ਕਰਫਿਊ ਨਿਯਮਾਂ ਦੀ ਉਲੰਘਣਾ ਕਰਨਾ ਵਾਲਿਆਂ ''ਤੇ ਚੱਲਿਆ ਪੁਲਸ ਦਾ ਡੰਡਾ, 9 ਗ੍ਰਿਫਤਾਰ

04/18/2020 9:40:21 AM

ਜਲੰਧਰ (ਸੁਧੀਰ)— ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲਾਕ ਡਾਊਨ ਦੌਰਾਨ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਲਗਾਤਾਰ ਕਮਿਸ਼ਨਰੇਟ ਪੁਲਸ ਦਾ ਡੰਡਾ ਚੱਲ ਰਿਹਾ ਹੈ। ਉਥੇ ਹੀ ਬੀਤੇ ਦਿਨ ਫਿਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਘਰੋਂ ਐਮਰਜੈਂਸੀ ਹਾਲਾਤ 'ਚ ਬਾਹਰ ਨਿਕਲਦੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਮਾਸਕ ਲਾਜ਼ਮੀ ਪਾਉਣ ਦੇ ਹੁਕਮ ਜਾਰੀ ਕੀਤੇ ਸਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਕਮਿਸ਼ਨਰੇਟ ਪੁਲਸ ਨੇ ਮਾਸਕ ਨਾ ਪਾਉਣ ਵਾਲੇ 2 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸ਼ੁੱਕਰਵਾਰ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਫੜੇ ਗਏ ਲੋਕਾਂ ਦੀ ਪਛਾਣ ਕਰਨ ਵਾਸੀ ਗਾਰਡਨ ਕਾਲੋਨੀ, ਦੀਪਾਂਸ਼ੂ ਅਤੇ ਮਾਨਸ ਵਾਸੀ ਮਾਡਲ ਹਾਊਸ, ਦਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਸ਼ਿਵ ਵਾਸੀ ਨਿਊ ਦਸਮੇਸ਼ ਨਗਰ, ਹਰਲਖਬੀਰ ਸਿੰਘ ਵਾਸੀ ਮਿੱਠਾਪੁਰ, ਮਨਦੀਪ ਕੁਮਾਰ ਵਾਸੀ ਫੋਲੜੀਵਾਲ ਨੂੰ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਕਾਬੂ ਕੀਤਾ ਹੈ, ਜਦਕਿ ਲੀਜੂ ਵਾਸੀ ਗਾਰਡਨ ਕਾਲੋਨੀ ਅਤੇ ਸ਼ਾਮ ਬਹਾਦਰ ਵਾਸੀ ਜਲੰਧਰ ਕੰਟੋਨਮੈਂਟ ਨੂੰ ਬਿਨਾਂ ਮਾਸਕ ਦੇ ਬਾਹਰ ਨਿਕਲਣ ਦੇ ਦੋਸ਼ 'ਚ ਕਾਬੂ ਕੀਤਾ ਹੈ।

ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਨੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ 243 ਚਲਾਨ ਕੱਟੇ ਹਨ, ਜਦਕਿ 11 ਵਾਹਨਾਂ ਨੂੰ ਪੁਲਸ ਨੇ ਥਾਣੇ 'ਚ ਜ਼ਬਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਮਿਸ਼ਨਰੇਟ ਪੁਲਸ ਨੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 295 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ 295 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਨੇ 6167 ਵਾਹਨ ਚਾਲਕਾਂ ਦੇ ਚਲਾਨ ਕੱਟੇ ਅਤੇ 480 ਵਾਹਨਾਂ ਨੂੰ ਥਾਣੇ 'ਚ ਜ਼ਬਤ ਕੀਤਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਅਤੇ ਘਰਾਂ 'ਚ ਰਹਿਣ। ਇਹ ਕਰਫਿਊ ਤੁਹਾਡੀ ਸਿਹਤ ਨੂੰ ਧਿਆਨ 'ਚ ਰੱਖ ਕੇ ਸਰਕਾਰ ਵਲੋਂ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News