਹਾ ਹੈ ਪਰ ਬੱਸ ਅੱਡੇ 'ਚ ਆਉਣ ਵਾਲੇ ਲੋਕ ਸਿਹਤ ਮਹਿਕਮੇ ਵੱਲੋਂ ਬਣਾਏ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਰੋਡਵੇਜ਼ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਅਧਿਕਾਰੀਆਂ ਨੇ ਕੋਰੋਨਾ ਅਲਰਟ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੋ ਯਾਤਰੀ ਮਾਸਕ ਨਹੀਂ ਪਹਿਨਣਗੇ ਜਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਲਈ ਬੱਸਾਂ 'ਚ 'ਨੋ ਐਂਟਰੀ' ਰਹੇਗੀ। ਅਜਿਹੇ ਗੈਰ-ਜ਼ਿੰਮੇਵਾਰ ਯਾਤਰੀਆਂ ਨੂੰ ਬੱਸਾਂ 'ਚ ਚੜ੍ਹਨ ਲਈ ਟਿਕਟ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਸਫਰ ਕਰਨ 'ਤੇ ਪੂਰਨ ਪਾਬੰਦੀ ਰਹੇਗੀ। ਬੱਸ 'ਚ ਸਫਰ ਕਰਨ ਵਾਲੇ ਯਾਤਰੀ ਲਈ ਮਾਸਕ ਪਹਿਨਣਾ ਅਤਿ-ਜ਼ਰੂਰੀ ਹੋਵੇਗਾ।

ਬੀਤੇ ਦਿਨ ਨਿਯਮ ਤੋੜਨ ਵਾਲੇ ਕਈ ਯਾਤਰੀਆਂ ਨੂੰ ਬੱਸਾਂ 'ਚ ਚੜ੍ਹਨ ਨਹੀਂ ਦਿੱਤਾ ਗਿਆ। ਮਾਸਕ ਪਹਿਨਣ ਉਪਰੰਤ ਹੀ ਉਹ ਬੱਸਾਂ 'ਚ ਸਵਾਰ ਹੋ ਸਕੇ। ਬੱਸ ਸਵਾਰ ਕਈ ਯਾਤਰੀ ਔਰਤਾਂ ਜਿਨ੍ਹਾਂ ਮਾਸਕ ਨਹੀਂ ਪਹਿਨੇ ਸਨ, ਉਨ੍ਹਾਂ ਆਪਣੀਆਂ ਚੁੰਨੀਆਂ ਨਾਲ ਮੂੰਹ ਢਕ ਕੇ ਸਫਰ ਕੀਤਾ।

ਬੁਲਗਾਰੀਆ ਤੋਂ ਅੰਮ੍ਰਿਤਸਰ ਆਈ ਫਲਾਈਟ ਦੇ ਯਾਤਰੀਆਂ ਨੂੰ ਸ਼ਹਿਰ ਵਿਚ ਲਿਆਈ ਰੋਡਵੇਜ਼ ਦੀ ਬੱਸ
ਬੀਤੇ ਦਿਨ ਅੰਮ੍ਰਿਤਸਰ ਵਿਖੇ ਲੈਂਡ ਹੋਈ ਇਕ ਅੰਤਰਰਾਸ਼ਟਰੀ ਫਲਾਈਟ ਦੇ ਯਾਤਰੀਆਂ ਨੂੰ ਜਲੰਧਰ ਡਿਪੂ-1 ਦੀ ਬੱਸ ਸ਼ਹਿਰ ਵਿਚ ਲਿਆਈ। ਦੱਖਣੀ ਪੂਰਬ ਯੂਰਪ ਵਿਚ ਸਥਿਤ ਬੁਲਗਾਰੀਆ ਦੀ ਉਕਤ ਫਲਾਈਟ 'ਚ ਪਹੁੰਚੇ ਐੱਨ. ਆਰ.ਆਈਜ਼ ਨੂੰ ਸ਼ਹਿਰ 'ਚ ਪਹੁੰਚਣ ਉਪਰੰਤ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਫਲਾਈਟ ਸ਼ਾਮ 4.30 ਵਜੇ ਅੰਮ੍ਰਿਤਸਰ ਲੈਂਡ ਹੋਈ। ਉਕਤ ਯਾਤਰੀਆਂ ਦੇ ਕੋਰੋਨਾ ਟੈਸਟ ਦਾ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਲਈ ਟੀਮਾਂ ਪਹਿਲਾਂ ਤੋਂ ਤਿਆਰ ਸਨ।

shivani attri

This news is Content Editor shivani attri