ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਦੀ ਮੌਤ

05/02/2021 12:08:36 AM

ਫਗਵਾੜਾ, (ਹਰਜੋਤ)- ਬੀਤੀ ਰਾਤ ਇਥੋਂ ਦੇ ਸਿਵਲ ਹਸਪਤਾਲ ਵਿਖੇ ਇਕ 35 ਸਾਲਾ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਉੱਚਾ ਲਧਾਣਾ ਬੰਗਾ ਵਜੋਂ ਹੋਈ ਹੈ। ਮ੍ਰਿਤਕ ਦੇ ਇਕ ਨੇੜਲੇ ਪਰਿਵਾਰਕ ਮੈਂਬਰ ਸੁਖਰਾਜ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਅਣ-ਵਿਆਹਿਆ ਸੀ ਅਤੇ ਪਿੰਡ ’ਚ ਆਪਣੇ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰਦਾ ਸੀ ਅਤੇ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ।
ਉਸ ਨੇ ਦੱਸਿਆ ਕਿ ਪਿਛਲੇ 2-3 ਦਿਨ ਤੋਂ ਉਸ ਨੂੰ ਬੁਖਾਰ ਚੜ੍ਹ ਗਿਆ ਤੇ ਉਸ ਦੇ ਕੁਝ ਰਿਸ਼ਤੇਦਾਰ ਉਸ ਨੂੰ ਫਗਵਾੜਾ ਵਿਖੇ ਲੈ ਆਏ ਜਿੱਥੇ ਟੈਸਟ ਕਰਵਾਉਣ ਦਾ ਕੰਮ ਸ਼ੁਰੂ ਕੀਤਾ। ਇੰਨੇ ਨੂੰ ਹੀ ਉਸਦੀ ਸਿਹਤ ਵਿਗੜ ਗਈ ਤੇ ਸਾਹ ਦੀ ਕਸਰ ਸ਼ੁਰੂ ਹੋ ਗਈ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਦੇ ਨੇੜੇ ਇਕ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਥੋਂ ਦੇ ਇਕ ਪ੍ਰਮੁੱਖ ਹਸਪਤਾਲ ’ਚ ਭੇਜ ਦਿੱਤਾ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਤੋਰ ਦਿੱਤਾ ਕਿ ਸਾਨੂੰ ਸਰਕਾਰ ਵਲੋਂ ਵੈਂਟੀਲੇਟਰ ਚਲਾਉਣ ਦੀ ਇਜਾਜ਼ਤ ਨਹੀਂ ਹੈ। ਉਕਤ ਪਰਿਵਾਰ ਉਸ ਨੂੰ ਜਲੰਧਰ ਦੇ ਹਸਪਤਾਲਾਂ ’ਚ ਲੈ ਕੇ ਗਿਆ, ਜਿੱਥੇ ਕਈ ਪ੍ਰਮੁੱਖ ਹਸਪਤਾਲਾਂ ’ਚ ਜਾਣ ਮਗਰੋਂ ਜਵਾਬ ਮਿਲ ਗਿਆ ਤੇ ਵਾਪਸ ਰਾਤ ਫਗਵਾੜੇ ਆ ਗਏ , ਜਿੱਥੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਕੁਝ ਹੀ ਮਿੰਟਾਂ ’ਚ ਉਸ ਦੀ ਮੌਤ ਹੋ ਗਈ।

ਮ੍ਰਿਤਕ ਪਰਿਵਾਰ ਨੇ ਅੱਜ ਲਾਸ਼ ਲਿਜਾਣ ਮਗਰੋਂ ਪਿੰਡ ’ਚ ਉਸ ਦਾ ਸਸਕਾਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਜਿੰਨੇ ਵੀ ਹਸਪਤਾਲਾਂ ’ਚ ਗਏ ਉੱਥੇ ਕਿਸੇ ਵੀ ਡਾਕਟਰ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ ਤੇ ਬਾਹਰੋਂ ਹੀ ਮੋੜਦੇ ਰਹੇ, ਜਿਸ ਕਾਰਣ ਉਨ੍ਹਾਂ ਦੇ ਮਰੀਜ਼ ਨੂੰ ਆਪਣੀ ਜਾਨ ਗੁਆਉਣੀ ਪਈ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਘਰ ’ਚ ਕਮਾਉਣ ਵਾਲਾ ਇਕੱਲਾ ਹੀ ਸੀ ਤੇ ਸਬਜ਼ੀ ਦਾ ਕਾਰੋਬਾਰ ਕਰ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਸ ਦੀ ਹੋਈ ਮੌਤ ਨਾਲ ਉਸ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।


Bharat Thapa

Content Editor

Related News