ਕਰਫਿਊ ਖੁੱਲ੍ਹਣ ਤੋਂ 3 ਹਫਤੇ ਬਾਅਦ ਅੱਜ ਚੱਲਣਗੀਆਂ ਬੱਸਾਂ, ਪ੍ਰਸ਼ਾਸਨ ਨੇ ਰਿਜ਼ਰਵ ਰੱਖੀਆਂ 70 ਬੱਸਾਂ

07/04/2020 11:46:59 AM

ਜਲੰਧਰ (ਪੁਨੀਤ)— ਕਰਫਿਊ ਖੁੱਲ੍ਹਣ ਤੋਂ ਬਾਅਦ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕਰ ਦਿੱਤੀ ਗਈ ਹੈ, ਜਿਸ ਕਾਰਨ ਇਨ੍ਹਾਂ 2 ਦਿਨਾਂ 'ਚ ਬੱਸਾਂ ਦੇ ਚੱਲਣ 'ਤੇ ਰੋਕ ਲਗਾ ਦਿੱਤੀ ਗਈ। ਪਿਛਲੇ 3 ਹਫਤਿਆਂ ਤੋਂ ਸ਼ਨੀਵਾਰ ਅਤੇ ਐਤਵਾਰ ਨੂੰ ਬੱਸਾਂ ਨਹੀਂ ਚੱਲੀਆਂ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ। ਤਾਲਾਬੰਦੀ ਦੇ ਨਵੇਂ ਨਿਯਮਾਂ ਅਨੁਸਾਰ ਹੁਣ ਸ਼ਨੀਵਾਰ ਨੂੰ ਰੁਟੀਨ ਵਾਂਗ ਬੱਸਾਂ ਚੱਲਣਗੀਆਂ। ਸਿਰਫ ਸਰਕਾਰੀ ਹੀ ਨਹੀਂ ਸਗੋਂ ਪ੍ਰਾਈਵੇਟ ਬੱਸਾਂ ਦੇ ਚੱਲਣ 'ਤੇ ਵੀ ਪੂਰੀ ਛੋਟ ਹੋਵੇਗੀ। ਨਿਯਮਾਂ ਅਨੁਸਾਰ ਇਹ ਬੱਸਾਂ ਕੇਵਲ ਪੰਜਾਬ 'ਚ ਹੀ ਚੱਲ ਸਕਣਗੀਆਂ। ਦੂਜੇ ਸੂਬਿਆਂ 'ਚ ਜਾਣ 'ਤੇ ਬੱਸਾਂ 'ਤੇ ਪੂਰੀ ਪਾਬੰਦੀ ਰਹੇਗੀ। ਨਿਯਮਾਂ ਦੇ ਉਲਟ ਜੇਕਰ ਕੋਈ ਬੱਸ ਦੂਜੇ ਸੂਬਿਆਂ 'ਚ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦਾ ਪਰਮਿਟ ਤੱਕ ਕੈਂਸਲ ਕਰਨ ਦੀ ਵਿਵਸਥਾ ਹੈ ਕਿਉਂਕਿ ਹੁਣ 3 ਹਫਤਿਆਂ ਤੋਂ ਬਾਅਦ ਸ਼ਨੀਵਾਰ ਨੂੰ ਬੱਸਾਂ ਚੱਲਣ ਵਾਲੀਆਂ ਹਨ, ਇਸ ਲਈ ਵਾਧੂ ਸਟਾਫ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਕਿਸੇ ਡਰਾਈਵਰ ਜਾਂ ਕੰਡਕਟਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ ਤਾਂ ਦੂਜੇ ਸਟਾਫ ਮੈਂਬਰ ਨੂੰ ਬੱਸ ਨਾਲ ਰਵਾਨਾ ਕੀਤਾ ਜਾ ਸਕੇ। ਇਸ ਲਈ ਡਿਪੂ-1 ਅਤੇ 2 ਦੀਆਂ ਮਿਲਾ ਕੇ 70 ਬੱਸਾਂ ਰਿਜ਼ਰਵ ਰੱਖੀਆਂ ਗਈਆਂ ਹਨ।
ਇਹ ਵੀ ਪੜ੍ਹੋ:  ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ

ਬੱਸਾਂ ਚਲਾਉਣ ਤੋਂ ਪਹਿਲਾਂ ਸਵੇਰੇ ਉਨ੍ਹਾਂ ਨੂੰ ਸੈਨੇਟਾਈਜ਼ ਕਰਵਾਇਆ ਜਾਵੇਗਾ ਤਾਂ ਕਿ ਸੁਰੱਖਿਆ ਦਾ ਜ਼ਿਆਦਾ ਧਿਆਨ ਰੱਖਿਆ ਜਾ ਸਕੇ। ਕੰਡਕਟਰ ਸਟਾਫ ਨੂੰ ਸਿਰ 'ਤੇ ਕੈਪ, ਦਸਤਾਨੇ, ਮਾਸਕ ਹਰ ਸਮੇਂ ਪਹਿਨਣ ਲਈ ਕਿਹਾ ਗਿਆ ਹੈ। ਯਾਤਰੀਆਂ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ। 99 ਡਿਗਰੀ ਤਾਪਮਾਨ ਵਾਲੇ ਵਿਅਕਤੀ ਨੂੰ ਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਅਧਿਕਾਰੀ ਕਹਿੰਦੇ ਹਨ ਕਿ ਜੇ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਨੂੰ ਪੁਲਸ ਹਵਾਲੇ ਕੀਤਾ ਜਾਵੇਗਾ ਅਤੇ ਐੱਫ. ਆਈ. ਆਰ. ਦਰਜ ਹੋਵੇਗੀ।

ਮਸਕਟ ਤੋਂ ਆਉਣ ਵਾਲੀ ਇੰਟਰਨੈਸ਼ਨਲ ਫਲਾਈਟ ਦੇ ਯਾਤਰੀ ਲੈਣ ਲਈ ਬੱਸ ਰਵਾਨਾ
ਅੱਜ ਮਸਕਟ ਤੋਂ ਇੰਟਰਨੈਸ਼ਨਲ ਫਲਾਈਟ ਅੰਮ੍ਰਿਤਸਰ ਏਅਰਪੋਰਟ ਆ ਰਹੀ ਹੈ, ਜਿਸ ਦੇ ਯਾਤਰੀਆਂ ਨੂੰ ਲਿਆਉਣ ਲਈ ਪੰਜਾਬ ਰੋਡਵੇਜ਼ ਡਿਪੂ-1 ਦੀ ਬੱਸ ਰਵਾਨਾ ਕਰ ਦਿੱਤੀ ਗਈ ਹੈ। ਫਿਲਹਾਲ ਜੋ ਸੂਚਨਾ ਹੈ, ਉਸ ਅਨੁਸਾਰ 16 ਯਾਤਰੀ ਅੰਮ੍ਰਿਤਸਰ ਉਤਰਨਗੇ ਪਰ ਇਨ੍ਹਾਂ 'ਚੋਂ ਜਲੰਧਰ ਦੇ ਕਿੰਨੇ ਯਾਤਰੀ ਹੋਣਗੇ, ਇਸ ਬਾਰੇ ਮੌਕੇ 'ਤੇ ਹੀ ਪਤਾ ਚੱਲੇਗਾ। ਯਾਤਰੀਆਂ ਦੀ ਸਹੂਲਤ ਲਈ ਬੱਸ ਵਿਚ ਸੈਨੇਟਾਈਜ਼ਰ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਤਨੀ ਤੇ ਉਸ ਦੇ ਆਸ਼ਿਕ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

ਚੰਡੀਗੜ੍ਹ ਡਿਪੂ ਦੀਆਂ 7 ਬੱਸਾਂ 61 ਯਾਤਰੀਆਂ ਨੂੰ ਲੈ ਕੇ ਰਵਾਨਾ
ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ 'ਤੇ ਅਜੇ ਰੋਕ ਲਾਈ ਗਈ ਹੈ ਪਰ ਚੰਡੀਗੜ੍ਹ ਟਰਾਂਸਪੋਰਟ ਦੀਆਂ ਬੱਸਾਂ ਜਲੰਧਰ ਤੋਂ ਹੋ ਕੇ ਜਦੋਂ ਗੁਜ਼ਰਦੀਆਂ ਹਨ ਤਾਂ ਯਾਤਰੀ ਲੈ ਕੇ ਜਾਂਦੀਆਂ ਹਨ। ਬੀਤੇ ਦਿਨ 7 ਬੱਸਾਂ 61 ਯਾਤਰੀ ਲੈ ਕੇ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਚੰਡੀਗੜ੍ਹ ਤੋਂ ਪਹਿਲਾਂ ਹੀ ਉਤਾਰ ਦਿੱਤਾ ਜਾਂਦਾ ਹੈ। ਉਥੇ ਹੀ ਨਵਾਂਸ਼ਹਿਰ ਡਿਪੂ ਦੀਆਂ 11 ਬੱਸਾਂ ਜਲੰਧਰ ਬੱਸ ਅੱਡੇ ਤੋਂ ਹੋ ਕੇ ਗੁਜ਼ਰੀਆਂ, ਜਿਨ੍ਹਾਂ ਵਿਚ 124 ਯਾਤਰੀਆਂ ਨੇ ਸਫਰ ਕੀਤਾ। ਜਲੰਧਰ ਡਿਪੂ-1 ਦੀਆਂ 27, ਜਦਕਿ ਡਿਪੂ-2 ਦੀਆਂ 29 ਬੱਸਾਂ ਚਲਾਈਆਂ ਗਈਆਂ ਜੋ ਕਿ ਅੰਮ੍ਰਿਤਸਰ, ਲੁਧਿਆਣਾ ਸਮੇਤ ਵੱਖ-ਵੱਖ ਰੂਟਾਂ 'ਤੇ ਚਲਾਈਆਂ ਗਈਆਂ। ਅੰਮ੍ਰਿਤਸਰ ਡਿਪੂ-1 ਦੀਆਂ 10 ਬੱਸਾਂ ਜਲੰਧਰ 'ਚੋਂ ਹੋ ਕੇ ਗਈਆਂ, ਜਦਕਿ ਬਟਾਲਾ ਦੀਆਂ 8 ਬੱਸਾਂ ਜਲੰਧਰ ਪਹੁੰਚੀਆਂ। ਪੀ. ਆਰ. ਟੀ. ਸੀ. ਦੀਆਂ 9 ਬੱਸਾਂ ਚਲਾਈਆਂ ਗਈਆਂ, ਜਦਕਿ ਪ੍ਰਾਈਵੇਟ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਰੂਟਾਂ 'ਤੇ 38 ਬੱਸਾਂ ਰਵਾਨਾ ਕੀਤੀਆਂ ਗਈਆਂ।

shivani attri

This news is Content Editor shivani attri