ਪੁਲਸ ਨੇ ਕੱਸਿਆ ਸ਼ਿਕੰਜਾ: ਕਰਫਿਊ ਦੌਰਾਨ ਸੜਕਾਂ ''ਤੇ ਘੁੰਮ ਰਹੇ 7 ਲੋਕ ਗ੍ਰਿਫਤਾਰ

04/01/2020 11:22:07 AM

ਜਲੰਧਰ (ਵਰੁਣ)— ਕੋਰੋਨਾ ਵਾਇਰਸ ਨੂੰ ਮਜ਼ਾਕ ਸਮਝ ਕੇ ਕਰਫਿਊ ਦੌਰਾਨ ਬਿਨਾਂ ਕਿਸੇ ਕਾਰਣ ਸੜਕਾਂ 'ਤੇ ਘੁੰਮ ਰਹੇ ਲੋਕਾਂ 'ਤੇ ਕਮਿਸ਼ਨਰੇਟ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਥਾਣਾ ਨੰ. 7 ਦੀ ਪੁਲਸ ਨੇ ਅਜਿਹੇ 7 ਲੋਕਾਂ 'ਤੇ ਐੱਫ. ਆਈ. ਆਰ. ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ 23 ਲੋਕਾਂ ਦੇ ਚਲਾਨ ਵੀ ਕੱਟੇ।

ਥਾਣਾ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਕਰਫਿਊ 'ਚ ਬਾਹਰ ਨਿਕਲਣ ਤੋਂ ਰੋਕਣ ਲਈ ਉਨ੍ਹਾਂ ਦੀ ਟੀਮ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਪੁਲਸ ਟੀਮ ਨੇ ਕੰਨਿਆਵਾਲੀ ਪਾਰਕ ਦੇ ਕੋਲ ਬਿਨਾਂ ਕਿਸੇ ਕਾਰਨ ਬਾਈਕ 'ਤੇ ਘੁੰਮ ਰਹੇ ਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਲੁਹਾਰ ਨੰਗਲ ਕਾਲੋਨੀ ਨੂੰ ਗ੍ਰਿਫਤਾਰ ਕੀਤਾ। ਅਰਬਨ ਸਟੇਟ ਫੇਜ਼ 2 ਟ੍ਰੈਫਿਕ ਸਿਗਨਲ 'ਤੇ ਜੀਪ ਸਵਾਰ ਦੋ ਨੌਜਵਾਨਾਂ ਮਨਦੀਪ ਸਿੰਘ ਪੁੱਤਰ ਰਾਮ ਪ੍ਰਕਾਸ਼ ਅਤੇ ਰੋਹਿਤ ਪੁੱਤਰ ਹਰਦਿੰਗਰ ਪਾਲ ਵਾਸੀ ਕਰਤਾਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਹਾਲਾਤ ਵਿਗੜਨ ਤੋਂ ਬਾਅਦ ਦਿਲਕੁਸ਼ਾ ਮਾਰਕੀਟ ਦੇ ਸਾਰੇ ਐਂਟਰੀ ਪੁਆਇੰਟ ਸੀਲ

ਇਸੇ ਤਰ੍ਹਾਂ ਥਾਣਾ ਨੰ. 7 ਦੀ ਪੁਲਸ ਨੇ ਰਾਜ ਕੁਮਾਰ ਪੁੱਤਰ ਸੇਵਕ ਨਾਥ ਅਤੇ ਅੰਸ਼ੁਮਨ ਪੁੱਤਰ ਸੋਮਨਾਥ ਦੋਵੇਂ ਵਾਸੀ ਤੋਪਖਾਨਾ ਬਾਜ਼ਾਰ ਨੂੰ ਅਰਬਨ ਅਸਟੇਟ 1 ਨੇੜੇ ਚੌਪਾਟੀ ਮਾਰਕੀਟ ਤੋਂ ਗ੍ਰਿਫਤਾਰ ਕੀਤਾ ਗਿਆ। ਮਿੱਠਾਪੁਰ ਕੋਲ ਲੱਗੇ ਨਾਕੇ 'ਤੇ ਪੁਲਸ ਨੇ ਬਿਨਾਂ ਕਾਰਣ ਘੁੰਮ ਰਹੇ ਮਨਪ੍ਰੀਤ ਸਿੰਘ ਪੁੱਤਰ ਜਗਦੀਸ਼ ਲਾਲ ਵਾਸੀ ਮਿੱਠਾਪੁਰ ਨੂੰ ਗ੍ਰਿਫਤਾਰ ਕੀਤਾ ਹੈ। ਸੱਤਵੀਂ ਗ੍ਰਿਫਤਾਰੀ 'ਚ ਸ਼ਰਨਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਫਤਿਹ ਕਾਲੋਨੀ ਨੂੰ ਰੇਲਵੇ ਕਰਾਸਿੰਗ ਅਰਬਨ ਸਟੇਟ ਫੇਜ਼ -2 ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੀ ਮੰਨੀਏ ਤਾਂ ਕੋਰੋਨਾ ਨਾਲ ਜੰਗ ਜਿੱਤਣ ਲਈ ਬਿਨਾਂ ਵਜ੍ਹਾ ਸੜਕਾਂ 'ਤੇ ਘੁੰਮ ਰਹੇ ਲੋਕਾਂ 'ਤੇ ਇਸੇ ਤਰ੍ਹਾਂ ਸਖਤੀ ਕੀਤੀ ਜਾਵੇਗੀ। ਪੁਲਸ ਨੇ ਸਾਰਿਆਂ ਦੀ ਗ੍ਰਿਫਤਾਰੀ ਪਾ ਕੇ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਕੀਤਾ ਸੀਲ

ਗੇੜੀਆਂ ਲਾਉਣ ਬਾਹਰ ਨਿਕਲੇ ਤਾਂ ਗੱਡੀ ਹੋਵੇਗੀ ਜ਼ਬਤ
ਟ੍ਰੈਫਿਕ ਪੁਲਸ ਨੇ ਵੀ ਬਿਨਾਂ ਵਜ੍ਹਾ ਸੜਕਾਂ 'ਤੇ ਘੁੰਮ ਰਹੇ ਲੋਕਾਂ 'ਤੇ ਸ਼ਿਕੰਜਾ ਕੱਸਣ ਲਈ ਤਿਆਰੀ ਕਰ ਲਈ ਹੈ। ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਬਿਨਾਂ ਵਜ੍ਹਾ ਸੜਕਾਂ 'ਤੇ ਮਿਲਿਆ ਤਾਂ ਉਨ੍ਹਾਂ ਦੇ ਵਾਹਨਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ। ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਕਰਫਿਊ ਨੂੰ ਕੁਝ ਲੋਕ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਬਿਨਾਂ ਕਾਰਣ ਸੜਕਾਂ 'ਤੇ ਵਾਹਨਾਂ ਸਣੇ ਘੁੰਮ ਰਹੇ ਹਨ। ਅਜਿਹੇ ਲੋਕਾਂ 'ਤੇ ਕਾਰਵਾਈ ਕਰਨ ਲਈ ਹੁਣ ਚਲਾਨ ਤਾਂ ਕੱਟੇ ਜਾਣਗੇ ਹੀ, ਨਾਲ ਹੀ ਅਜਿਹੇ ਲੋਕਾਂ ਦੇ ਵਾਹਨ ਵੀ ਜ਼ਬਤ ਕਰ ਲਏ ਜਾਣਗੇ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਬਿਨਾਂ ਕਾਰਣ ਸੜਕਾਂ ਉੱਤੇ ਨਾ ਆਉਣ ਅਤੇ ਆਪਣੇ ਘਰਾਂ 'ਚ ਰਹਿਣ। ਜ਼ਰੂਰੀ ਕੰਮ ਹੋਣ 'ਤੇ ਘਰ ਦਾ ਇਕ ਮੈਂਬਰ ਹੀ ਬਾਹਰ ਨਿਕਲੇ।
ਇਹ ਵੀ ਪੜ੍ਹੋ:  ਜਲੰਧਰ: ਹਨੇਰੇ 'ਚ ਰਹਿ ਰਹੀਆਂ ਨੇ ਇਹ ਭੈਣਾਂ, ਮਾਪੇ ਛੱਡ ਚਲੇ ਗਏ ਬਿਹਾਰ

shivani attri

This news is Content Editor shivani attri