ਪ੍ਰਸ਼ਾਸਨ 2 ਹਫ਼ਤਿਆਂ ਤੋਂ ਆਕਸੀਜਨ ਦੀ ਕਮੀ ਨਾਲ ਜੂਝ ਰਿਹਾ, ਹੁਣ ਸੰਸਦ ਮੈਂਬਰ ਤੇ ਵਿਧਾਇਕ ਕੁੰਭਕਰਨੀ ਨੀਂਦ ਤੋਂ ਜਾਗੇ

04/30/2021 4:05:43 PM

ਜਲੰਧਰ (ਚੋਪੜਾ)–ਸੰਸਦ ਮੈਂਬਰ ਸੰਤੋਖ ਚੌਧਰੀ, ਕਾਂਗਰਸੀ ਵਿਧਾਇਕਾਂ ਬਾਵਾ ਹੈਨਰੀ, ਸੁਰਿੰਦਰ ਚੌਧਰੀ, ਜਲੰਧਰ ਸੈਂਟਰਲ ਤੋਂ ਵਿਧਾਇਕ, ਮੇਅਰ ਜਗਦੀਸ਼ ਰਾਜਾ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਹੋਰ ਨੇਤਾ ਆਖਿਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਗਏ ਹਨ। ਮਹਾਰਾਸ਼ਟਰ, ਦਿੱਲੀ, ਯੂ. ਪੀ. ਤੋਂ ਇਲਾਵਾ ਦੇਸ਼ ਦੇ ਦੂਜੇ ਸੂਬਿਆਂ ਵਿਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਬਣੇ ਭਿਆਨਕ ਹਾਲਾਤ ਦੇ ਬਾਵਜੂਦ ਸ਼ਾਇਦ ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਜ਼ਿਲ੍ਹੇ ਵਿਚ ਆਕਸੀਜਨ ਗੈਸ ਅਤੇ ਜੀਵਨ ਰੱਖਿਅਕ ਦਵਾਈਆਂ ਦੀ ਕਮੀ ਨਾਲ ਜੂਝ ਰਹੇ ਜ਼ਿਲ੍ਹਾ ਪ੍ਰਸ਼ਾਸਨ, ਪ੍ਰਾਈਵੇਟ ਹਸਪਤਾਲਾਂ, ਕੋਰੋਨਾ ਮਰੀਜ਼ਾਂ ਦੀਆਂ ਮੁਸ਼ਕਲਾਂ ਅਤੇ ਪੀੜਾ ਦਾ ਅੱਜ ਅਹਿਸਾਸ ਹੋਇਆ।

ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਅਗਵਾਈ ਵਿਚ ਪ੍ਰਸ਼ਾਸਨਿਕ, ਸਿਹਤ ਅਤੇ ਪੁਲਸ ਅਧਿਕਾਰੀ ਪਿਛਲੇ ਲਗਭਗ 2 ਹਫਤਿਆਂ ਤੋਂ ਦਿਨ-ਰਾਤ ਕੰਮ ਕਰਕੇ ਮਰੀਜ਼ਾਂ ਲਈ ਆਕਸੀਜਨ ਦਾ ਪ੍ਰਬੰਧ ਕਰਨ ਵਿਚ ਜੁਟੇ ਹੋਏ ਹਨ। ਡਿਪਟੀ ਕਮਿਸ਼ਨਰ ਨੇ ਲਿਕੁਇਡ ਗੈਸ ਨਾ ਮਿਲਣ ਦੇ ਬਾਵਜੂਦ ਵਾਯੂਮੰਡਲੀ ਗੈਸ ਤੋਂ ਆਕਸੀਜਨ ਉਤਪਾਦਨ ਕਰ ਰਹੇ ਜ਼ਿਲੇ ਦੇ ਦੋਵਾਂ ਪਲਾਂਟਾਂ ਵਿਚ 3-3 ਸ਼ਿਫਟਾਂ ਵਿਚ 24 ਘੰਟਿਆਂ ਲਈ ਵੱਖ-ਵੱਖ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਨਿਰਧਾਰਿਤ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਆਕਸੀਜਨ ਅਤੇ ਦਵਾਈਆਂ ਦੀ ਹੋ ਰਹੀ ਕਾਲਾਬਾਜ਼ਾਰੀ, ਜਮ੍ਹਾਖੋਰੀ ਨੂੰ ਰੋਕਣ ਲਈ ਵੀ ਸਖ਼ਤ ਯਤਨ ਕੀਤੇ ਜਾ ਰਹੇ ਹਨ ਪਰ ਅੱਜ ਇੰਨੇ ਦਿਨਾਂ ਬਾਅਦ ਸੰਸਦ ਮੈਂਬਰ, ਵਿਧਾਇਕਾਂ ਦੀ ਅਧਿਕਾਰੀਆਂ ਦੇ ਨਾਲ ਪ੍ਰਬੰਧਾਂ ਦੀ ਜਾਣਕਾਰੀ ਲੈਣ ਲਈ ਕੀਤੀ ਮੀਟਿੰਗ ਨੇ ਉਨ੍ਹਾਂ ਦੇ ਲੋਕ ਸੇਵਾ ਲਈ ਵਰਤੇ ਜਾ ਰਹੇ ਗੈਰ-ਜ਼ਿੰਮੇਵਾਰਾਨਾ ਰਵੱਈਏ ਨੂੰ ਵੀ ਉਜਾਗਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਜਲੰਧਰ ਸਿਵਲ ਸਰਜਨ ਦੇ ਹੁਕਮ, ਘਰਾਂ ’ਚ ਰੋਗੀਆਂ ਦੀ ਦੇਖਭਾਲ ਕਰ ਰਹੀਆਂ ਸੰਸਥਾਵਾਂ ਨੂੰ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ

PunjabKesari

ਵੀਰਵਾਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪ੍ਰਧਾਨਗੀ ਵਿਚ ਸਿਵਲ ਪ੍ਰਸ਼ਾਸਨ, ਪੁਲਸ ਅਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਹੋਈ, ਜਿਸ ਵਿਚ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਐੱਸ. ਐੱਸ. ਪੀ. ਡਾ. ਸੰਦੀਪ ਗਰਗ, ਡੀ. ਸੀ. ਪੀ. ਗੁਰਮੀਤ ਸਿੰਘ ਵੀ ਮੌਜੂਦ ਸਨ। 
ਇਸ ਦੌਰਾਨ ਸੰਸਦ ਮੈਂਬਰ ਨੇ ਕੋਵਿਡ-19 ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਜਾਣਕਾਰੀ ਲਈ। ਡਿਪਟੀ ਕਮਿਸ਼ਨਰ ਨੇ ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਦੱਸਿਆ ਕਿ ਸ਼ਹਿਰ ਨਾਲ ਸਬੰਧਤ ਸਾਰੇ 80 ਵਾਰਡਾਂ ਨੂੰ ਕਵਰ ਕਰਨ ਲਈ ਵੱਖ-ਵੱਖ ਸਥਾਨਾਂ ’ਤੇ ਸਥਾਈ ਮੋਬਾਇਲ ਕੋਵਿਡ ਵੈਕਸੀਨੇਸ਼ਨ ਕੈਂਪ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਲੈਵਲ-2 ਅਤੇ ਲੈਵਲ-3 ਲਈ ਲੋੜੀਂਦੀ ਮਾਤਰਾ ਵਿਚ ਬੈੱਡ ਅਤੇ ਆਕਸੀਜਨ ਸਿਲੰਡਰ ਉਪਲੱਬਧ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ

ਸੰਸਦ ਮੈਂਬਰ ਚੌਧਰੀ ਨੇ ਅਧਿਕਾਰੀਆਂ ਨੂੰ ਵੈਕਸੀਨੇਸ਼ਨ ਕੈਂਪਾਂ ਨੂੰ ਦਿਹਾਤੀ ਖੇਤਰਾਂ ਵਿਚ ਵੀ ਲਗਾਉਣ ਅਤੇ ਲੋਕਾਂ ਨੂੰ ਜ਼ਿਆਦਾ ਗਿਣਤੀ ਵਿਚ ਕੈਂਪਾਂ ਵਿਚ ਆ ਕੇ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰਨ ਲਈ ਸਾਰੇ ਕੌਂਸਲਰਾਂ, ਸਰਪੰਚਾਂ, ਪੰਚਾਂ ਸਮੇਤ ਜਨ-ਪ੍ਰਤੀਨਿਧੀਆਂ ਨੂੰ ਸ਼ਾਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਉਪਲੱਬਧ ਹੈ, ਜਿਸ ਕਾਰਨ ਮੌਜੂਦਾ ਹਾਲਾਤ ਵਿਚ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਵਿਡ ਪ੍ਰੋਟੋਕਾਲਜ਼ ਤੇ ਕਰਫਿਊ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਰੋਨਾ ਦੀ ਦੂਸਰੀ ਲਹਿਰ ਦਾ ਕੁਸ਼ਲਤਾ ਨਾਲ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ, ਗੌਤਮ ਜੈਨ, ਡਾ. ਵਿਨੀਤ ਬਜਾਜ ਅਤੇ ਡਾ. ਸੰਜੀਵ ਸ਼ਰਮਾ, ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : ਵੰਡਰਲੈਂਡ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਮਾਲਕ ਖ਼ਿਲਾਫ਼ ਮਾਮਲਾ ਦਰਜ

ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਮਾਮਲੇ ’ਚ ਕੰਨੀ ਕਤਰਾ ਗਏ ਚੌਧਰੀ
ਪ੍ਰੋਗਰਾਮ ਉਪਰੰਤ ਸੰਸਦ ਮੈਂਬਰ ਸੰਤੋਖ ਚੌਧਰੀ ਤੋਂ ਜਦੋਂ ਨਵਜੋਤ ਸਿੰਘ ਸਿੱਧੂ ਅਤੇ ਕੈਂਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਗਟ ਸਿੰਘ ਦੇ ਮਾਮਲੇ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਉਹ ਇਨ੍ਹਾਂ ਸਵਾਲਾਂ ਤੋਂ ਕੰਨੀ ਕਤਰਾ ਗਏ ਅਤੇ ਉਨ੍ਹਾਂ ਨੇ ਸਿੱਧੂ ਅਤੇ ਪਰਗਟ ਨੂੰ ਲੈ ਕੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

ਵਿਧਾਇਕ ਰਿੰਕੂ, ਪਰਗਟ ਅਤੇ ਸ਼ੇਰੋਵਾਲੀਆ ਮੀਟਿੰਗ ’ਚ ਨਹੀਂ ਹੋਏ ਸ਼ਾਮਲ
ਕੋਵਿਡ-19 ਮਹਾਮਾਰੀ ਨੂੰ ਲੈ ਕੇ ਪੈਦਾ ਹੋਏ ਚਿੰਤਾਜਨਕ ਹਾਲਾਤ ਨੂੰ ਲੈ ਕੇ ਹੋਈ ਮੀਟਿੰਗ ਵਿਚ ਵੈਸਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ, ਕੈਂਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਗਟ ਸਿੰਘ ਅਤੇ ਸ਼ਾਹਕੋਟ ਹਲਕੇ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਸ਼ਾਮਲ ਨਹੀਂ ਹੋਏ। ਇਸ ਤੋਂ ਇਲਾਵਾ ਆਦਮਪੁਰ ਵਿਧਾਨ ਸਭਾ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ. ਪੀ. ਨੇ ਵੀ ਮੀਟਿੰਗ ਤੋਂ ਦੂਰੀ ਬਣਾਈ ਰੱਖੀ।

ਇਹ ਵੀ ਪੜ੍ਹੋ : ਕੈਪਟਨ ਨੇ ਕੋਵਿਡ ਰੋਗੀਆਂ ਲਈ ਤਿਆਰ ਕਰਵਾਏ 1 ਲੱਖ ਬੈਗ, ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਹੁਕਮ

ਕਾਲਾਬਾਜ਼ਾਰੀਆਂ ਤੇ ਜਮ੍ਹਾਖੋਰਾਂ ਦਾ ਸਟਿੰਗ ਆਪ੍ਰੇਸ਼ਨ ਕਰਨ ਵਾਲਿਆਂ ਨੂੰ ਮਿਲੇਗਾ 25 ਹਜ਼ਾਰ ਰੁਪਏ ਦਾ ਇਨਾਮ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਮੀਟਿੰਗ ਉਪਰੰਤ ਐਲਾਨ ਕੀਤਾ ਕਿ ਜੋ ਕੋਈ ਵੀ ਜ਼ਿਲ੍ਹੇ ਵਿਚ ਕਾਲਾਬਾਜ਼ਾਰੀਆਂ ਅਤੇ ਜਮ੍ਹਾਖੋਰਾਂ ਦਾ ਸਟਿੰਗ ਆਪ੍ਰੇਸ਼ਨ ਕਰਕੇ ਉਨ੍ਹਾਂ ਨੂੰ ਭੇਜੇਗਾ, ਉਸ ਨੂੰ ਉਹ 25 ਹਜ਼ਾਰ ਰੁਪਏ ਦਾ ਕੈਸ਼ ਇਨਾਮ ਦੇਣਗੇ। ਉਨ੍ਹਾਂ ਨੇ ਫਿਰ ਦੁਹਰਾਇਆ ਕਿ ਕੋਰੋਨਾ ਕਾਲ ਦੌਰਾਨ ਕਿਸੇ ਵੀ ਵਿਅਕਤੀ ਨੂੰ ਜ਼ਰੂਰੀ ਵਸਤਾਂ ਦੀ ਬਲੈਕ ਮਾਰਕੀਟਿੰਗ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਜਮ੍ਹਾਖੋਰੀ ਅਤੇ ਬਲੈਕ ਮਾਰਕੀਟਿੰਗ ਦਾ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮੁਲਜ਼ਮ ਵਿਰੁੱਧ ਤੁਰੰਤ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : PGI 'ਚ ਦਾਖ਼ਲ ਜਬਰ-ਜ਼ਿਨਾਹ ਪੀੜਤਾ 7 ਸਾਲਾ ਬੱਚੀ ਇਕ ਮਹੀਨੇ ਤੋਂ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News