ਮਾਸਕ ਪਾਉਣ ਤੇ ਸਮਾਜਿਕ ਦੂਰੀ ''ਚ ਢਿੱਲ ਬਰਦਾਸ਼ਤ ਨਹੀਂ : ਅਪਨੀਤ ਰਿਆਤ

07/28/2020 11:07:54 PM

ਹੁਸ਼ਿਆਰਪੁਰ : ਜ਼ਿਲੇ 'ਚ ਕੋਰੋਨਾ ਵਾਇਰਸ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸੁਰੱਖਿਆ ਨਿਯਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਜੋ ਕੋਵਿਡ-19 ਨੂੰ ਹੋਰ ਫੈਲਣੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਸਕ ਨਾ ਪਾਉਣ ਅਤੇ ਬਣਦੀ ਸਰੀਰਕ ਦੂਰੀ ਨਾ ਬਣਾ ਕੇ ਰੱਖਣ 'ਚ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ।

ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਉਪ ਮੰਡਲ ਮੈਜਿਸਟ੍ਰੇਟਾਂ ਅਤੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਵਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਜ਼ਿਲੇ 'ਚ 58 ਚਲਾਨ ਕਰਦਿਆਂ 29 ਹਜ਼ਾਰ ਰੁਪਏ ਜ਼ੁਰਮਾਨਾਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਸੁਰੱਖਿਆ ਹਦਾਇਤਾਂ ਤਹਿਤ ਮਾਸਕ ਪਾਉਣਾ, ਸਰੀਰਕ ਦੂਰੀ ਬਣਾ ਕੇ ਰੱਖਣਾ ਆਦਿ ਅਤਿ ਜ਼ਰੂਰੀ ਹੈ, ਜਿਸ ਨਾਲ ਕੋਰੋਨਾ ਵਾਇਰਸ ਦਾ ਫੈਲਾਅ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਅਪੀਲ ਕੀਤੀ ਗਈ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਪਰ ਬਾਵਜੂਦ ਇਸ ਦੇ ਕੁਝ ਲੋਕ ਇਨ੍ਹਾਂ ਦੀ ਉਲੰਘਣਾ ਕਰਕੇ ਆਪਣੀ ਅਤੇ ਹੋਰਨਾਂ ਲੋਕਾਂ ਦੀ ਜਾਨ ਜ਼ੋਖਮ 'ਚ ਪਾ ਰਹੇ ਹਨ, ਜਿਸ ਨੂੰ ਕਿ ਸਖ਼ਤੀ ਨਾਲ ਰੋਕਿਆ ਜਾਵੇਗਾ। ਚੈਕਿੰਮ ਮੁਹਿੰਮ ਸਬੰਧੀ ਉਨ੍ਹਾਂ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟਾਂ ਤੇ ਹੋਰਨਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੇਂ-ਸਮੇਂ ਸਿਰ ਵਿਸ਼ੇਸ਼ ਚੈਕਿੰਗ ਰਾਹੀਂ ਇਨ੍ਹਾਂ ਹਦਾਇਤਾਂ ਦੀ ਸਮੀਖਿਆ ਕਰਨ ਅਤੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ ਵਿੱਚ ਚਲਾਈ ਗਈ ਚੈਕਿੰਗ ਦੌਰਾਨ ਐਸ. ਡੀ. ਐਮ. ਹੁਸ਼ਿਆਰਪੁਰ ਵਲੋਂ ਮਾਸਕ ਨਾ ਪਾਉਣ ਦੇ 14 ਮਾਮਲਿਆਂ ਵਿੱਚ ਚਲਾਨ ਕਰਕੇ 7 ਹਜ਼ਾਰ ਰੁਪਏ ਜ਼ੁਰਮਾਨਾਂ ਕੀਤਾ ਗਿਆ। ਇਸੇ ਤਰ੍ਹਾਂ ਐਸ. ਡੀ. ਐਮ ਦਸੂਹਾ ਦੀ ਅਗਵਾਈ ਹੇਠ ਚੈਕਿੰਗ ਦੌਰਾਨ ਮਾਸਕ ਨਾ ਪਾਉਣ ਦੇ 11 ਮਾਮਲੇ ਪਾਏ ਗਏ, ਜਿਨ੍ਹਾਂ 'ਚ 5500 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਅਪਨੀਤ ਰਿਆਤ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਗੜਸ਼ੰਕਰ ਵਲੋਂ 21 ਚਲਾਨ ਕਰਕੇ 10500 ਰੁਪਏ ਜੁਰਮਾਨਾ ਵਸੂਲਿਆ ਗਿਆ, ਜਦਕਿ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਵਲੋਂ ਚੈਕਿੰਗ ਦੌਰਾਨ 8 ਚਲਾਨ ਕਰਕੇ 4 ਹਜ਼ਾਰ ਰੁਪਏ ਜ਼ੁਰਮਾਨਾ ਵਸੂਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਕੇਰੀਆਂ ਸਬ-ਡਵੀਜਨ 'ਚ ਚੈÎਕਿੰਗ ਦੌਰਾਨ 3 ਮਾਮਲਿਆਂ ਵਿੱਚ ਮਾਸਕ ਨਾ ਪਾਉਣ 'ਤੇ 1500 ਰੁਪਏ ਜੁਰਮਾਨਾ ਅਤੇ ਇਕ ਬੈਂਕ ਵਿੱਚ ਸਰੀਰਕ ਦੂਰੀ ਦੀ ਉਲੰਘਣਾ ਉਤੇ 2 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਉਨ੍ਹਾਂ ਜ਼ਿਲੇ ਦੇ ਸਮੂਹ ਜਨਤਕ ਤੇ ਨਿੱਜੀ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਅਦਾਰਿਆਂ ਵਿੱਚ ਮਾਸਕ ਪਾਉਣ ਅਤੇ ਲੋੜੀਂਦੀ ਸਰੀਰਕ ਦੂਰੀ ਨੂੰ ਬਰਕਰਾਰ ਰੱਖਣ ਨੂੰ ਹਰ ਹੀਲੇ ਯਕੀਨੀ ਬਣਾਉਣ ਜੋ ਕਿ ਮੌਜੂਦਾ ਹਾਲਤ ਦੇ ਮੱਦੇਨਜ਼ਰ ਅਤਿ ਲੋੜੀਂਦੀ ਹੈ।  
 

Deepak Kumar

This news is Content Editor Deepak Kumar