ਨਿਊ ਪ੍ਰੇਮ ਨਗਰ ''ਚ ਸਕੂਲ ਵੱਲੋਂ ਕੀਤੇ ਜਾ ਰਹੇ ਨਿਰਮਾਣ ਦਾ ਮਾਮਲਾ ਭਖਿਆ

01/11/2020 12:44:15 PM

ਜਲੰਧਰ (ਖੁਰਾਣਾ)— ਸਥਾਨਕ ਸੋਢਲ ਰੋਡ ਫਾਟਕ ਕੋਲ ਮੁਹੱਲਾ ਨਿਊ ਪ੍ਰੇਮ ਨਗਰ 'ਚ ਸ਼ਿਵ ਜੋਤੀ ਪਬਲਿਕ ਸਕੂਲ ਵੱਲੋਂ ਰਿਹਾਇਸ਼ੀ ਇਲਾਕੇ 'ਚ ਕੀਤੇ ਜਾ ਰਹੇ ਨਿਰਮਾਣ ਦਾ ਮਾਮਲਾ ਬੀਤੇ ਦਿਨ ਉਸ ਸਮੇਂ ਭਖ ਗਿਆ ਜਦੋਂ ਇਲਾਕੇ ਦੇ ਕੌਂਸਲਰ ਪਤੀ ਸਲਿਲ ਬਾਹਰੀ ਦੀ ਅਗਵਾਈ 'ਚ ਮੁਹੱਲਾ ਵਾਸੀ ਵਿਧਾਇਕ ਬਾਵਾ ਹੈਨਰੀ, ਮੇਅਰ ਜਗਦੀਸ਼ ਰਾਜਾ ਕੋਲ ਪਹੁੰਚੇ ਅਤੇ ਨਾਜਾਇਜ਼ ਨਿਰਮਾਣ ਨੂੰ ਰੁਕਵਾਉਣ ਦੀ ਮੰਗ ਰੱਖੀ।

ਮੇਅਰ ਨੂੰ ਦਿੱਤੇ ਮੰਗ-ਪੱਤਰ 'ਚ ਕਾਂਗਰਸੀ ਆਗੂ ਸਲਿਲ ਬਾਹਰੀ ਨੇ ਦੱਸਿਆ ਕਿ ਸਕੂਲ ਪ੍ਰਬੰਧਨ ਵੱਲੋਂ ਪਹਿਲਾਂ ਹੀ ਰਿਹਾਇਸ਼ੀ ਇਲਾਕੇ 'ਚ ਸਕੂਲ ਚਲਾਇਆ ਜਾ ਰਿਹਾ ਹੈ ਪਰ ਹੁਣ ਸਕੂਲ ਦੇ ਨਾਂ 'ਤੇ ਖਰੀਦੀ ਗਈ ਜ਼ਮੀਨ 'ਤੇ ਵੀ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸੰਸਥਾ ਦੇ ਪਹਿਲੇ ਪਾਸ ਹੋਏ ਨਕਸ਼ੇ ਦੀ ਵੀ ਜਾਂਚ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ 'ਤੇ ਕਾਰਵਾਈ ਕੀਤੀ ਜਾਵੇ। ਮੁਹੱਲਾ ਵਾਸੀਆਂ ਨੇ ਇਸ ਦੌਰਾਨ ਅਲਟੀਮੇਟਮ ਦਿੱਤਾ ਕਿ ਜੇਕਰ ਸਕੂਲ ਪ੍ਰਬੰਧਨ ਅਤੇ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਧਰਨਾ ਦਿੱਤਾ ਜਾਵੇਗਾ। ਮੇਅਰ ਰਾਜਾ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।

PunjabKesari

23 ਦਸੰਬਰ ਨੂੰ ਵੀ ਹੋਈ ਸੀ ਸ਼ਿਕਾਇਤ
10-ਏ ਨਿਊ ਪ੍ਰੇਮ ਨਗਰ ਵਾਸੀ ਿਵਜੇ ਕੁਮਾਰ ਖੁਰਾਣਾ ਨੇ ਇਸ ਨਿਰਮਾਣ ਬਾਰੇ 23 ਦਸੰਬਰ ਨੂੰ ਨਿਗਮ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ ਦੱਸਿਆ ਸੀ ਕਿ ਪਲਾਟ ਨੰ. 9 ਅਤੇ 7 'ਚ ਨਾਜਾਇਜ਼ ਤੌਰ 'ਤੇ ਕਮਰਸ਼ੀਅਲ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਹਨ। ਵਿਜੇ ਖੁਰਾਣਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਉੱਚੀਆਂ ਬਿਲਡਿੰਗਾਂ ਖੜ੍ਹੀਆਂ ਹੋਣ ਦੇ ਕਾਰਣ ਉਨ੍ਹਾਂ ਦੇ ਘਰ 'ਚ ਧੁੱਪ ਅਤੇ ਹਵਾ ਜਾਣ ਦਾ ਰਸਤਾ ਬੰਦ ਹੋ ਿਗਆ ਹੈ। ਹਰ ਸਮੇਂ ਬੱਚਿਆਂ ਦਾ ਰੌਲਾ-ਰੱਪਾ ਰਹਿੰਦਾ ਹੈ। ਇਸ ਸ਼ਿਕਾਇਤ ਨੂੰ ਦਿੱਤੇ ਹੋਏ ਵੀ ਕਰੀਬ 3 ਹਫਤੇ ਹੋਣ ਨੂੰ ਹਨ ਪਰ ਨਿਗਮ ਨੇ ਅਜੇ ਤੱਕ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਅੱਜ ਨਿਗਮ ਟੀਮ ਨੇ ਜਾ ਕੇ ਨਾ ਸਿਰਫ ਨਿਰਮਾਣ ਦੇ ਕੰਮ ਨੂੰ ਰੁਕਵਾ ਦਿੱਤਾ ਸਗੋਂ ਉਥੇ ਸਾਮਾਨ ਵੀ ਜ਼ਬਤ ਕਰ ਲਿਆ।


shivani attri

Content Editor

Related News