ਨਾਬਾਲਗਾ ਨਾਲ ਜਬਰ-ਜ਼ਨਾਹ ਦਾ ਮੁਲਜ਼ਮ ਕਾਬੂ

01/18/2020 10:50:24 PM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਚੱਬੇਵਾਲ ਦੀ ਪੁਲਸ ਨੇ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮ ਨੂੰ ਸ਼ਨੀਵਾਰ ਦੇਰ ਸ਼ਾਮ ਨਾਟਕੀ ਅੰਦਾਜ਼ ’ਚ ਮੋਬਾਇਲ ਟਾਵਰ ਨੇੜਿਓਂ ਕਾਬੂ ਕਰ ਲਿਆ। ਮਾਮਲਾ 14 ਜਨਵਰੀ ਦੀ ਰਾਤ ਦਾ ਹੈ। ਪੁਲਸ ਅਨੁਸਾਰ ਕਾਬੂ ਮੁਲਜ਼ਮ ਦੀ ਪਛਾਣ ਪਿੰਡ ਨਾਰੂਨੰਗਲ ਵਾਸੀ ਭੂਸ਼ਣ ਵਜੋਂ ਹੋਈ ਹੈ।

ਕੀ ਹੈ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਥਾਣਾ ਬੁੱਲ੍ਹੋਵਾਲ ਦੇ ਇਕ ਪਿੰਡ ਦੀ ਰਹਿਣ ਵਾਲੀ 16 ਸਾਲਾ ਨਾਬਾਲਗ ਲੜਕੀ ਹੁਸ਼ਿਆਰਪੁਰ ਤੋਂ ਪਿੰਡ ਵਾਪਸ ਆ ਰਹੀ ਸੀ। ਇਸ ਦੌਰਾਨ ਮੁਲਜ਼ਮ ਨੌਜਵਾਨ ਉਸ ਨੂੰ ਝਾਂਸੇ ’ਚ ਲੈ ਕੇ ਘਰ ਤੱਕ ਛੱਡਣ ਦੀ ਗੱਲ ਕਹਿ ਕੇ ਮੋਬਾਇਲ ਟਾਵਰ ਨਾਲ ਬਣੇ ਇਕ ਕਮਰੇ ’ਚ ਲੈ ਗਿਆ, ਜਿੱਥੇ ਰਾਤ ਸਮੇਂ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਅਗਲੇ ਦਿਨ 15 ਜਨਵਰੀ ਨੂੰ ਮੁਲਜ਼ਮ ਲੜਕੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਚੱਬੇਵਾਲ ਨੇੜੇ ਇਕ ਧਾਰਮਕ ਅਸਥਾਨ ’ਤੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਬਾਅਦ ’ਚ ਲੋਕਾਂ ਨੇ ਲੜਕੀ ਕੋਲੋਂ ਪੁੱਛਗਿੱਛ ਕਰ ਕੇ ਉਸ ਨੂੰ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ। ਪੁਲਸ ਅਨੁਸਾਰ ਨਾਬਾਲਗਾ ਨੇ ਅਗਲੇ ਦਿਨ ਆਪਣੇ ਪਰਿਵਾਰ ਨੂੰ ਖੁਦ ਨਾਲ ਹੋਏ ਜਬਰ-ਜ਼ਨਾਹ ਬਾਰੇ ਦੱਸਿਆ ਤਾਂ ਉਹ ਪਹਿਲਾਂ ਬੁੱਲ੍ਹੋਵਾਲ ਅਤੇ ਬਾਅਦ ’ਚ ਚੱਬੇਵਾਲ ਥਾਣੇ ਪਹੁੰਚੇ ਤੇ ਪੁਲਸ ਨੂੰ ਸਾਰੀ ਗੱਲ ਦੱਸੀ। ਪੀੜਤਾ ਪੁਲਸ ਨੂੰ ਸਿਰਫ ਇਹੀ ਦੱਸਦੀ ਰਹੀ ਕਿ ਮੋਬਾਇਲ ਟਾਵਰ ਦੇ ਨਾਲ ਕਮਰੇ ’ਚ ਮੁਲਜ਼ਮ ਉਸ ਨੂੰ ਲੈ ਕੇ ਗਿਆ ਸੀ।

ਮੁਲਜ਼ਮ ਦੀ ਸ਼ਨਾਖਤ ਕਰਨਾ ਸੀ ਬਹੁਤ ਮੁਸ਼ਕਲ

ਥਾਣਾ ਚੱਬੇਵਾਲ ’ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਸ਼ਨੀਵਾਰ ਦੇਰ ਰਾਤ ਫੋਨ ’ਤੇ ਦੱਸਿਆ ਕਿ ਪੀੜਤਾ ਦੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋਣ ਕਾਰਣ ਸਾਨੂੰ ਮੋਬਾਇਲ ਟਾਵਰ ਦੀ ਲੋਕੇਸ਼ਨ ਨਹੀਂ ਮਿਲ ਰਹੀ ਸੀ। ਪੀੜਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਸਮੇਤ ਅੱਜ ਚੱਬੇਵਾਲ ਨਾਲ ਲੱਗਦੇ ਇਕ ਪਿੰਡ ’ਚ ਲੱਗੇ ਮੋਬਾਇਲ ਟਾਵਰ ਦੀ ਪਛਾਣ ਹੁੰਦਿਆਂ ਹੀ ਪੁਲਸ ਨੇ ਮੁਸਤੈਦੀ ਨਾਲ ਟਾਵਰ ’ਤੇ ਤਾਇਨਾਤ ਸਾਰੇ ਮੁੰਡਿਆਂ ਨੂੰ ਇਕੱਠਾ ਕਰ ਕੇ ਲੜਕੀ ਸਾਹਮਣੇ ਸ਼ਨਾਖਤੀ ਪਰੇਡ ਕਰਵਾਈ ਤਾਂ ਪੀੜਤਾ ਨੇ ਮੁਲਜ਼ਮ ਭੂਸ਼ਣ ਦੀ ਪਛਾਣ ਕਰ ਲਈ। ਪਛਾਣ ਹੁੰਦਿਆਂ ਹੀ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮ ਨੂੰ ਐਤਵਾਰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।


Bharat Thapa

Content Editor

Related News