ਕੋਰੋਨਾ ਅਲਰਟ: ਯਾਤਰੀਆਂ ਦੀ ਸਹੂਲਤ ਲਈ ਰੋਡਵੇਜ਼ ਨੇ ਬੈਕਅਪ ''ਚ ਰੱਖੀਆਂ 15 ਬੱਸਾਂ

03/24/2020 12:24:46 PM

ਜਲੰਧਰ (ਪੁਨੀਤ)— ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਕਰਫਿਊ ਲਾ ਦਿੱਤਾ ਹੈ, ਜਿਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਪੂਰਨ ਤੌਰ 'ਤੇ ਬੰਦ ਕਰ ਦਿੱਤੀਆਂ ਹਨ। ਬੱਸਾਂ ਦੇ ਪਹੀਏ ਥੰਮ੍ਹਣ ਕਾਰਨ ਯਾਤਰੀ ਕਿਤੇ ਵੀ ਸਫਰ ਨਹੀਂ ਕਰ ਸਕਦੇ। ਅਲਰਟ ਕਾਰਨ ਯਾਤਰੀਆਂ ਦੀਆਂ ਸਹੂਲਤਾਂ ਲਈ ਪੰਜਾਬ ਰੋਡਵੇਜ਼ ਵੱਲੋਂ 15 ਬੱਸਾਂ ਬੈਕਅਪ 'ਚ ਰੱਖੀਆਂ ਗਈਆਂ ਹਨ, ਜਿਸ ਨੂੰ ਸਰਕਾਰ ਵੱਲੋਂ ਹੁਕਮ ਪ੍ਰਾਪਤ ਹੋਣ 'ਤੇ ਕਿਸ ਵੀ ਸਮੇਂ ਚਲਾਇਆ ਜਾ ਸਕਦਾ ਹੈ। ਬੱਸਾਂ ਦੇ ਨਾਲ-ਨਾਲ ਜਲੰਧਰ ਅਤੇ ਨੇੜਲੇ ਖੇਤਰਾਂ 'ਚ ਰਹਿਣ ਵਾਲੇ 15 ਦੇ ਲਗਭਗ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਵੀ ਬੈਕਅਪ 'ਚ ਰੱਖਿਆ ਗਿਆ ਹੈ।

ਉਕਤ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਫੋਨ ਚਾਲੂ ਰੱਖਣ ਤਾਂ ਕਿ ਕਿਸੇ ਵੀ ਸਥਿਤੀ 'ਚ ਉਨ੍ਹਾਂ ਨੂੰ ਆਸਾਨੀ ਨਾਲ ਬੁਲਾਇਆ ਜਾ ਸਕੇ। ਰੋਡਵੇਜ਼ ਅਧਿਕਾਰੀਆਂ ਵੱਲੋਂ ਕਰਫਿਊ ਲਾਗੂ ਹੋਣ ਤੋਂ ਪਹਿਲਾਂ ਸਵੇਰੇ 11 ਵਜੇ ਦੇ ਲਗਭਗ ਅੰਬਾਲਾ ਰੋਡ ਲਈ ਬੱਸ ਨੂੰ ਕਾਊਂਟਰ 'ਤੇ ਲਾਇਆ ਗਿਆ ਸੀ ਪਰ ਯਾਤਰੀ ਨਾ ਆਉਣ ਕਾਰਨ ਬੱਸ ਨਹੀਂ ਚਲਾਈ ਗਈ। ਰੋਡਵੇਜ਼ ਦੇ ਅਧਿਕਾਰੀ ਪੂਰੀ ਸਥਿਤੀ 'ਤੇ ਕੰਟਰੋਲ ਰੱਖਣ ਲਈ ਬੱਸ ਅੱਡੇ 'ਚ ਰੁਟੀਨ 'ਚ ਵਿਜ਼ਿਟ ਕਰਦੇ ਰਹੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬਟਾਲਾ ਡਿਪੂ ਦੀ ਗੱਡੀ ਨੂੰ ਮੋਹਾਲੀ ਤੋਂ ਚੰਡੀਗੜ੍ਹ ਨਹੀਂ ਜਾਣ ਦਿੱਤਾ ਗਿਆ। ਇਸ ਤਰ੍ਹਾਂ ਬਟਾਲਾ ਤੋਂ ਆਉਣ ਵਾਲੀਆਂ ਬੱਸਾਂ ਨੂੰ ਪੀ. ਏ. ਪੀ. ਚੌਕ ਤੋਂ ਵਾਪਸ ਭੇਜ ਦਿੱਤਾ ਗਿਆ। ਇਸ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਅਧਿਕਾਰੀਆਂ ਵੱਲੋਂ ਬੱਸਾਂ ਚਲਾਉਣ ਦਾ ਫੈਸਲਾ ਕਰਫਿਊ ਲੱਗਣ ਤੋਂ ਬਾਅਦ ਵਾਪਸ ਲਿਆ ਗਿਆ।

20 ਮਿੰਟ 'ਚ ਸਰਵਿਸ ਮੁਹੱਈਆ ਕਰਵਾ ਦੇਵਾਂਗੇ : ਜੀ. ਐੱਮ. ਬਾਤਿਸ਼
ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼ ਦਾ ਕਹਿਣਾ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹਰੇਕ ਕਦਮ ਸਾਵਧਾਨੀ ਨਾਲ ਚੁੱਕਿਆ ਜਾ ਰਿਹਾ ਹੈ। ਸਰਕਾਰ ਵੱਲੋਂ ਕੋਈ ਵੀ ਹੁਕਮ ਆਉਣ ਤੋਂ ਬਾਅਦ 20 ਮਿੰਟ 'ਚ ਕਿਸੇ ਵੀ ਰੂਟ 'ਤੇ ਬੱਸ ਚਲਾਉਣ ਦੀ ਤਿਆਰੀ ਰੱਖੀ ਗਈ ਹੈ। 15 ਤੋਂ ਜ਼ਿਆਦਾ ਬੱਸਾਂ ਨੂੰ ਸੈਨੇਟਾਈਜ਼ ਕਰਵਾ ਕੇ ਡਿਪੂ 'ਚ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਾਰੇ ਰੂਟ ਬੰਦ ਰੱਖੇ ਗਏ ਹਨ, ਬੱਸ ਅੱਡੇ ਤੋਂ ਅੱਜ ਕੋਈ ਬੱਸ ਨਹੀਂ ਚੱਲ ਸਕੀ। ਦੂਜੇ ਸੂਬਿਆਂ ਤੋਂ ਵੀ ਬੱਸਾਂ ਨਹੀਂ ਆਈਆਂ ਹਨ।

shivani attri

This news is Content Editor shivani attri