ਕੋਰੋਨਾ ਬਨਾਮ ਕਲਾ ਦੇ ‘ਕਰਾਮਾਤੀ ਅੰਦਾਜ਼ੇ’

03/27/2020 2:26:39 PM

ਜਲੰਧਰ (ਹਰਪ੍ਰੀਤ) - ਅੱਜ ਕੱਲ ਕੋਰੋਨਾ ਵਾਇਰਸ ਨੇ ਦੁਨੀਆ ਵਿਚ ਅਜੀਬੋ-ਗਰੀਬ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਬਾਰੇ ਹਾਲੇ ਵਿਗਿਆਨ ਕੋਲ ਵੀ ਮਹਿਜ ਕਿਆਸ-ਅਰਾਈਆਂ ਹਨ। ਇਹ ਵਾਇਰਸ ਕਿਵੇਂ ਪੈਦਾ ਹੋਇਆ? ਕੀ ਇਹ ਬਾਕੀ ਵਾਇਰਸਾਂ ਨਾਲੋਂ ਸੱਚਮੁਚ ਵਧੇਰੇ ਖਤਰਨਾਕ ਹੈ? ਕੀ ਇਹ ਮਨੁੱਖ ਨੇ ਬਣਾਇਆ ਹੈ ਜਾਂ ਕੁਦਰਤ ਨੇ? ਇਸ ਸਥਿਤੀ ਬਾਰੇ ਬਹੁਤ ਸਾਰੀਆਂ ਕਿਆਸ-ਅਰਾਈਆਂ ਹਨ। ਕਲਾ ਦਾ ਆਪਣਾ ਸੱਚ ਹੁੰਦਾ ਹੈ ਅਤੇ ਵਿਗਿਆਨ ਦਾ ਆਪਣਾ ਸੱਚ ਅਤੇ ਕਈ ਵਾਰ ਇਨ੍ਹਾਂ ਦੋਵਾਂ ਸੱਚਾਂ ਦਾ ਟਕਰਾਅ ਵੀ ਹੋ ਜਾਂਦੈ ਅਤੇ ਸੁਮੇਲ ਵੀ। ਕਲਾ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੈ, ਜਿਸ ਤਰ੍ਹਾਂ ਅੱਜ ਮੰਨਿਆ ਅਤੇ ਪੇਸ਼ ਕੀਤਾ ਜਾ ਰਿਹਾ ਹੈ। ਕਲਾ ਤਾਂ ਉਹ ਹੁੰਦੀ ਹੈ, ਜਿਸ ਵਿਚ ਤ੍ਰੈਕਾਲੀ ਸੱਚ ਸਮੋਇਆ ਹੋਵੇ। ਕਲਾ ਦੇ ਆਪਣੇ ਕਰਾਮਾਤੀ ਅੰਦਾਜ਼ੇ ਹੁੰਦੇ ਹਨ, ਜਿਨ੍ਹਾਂ ਅੰਦਾਜ਼ਿਆਂ ਨੇ ਭਵਿੱਖ ਨੂੰ ਨਿਰਧਾਰਤ ਵੀ ਕਰਨਾ ਹੁੰਦਾ ਹੈ ਅਤੇ ਪ੍ਰਭਾਵਿਤ ਵੀ। ਇਨ੍ਹੀਂ ਦਿਨੀਂ ਡੀਨ ਕੂਨਟਜ਼ ਦੀ ਪੁਸਤਕ ‘ਦਿ ਆਈਜ਼ ਆਫ ਡਾਰਕਨੈੱਸ’ ਦੇ ਪੰਨੇ ਲਗਾਤਾਰ ਲੋਕਾਂ ਵੱਲੋਂ ਸਾਂਝੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਪੰਨਿਆਂ ਦੇ ਹਵਾਲੇ ਨਾਲ ਕੋਰੋਨਾ ਵਾਇਰਸ ਦੀ ਭਵਿੱਖਬਾਣੀ ਦਾ ਬਾਜ਼ਾਰ ਗਰਮ ਹੈ। ਇਹ ਪੁਸਤਕ ਪਹਿਲੀ ਵਾਰ 1981 ਵਿਚ ਪ੍ਰਕਾਸ਼ਿਤ ਹੁੰਦੀ ਹੈ ਤਾਂ ਇਸ ਵਿਚ ਜਿਸ ਸ਼ਹਿਰ ਦਾ ਨਾਂ ਆਉਂਦਾ ਹੈ, ਉਹ ‘ਗੋਰਕੀ’ ਸ਼ਹਿਰ ਹੈ ਪਰ ਜਦੋਂ ਇਸ ਪੁਸਤਕ ਦਾ ਦੂਜਾ ਐਡੀਸ਼ਨ 1989 ਵਿਚ ਪ੍ਰਕਾਸ਼ਿਤ ਹੁੰਦਾ ਹੈ ਤਾਂ ਸ਼ਹਿਰ ਦਾ ਨਾਂ ਬਦਲ ਕੇ ‘ਵੁਹਾਨ’ ਰੱਖ ਦਿੱਤਾ ਜਾਂਦਾ ਹੈ, ਜਿਹੜਾ ਕਿ ਚੀਨ ਵਿਚ ਹੈ।

ਨਾਵਲ ਦੇ ਸਾਂਝੇ ਕੀਤੇ ਜਾ ਰਹੇ ਪੰਨਿਆਂ ਵਿਚ ਡੋਬੇ ਨਾਂ ਦਾ ਪਾਤਰ ਇਕ ਚੀਨੀ ਵਿਗਿਆਨੀ ਬਾਰੇ ਇਕ ਕਹਾਣੀ ਸੁਣਾਉਂਦਾ ਹੈ, ਜੋ ਸੰਯੁਕਤ ਰਾਜ ਅਮਰੀਕਾ ਵਿਚ ‘ਵੁਹਾਨ-400’ ਨਾਮੀ ਜੀਵ-ਵਿਗਿਆਨਕ ਹਥਿਆਰ ਲੈ ਕੇ ਆਇਆ ਸੀ। ਨਾਵਲ ਦੀ ਕਹਾਣੀ ਅਨੁਸਾਰ ਇਕ ਚੀਨੀ ਵਿਗਿਆਨੀ ਨੇ ਇਕ ਮਹੱਤਵਪੂਰਨ ਅਤੇ ਖ਼ਤਰਨਾਕ ਨਵੇਂ ਜੀਵ-ਵਿਗਿਆਨਕ ਹਥਿਆਰ ਸੰਯੁਕਤ ਰਾਜ ਅਮਰੀਕਾ ਵਿਚ ਭੇਜਿਆ। ਜਿਸ ਨੂੰ ‘ਵੁਹਾਨ-400’ ਕਹਿੰਦੇ ਹਨ ਕਿਉਂਕਿ ਇਹ ਵੁਹਾਨ ਸ਼ਹਿਰ ਤੋਂ ਬਾਹਰ ਉਨ੍ਹਾਂ ਦੀਆਂ ਆਰ. ਡੀ. ਐੱਨ. ਏ. ਲੈਬਾਂ ’ਤੇ ਵਿਕਸਤ ਕੀਤਾ ਗਿਆ ਸੀ। ਇਸ ਵਾਇਰਸ ਨਾਲ ਬਹੁਗਿਣਤੀ ਵਿਚ ਮੌਤਾਂ ਹੋਣਗੀਆਂ ਅਤੇ ਇਹ ਵਾਇਰਸ ਲੱਗਭਗ ਚਾਰ ਘੰਟਿਆਂ ਵਿਚ ਹੀ, ਜਿਸ ਨੂੰ ਹੋਵੇਗਾ, ਮੌਤ ਦੇ ਮੂੰਹ ਵਿਚ ਲੈ ਜਾਵੇਗਾ। ਅੰਤਰਰਾਸ਼ਟਰੀ ਖ਼ਬਰ ਏਜੰਸੀ ਰਾਇਟਰਜ਼ ਨੇ ਇਸ ਬਾਰੇ ਘੋਖ ਪੜਤਾਲ ਕੀਤੀ ਹੈ। ਉਨ੍ਹਾਂ ਮੁਤਾਬਕ ਪੁਸਤਕ ਵਿਚਲੇ ਵਾਇਰਸ ਅਤੇ ਚੀਨ ਵਿਚ ਹੁਣ ਮਿਲੇ ਵਾਇਰਸ ਵਿਚ ਬਹੁਤ ਜ਼ਿਆਦਾ ਅੰਤਰ ਹੈ।

ਪੁਸਤਕ ਵਿਚਲੇ ਵਾਇਰਸ ਨਾਲ ਵਿਅਕਤੀ ਚਾਰ ਘੰਟਿਆਂ ਵਿਚ ਮਰ ਜਾਂਦਾ ਹੈ ਜਦਕਿ ਕੋਰੋਨਾ ਵਾਇਰਸ ਦੇ ਅਸਰ ਦੇ 14 ਦਿਨ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇਹ ਕਿਉਂਕਿ ਆਸ ਰੱਖਦੇ ਹਾਂ ਕਿ ਅੱਜ ਤੋਂ 40 ਸਾਲ ਪਹਿਲਾਂ ਲਿਖੀ ਪੁਸਤਕ ਵਿਚ ਹਰ ਚੀਜ਼ ਇੰਨ ਬਿਨ ਲਿਖੀ ਹੋਵੇਗੀ। ਇਹ ਗੱਲ ਹੈਰਾਨੀਜਨਕ ਹੈ ਕਿ ਲੇਖਕ ਨੇ ਪਹਿਲਾਂ ਰੂਸ ਦੇ ਸ਼ਹਿਰ ਦਾ ਨਾਂ ਲਿਖਿਆ ਅਤੇ ਫਿਰ ਚੀਨ ਦੇ ਸ਼ਹਿਰ ਦਾ ਨਾਂ ਲਿਖਿਆ। 1980 ਦਾ ਦੌਰ ਉਹ ਦੌਰ ਹੈ, ਜਿਸ ਦੌਰ ਵਿਚ ਰੂਸ ਵਿਚ ਮਾਰਕਸਵਾਦ ਦਾ ਬਹੁਤ ਜ਼ਿਆਦਾ ‘ਬੋਲਬਾਲਾ’ ਸੀ, ਜਦੋਂਕਿ 1989 ਵਿਚ ਜਦੋਂ ਪੁਸਤਕ ਦਾ ਦੁਬਾਰਾ ਐਡੀਸ਼ਨ ਛਾਪਦਾ ਹੈ ਤਾਂ ਚੀਨ ਵਿਚ ਮਾਰਕਸਵਾਦ ਦੀ ਵਧੇਰੇ ‘ਸਰਦਾਰੀ’ ਹੋ ਜਾਂਦੀ ਹੈ। ਇਸ ਪੁਸਤਕ ਵਿਚ ਦੋਵਾਂ ਸ਼ਹਿਰਾਂ ਦੇ ਨਾਂ ਸਮਾਜਵਾਦੀ ਮੁਲਕਾਂ ਦੇ ਸ਼ਹਿਰਾਂ ਦੇ ਨਾਂ ਹਨ ਅਤੇ ਲਿਖਣ ਵਾਲਾ ਲੇਖਕ ਅਮਰੀਕਾ ਦਾ ਹੈ ਤਾਂ ਇਸ ਧਰੁਵੀਕਰਨ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ।

ਸਿਆਣੇ ਦੱਸਦੇ ਹਨ ਕਿ ਮਨੁੱਖੀ ਮਨ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਹ ਕਹਾਣੀਆਂ ਰਾਹੀਂ ਇਸ ਵਿਸ਼ਵ ਨੂੰ ਜਾਣਦਾ ਹੈ। ਪਿਛਲੀ ਸਦੀ ਵਿਚ 3 ਵੱਡੀਆਂ ਕਹਾਣੀਆਂ ਚੱਲੀਆਂ। ਪਹਿਲੀ ਕਹਾਣੀ ਤਾਨਾਸ਼ਾਹੀ ਦੀ ਸੀ, ਜਿਹੜੀ ਵਿਸ਼ਵ ਯੁੱਧਾਂ ਨੇ ਖਾਰਜ ਕਰ ਦਿੱਤੀ। ਦੂਜੀ ਕਹਾਣੀ ਸਮਾਜਵਾਦ ਦੀ ਸੀ, ਜਿਹੜੀ ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਨਾਲ ਸਵਾਲੀਆ ਨਿਸ਼ਾਨ ਹੇਠ ਆ ਗਈ। ਤੀਜੀ ਕਹਾਣੀ ਉਦਾਰਵਾਦੀ ਲੋਕਤੰਤਰ ਦੀ ਹੈ, ਜਿਹੜੀ ਲੱਗਭਗ ਆਪਣੇ ਅੰਤਲੇ ਸਾਹਾਂ ਉੱਪਰ ਹੈ। ਇਸ ਤੋਂ ਪਹਿਲੀਆਂ ਸਾਹਿਤਕ ਰਚਨਾਵਾਂ ਜਾਂ ਕਲਾਤਮਿਕ ਰਚਨਾਵਾਂ ਇਨ੍ਹਾਂ ਤਿੰਨਾਂ ਕਹਾਣੀਆਂ ਦੇ ਇਰਦ-ਗਿਰਦ ਹੀ ਘੁੰਮਦੀਆਂ ਰਹੀਆਂ ਹਨ। ਇਸ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਨਾਵਲ, ਜਿਸ ਵਿਚ ਸ਼ਹਿਰ ਦਾ ਜ਼ਿਕਰ ਹੈ, ਉਹ ਵੀ ਕਿਸੇ ਨਾ ਕਿਸੇ ਕਹਾਣੀ ਦਾ ਪ੍ਰਛਾਵਾਂ ਜਾਂ ਹਿੱਸਾ ਹੈ ਪਰ ਜੋ ਵੀ ਹੈ ਇਸ ਨਾਵਲ ਨੇ ਇਕ ਵਾਰ ਬਹੁਤਿਆਂ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰ ਦਿੱਤਾ।

ਜੇਕਰ ਇਸ ਧਰੁਵੀਕਰਨ ਜਾਂ ਤਿੰਨ ਕਹਾਣੀਆਂ ਤੋਂ ਬਾਹਰ ਰਹਿ ਕੇ ਵੀ ਸੋਚਿਆ ਜਾਵੇ ਤਾਂ ਇਕ ਗੱਲ ਤਾਂ ਪੱਕੀ ਹੈ ਕਿ ਮਨੁੱਖ ਜਿਸ ਤਰ੍ਹਾਂ ਆਪਣੇ-ਆਪ ਨੂੰ ਸਰਵ ਸ਼ਕਤੀਮਾਨ ਐਲਾਨ ਰਿਹਾ ਹੈ, ਇਸ ਦੇ ਨਤੀਜੇ ਬੜੇ ਘਾਤਕ ਹੋਣਗੇ ਕਿਉਂਕਿ ਮਨੁੱਖ ਹੁਣ ਆਪਣੇ ਆਪ ਨੂੰ ਕੁਦਰਤ ਦਾ ਇਕ ਨਿੱਕਾ ਜਿਹਾ ਹਿੱਸਾ ਮੰਨਣ ਦੀ ਥਾਂ ਕੁਦਰਤ ਉੱਪਰ ਕਾਬੂ ਪਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਵਿਚ ਲੱਗਿਆ ਹੋਇਆ ਹੈ। ਬਹੁਤ ਸਾਰੀਆਂ ਚੰਗੀਆਂ ਹਾਂ-ਪੱਖੀ ਸਿਰਜਨਾਤਮਕ ਘਟਨਾਵਾਂ ਜਾਂ ਵਰਤਾਰਿਆਂ ਦੇ ਬਾਵਜੂਦ ਦੁਨੀਆ ਦੀ ਬਹੁਗਿਣਤੀ ਮਨੁੱਖਤਾ ਅਜੀਬੋ ਗਰੀਬ ਰਾਹੇ ਚੱਲੀ ਹੋਈ ਹੈ। ਇਹ ਰਾਹ ਉਸ ਚੱਕਰਵਿਊ ਵਰਗਾ ਹੈ, ਜਿਸ ਚੱਕਰਵਿਊ ’ਚ ਜਾਣ ਦਾ ਰਾਹ ਤਾਂ ਪਤਾ ਹੈ ਪਰ ਨਿਕਲਣ ਦਾ ਰਾਹ ਕੋਈ ਨਹੀਂ ਜਾਣਦਾ ਤੇ ਮੈਂ ਆਪਣੀ ਗੱਲ ਇਨ੍ਹਾਂ ਸਤਰਾਂ ਨਾਲ ਸਮਾਪਤ ਕਰਦਾ ਹਾਂ :

ਕੁਦਰਤ ਕਾਦਰ ਸਾਜ਼ਿਸ਼ ਸੰਕਟ ਜੋ ਵੀ ਹੈ ਮੈਂ ਮੁਨਕਰ ਨਹੀਂ,
ਬੰਦਾ ਜਿਹੜਾ ਰੱਬ ਹੋਇਆ ਸੀ ਉਹਨੂੰ ਕਾਹਤੋਂ ਡਰ ਲੱਗਦਾ ਏ।
ਬਾਹਰ ਬਾਜ਼ਾਰੀਂ ਘੁੰਮਦੇ ਘੁੰਮਦੇ ਰੁਲਣ ਦੀ ਆਦਤ ਪਾ ਬੈਠੇ,
ਘਰ ਪਰਤਣ ਦੀ ਗੱਲ ਜਦ ਚੱਲੀ ਘਰ ਹੀ ਕਿਉਂ ਨ੍ਹੀਂ ਘਰ ਲੱਗਦਾ ਏ।


ਡਾ. ਪਰਮਜੀਤ ਸਿੰਘ ਕੱਟੂ
7087320578

rajwinder kaur

This news is Content Editor rajwinder kaur