ਸਭ ਕੁਝ ਲੁੱਟ ਜਾਣ ਤੋਂ ਬਾਅਦ ਕਾਂਗਰਸੀ ਕੌਂਸਲਰਾਂ ਨੂੰ ਹੁਣ ਮਿਲ ਕੇ ਚੱਲਣ ਦੀ ਯਾਦ ਆਈ

04/28/2022 11:59:31 AM

ਜਲੰਧਰ (ਖੁਰਾਣਾ)– ਅੱਜ ਤੋਂ ਕੁਝ ਸਾਲ ਪਹਿਲਾਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸ਼ਾਨੋ-ਸ਼ੌਕਤ ਨਾਲ ਚੱਲ ਰਹੀ ਸੀ ਅਤੇ ਇਕ ਵਾਰ ਤਾਂ ਅਜਿਹਾ ਵੀ ਲੱਗਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਰਿਪੀਟ ਹੋਣ ਜਾ ਰਹੀ ਹੈ। ਨਵਜੋਤ ਸਿੱਧੂ ਅਤੇ ਪਰਗਟ ਸਿੰਘ ਵਰਗੇ ਕਾਂਗਰਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਸਤੇ ਵਿਚ ਰੋੜੇ ਅਟਕਾਉਣੇ ਸ਼ੁਰੂ ਕਰ ਦਿੱਤੇ। ਅਜਿਹੇ ਵਿਚ ਕਾਂਗਰਸੀ ਹਾਈਕਮਾਨ ਦੇ ਕੁਝ ਨੇਤਾਵਾਂ ਨੇ ਵੀ ਇਸ ਬਗਾਵਤ ਨੂੰ ਹਵਾ ਦਿੱਤੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਨਵੇਂ ਮੁੱਖ ਮੰਤਰੀ ਦੇ ਨਾਂ ਦੀ ਪਰਚੀ ਪਾਈ ਗਈ। ਨਾਂ ਭਾਵੇਂ ਕਿਸੇ ਹੋਰ ਦਾ ਨਿਕਲਿਆ ਪਰ ਜੂਨੀਅਰ ਸਮਝੇ ਜਾਂਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਚੰਨੀ ਨੂੰ ਅੱਗੇ ਕਰਨ ’ਤੇ ਵੀ ਕਾਂਗਰਸ ਦੇ ਕਈ ਨੇਤਾ ਬਗਾਵਤ ’ਤੇ ਉਤਰ ਆਏ ਅਤੇ ਵਿਧਾਨ ਸਭਾ ਚੋਣਾਂ ਆਉਂਦੇ-ਆਉਂਦੇ ਪੂਰੀ ਪੰਜਾਬ ਕਾਂਗਰਸ ਤਿਣਕਿਆ ਵਾਂਗ ਖਿਲਰ ਗਈ।
ਅਜਿਹੇ ਵਿਚ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਕਾਂਗਰਸ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਅਤੇ ਜਿਸ ਪਾਰਟੀ ਦਾ ਪੰਜਾਬ ਵਿਚ ਕੋਈ ਆਧਾਰ, ਕੋਈ ਸੰਗਠਨ ਨਹੀਂ ਸੀ, ਉਸਦੇ 92 ਵਿਧਾਇਕ ਬਣ ਗਏ, ਜੋ ਭਾਰਤ ਦੇ ਸਿਆਸੀ ਇਤਿਹਾਸ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸੀ। ਹੁਣ ਸਭ ਕੁਝ ਲੁੱਟ ਜਾਣ ਤੋਂ ਬਾਅਦ ਕਾਂਗਰਸੀਆਂ ਨੂੰ ਮੁੜ ਇਕੱਠੇ ਹੋ ਕੇ ਚਲਣ ਦੀ ਯਾਦ ਆ ਗਈ ਹੈ। ਅੱਜ ਡਿਵੈੱਲਪਮੈਂਟ ਦੇ ਨਾਂ ’ਤੇ 20 ਤੋਂ ਵੱਧ ਕੌਂਸਲਰ ਮੇਅਰ ਆਫ਼ਿਸ ਵਿਚ ਇਕੱਠੇ ਹੋ ਅਤੇ ਕੀਤੇ ਵਿਕਾਸ ਅਤੇ ਅਗਾਮੀ ਚੋਣਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ।

ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

ਜਲੰਧਰ ਦੇ ਕਈ ਕਾਂਗਰਸੀ ਵੀ ਖੁੰਦਕ ਕੱਢਦੇ ਰਹੇ
ਪੰਜਾਬ ਤੋਂ ਬਾਅਦ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਵੀ ਕਾਂਗਰਸੀਆਂ ਨੇ ਇਕ-ਦੂਜੇ ਨਾਲ ਖੁੰਦਕ ਕੱਢਣ ਦਾ ਕੋਈ ਮੌਕਾ ਨਹੀਂ ਛੱਡਿਆ ਅਤੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਲਈ ਕਈ ਕਾਂਗਰਸੀ ਕੌਂਸਲਰਾਂ ਨੇ ਤਾਂ ਦੂਜੀਆਂ ਪਾਰਟੀਆਂ ਦਾ ਸਾਥ ਦਿੱਤਾ। ਕੁਝ ਇਕ ਨੇ ਇਹ ਕੰਮ ਪੈਸੇ ਲੈ ਕੇ ਕੀਤਾ ਤਾਂ ਕਈਆਂ ਨੇ ਇਸ ਦੇ ਬਦਲੇ ਕਮਿਟਮੈਂਟ ਲਈ। ਕਈ ਖੁੱਲ੍ਹ ਕੇ ਦੂਜਿਆਂ ਨਾਲ ਚੱਲੇ ਪਰ ਕਈਆਂ ਨੇ ਅੰਦਰਖਾਤੇ ਕਾਂਗਰਸੀ ਉਮੀਦਵਾਰਾਂ ਦਾ ਬਹੁਤ ਨੁਕਸਾਨ ਕੀਤਾ। ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ 2 ਵਿਧਾਇਕਾਂ ਸੁਸ਼ੀਲ ਰਿੰਕੂ ਅਤੇ ਰਾਜਿੰਦਰ ਬੇਰੀ ਨੂੰ ਸ਼ਕਤੀਸ਼ਾਲੀ ਸਮਝਿਆ ਜਾ ਰਿਹਾ ਸੀ, ਉਹੀ ਦੋਵੇਂ ਚੋਣ ਹਾਰ ਗਏ। ਹੁਣ ਹਾਲਾਤ ਇਹ ਹਨ ਕਿ ਹਾਰੇ ਵਿਧਾਇਕਾਂ ਨੇ ਅਜਿਹੇ ਕਾਂਗਰਸੀ ਕੌਂਸਲਰਾਂ ਨੂੰ ਮੂੰਹ ਲਗਾਉਣਾ ਛੱਡ ਦਿੱਤਾ ਹੈ, ਜਿਨ੍ਹਾਂ ਨੇ ਉਨ੍ਹਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਬਗਾਵਤ ਕੀਤੀ ਜਾਂ ਹਾਰ ਦਾ ਥੋੜ੍ਹਾ ਜਿਹਾ ਵੀ ਕਾਰਨ ਬਣੇ।

ਹੁਣ ਨਿਗਮ ਚੋਣਾਂ ਨੂੰ ਸਾਹਮਣੇ ਦੇਖ ਕੇ ਏਕਤਾ ਵੱਲ ਵਧੇ
ਕੁਝ ਹੀ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਨਿਗਮ ਚੋਣਾਂ ਨੂੰ ਵੇਖਦੇ ਹੋਏ ਕਈ ਕਾਂਗਰਸੀ ਕੌਂਸਲਰਾਂ ਨੇ ਹੁਣ ਏਕਤਾ ਵੱਲ ਵਧਣਾ ਸ਼ੁਰੂ ਕੀਤਾ ਹੈ, ਜਿਸ ਕਾਰਨ ਮੇਅਰ ਆਫਿਸ ਵਿਚ ਇਕ ਬੈਠਕ ਹੋਈ, ਜਿਸ ਦੌਰਾਨ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਤੋਂ ਇਲਾਵਾ ਕੌਂਸਲਰ ਪਵਨ ਕੁਮਾਰ, ਕੌਂਸਲਰ ਬੰਟੀ ਨੀਲਕੰਠ, ਸੁਰਿੰਦਰ ਭਾਪਾ, ਮਨਮੋਹਨ ਸਿੰਘ ਰਾਜੂ, ਮਨਮੋਹਨ ਸਿੰਘ ਮੋਹਨਾ, ਪਰਮਜੀਤ ਸਿੰਘ ਪੰਮਾ, ਵਿੱਕੀ ਕਾਲੀਆ, ਦੀਪਕ ਸ਼ਾਰਦਾ, ਸਰਬਜੀਤ ਕੌਰ ਬਿੱਲਾ, ਪ੍ਰਭਦਿਆਲ, ਮਿੰਟੂ ਜੁਨੇਜਾ, ਮਹਿੰਦਰ ਸਿੰਘ ਗੁੱਲੂ, ਸੁੱਚਾ ਸਿੰਘ ਅੰਗੁਰਾਲ, ਰਾਜੀਵ ਓਂਕਾਰ ਟਿੱਕਾ, ਵਿਜੇ ਦਕੋਹਾ, ਮਨਦੀਪ ਜੱਸਲ ਆਦਿ ਸ਼ਾਮਲ ਹੋਏ।

ਇਹ ਵੀ ਪੜ੍ਹੋ: ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ

ਅਫ਼ਸਰਸ਼ਾਹੀ ਦੇ ਬਦਲੇ ਤੇਵਰਾਂ ’ਤੇ ਹੋਈ ਚਰਚਾ
ਬੈਠਕ ਦੌਰਾਨ ਕਈ ਕੌਂਸਲਰਾਂ ਨੇ ਕਿਹਾ ਕਿ ਨਿਗਮ ਦੀ ਅਫਸਰਸ਼ਾਹੀ ਨੇ ਕਾਂਗਰਸੀਆਂ ਨੂੰ ਇਗਨੌਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ‘ਆਪ’ ਸਰਕਾਰ ਦੇ ਨਿਰਦੇਸ਼ਾਂ ’ਤੇ ਵਿਕਾਸ ਕੰਮਾਂ ਅਤੇ ਹੋਰ ਕੰਮਾਂ ਵਿਚ ਭੇਦਭਾਵ ਵੀ ਸ਼ੁਰੂ ਕਰ ਦਿੱਤਾ ਹੈ। ਇਹ ਫ਼ੈਸਲਾ ਵੀ ਹੋਇਆ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਨਿਗਮ ਦੇ ਅਫਸਰ ਕਿਸੇ ਕੌਂਸਲਰ ਨਾਲ ਧੱਕਾ ਕਰਦੇ ਹਨ ਜਾਂ ਪੱਖਪਾਤ ਕੀਤਾ ਜਾਂਦਾ ਹੈ ਤਾਂ ਸਾਰੇ ਇਕੱਠੇ ਹੋ ਕੇ ਉਸ ਦਾ ਵਿਰੋਧ ਕਰਨਗੇ। ਇਹ ਫ਼ੈਸਲਾ ਵੀ ਹੋਇਆ ਕਿ ਹੁਣ ਕਾਂਗਰਸ ਦੀ ਐਕਟੀਵਿਟੀ ਵਧਾਉਣ ਲਈ ਮੇਅਰ ਹਰ ਰੋਜ਼ ਸਵੇਰੇ ਇਕ ਘੰਟੇ ਲਈ ਆਪਣੇ ਆਫਿਸ ਵਿਚ ਬੈਠਿਆ ਕਰਨਗੇ। ਮਨਦੀਪ ਜੱਸਲ ਦਾ ਤਾਂ ਇਥੋਂ ਤੱਕ ਕਹਿਣਾ ਸੀ ਕਿ ਅਫਸਰਾਂ ਨੇ ਕਾਂਗਰਸੀ ਸਮਰਥਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਫਸਰਾਂ ਨੇ ਲੁੱਟ ਮਚਾਈ ਰੱਖੀ ਹੈ।

ਮੇਅਰ ਅਤੇ ਵਿਧਾਇਕਾਂ ਦੀ ਕਾਰਗੁਜ਼ਾਰੀ ’ਤੇ ਵੀ ਕੱਢਿਆ ਗੁੱਸਾ
ਬੈਠਕ ਦੌਰਾਨ ਕੁਝ ਕੌਂਸਲਰਾਂ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਕਿ ਦੋਵੇਂ ਜਿੱਤੇ ਵਿਧਾਇਕ ਬਾਵਾ ਹੈਨਰੀ ਅਤੇ ਪਰਗਟ ਸਿੰਘ ਅਜੇ ਵੀ ਕਾਂਗਰਸੀ ਕੌਂਸਲਰਾਂ ਦੀ ਬਾਂਹ ਨਹੀਂ ਫੜ ਰਹੇ। ਜੇਕਰ ਦੋਵੇਂ ਵਿਧਾਇਕ ਚਾਹੁਣ ਤਾਂ ਸ਼ਹਿਰ ਵਿਚ ਕਾਂਗਰਸ ਨੂੰ ਐਕਟੀਵੇਟ ਕੀਤਾ ਜਾ ਸਕਦਾ ਹੈ। ਕੌਂਸਲਰ ਮਿੰਟੂ ਜੁਨੇਜਾ ਦਾ ਤਾਂ ਇਥੋਂ ਤੱਕ ਕਹਿਣਾ ਸੀ ਕਿ ਉਹ ਕੁਝ ਮਹੀਨੇ ਪਹਿਲਾਂ ਸੀਵਰੇਜ ਦੇ ਰੁਕੇ ਹੋਏ ਕੰਮ ਨੂੰ ਚਾਲੂ ਕਰਵਾਉਣ ਲਈ ਮੇਅਰ ਕੋਲ ਆਏ ਸਨ ਪਰ ਮੇਅਰ ਨੇ ਮਜਬੂਰੀ ਦੱਸ ਕੇ ਕੰਮ ਸ਼ੁਰੂ ਨਹੀਂ ਕਰਵਾਇਆ। ਉਦੋਂ ਉਹ ਡਿਪਟੀ ਮੇਅਰ ਬੰਟੀ ਕੋਲ ਚਲੇ ਗਏ, ਜਿਨ੍ਹਾਂ ਦੇ ਕਹਿਣ ’ਤੇ ਅਗਲੇ ਹੀ ਦਿਨ ਉਥੇ ਕੰਮ ਸ਼ੁਰੂ ਹੋ ਗਿਆ। ਕੁਝ ਕੌਂਸਲਰਾਂ ਨੇ ਪਿਛਲੇ ਸਮੇਂ ਦੌਰਾਨ ਨਿਗਮ ਵਿਚ ਕਾਂਗਰਸ ਦੀ ਢਿੱਲੀ ਪਕੜ ਨੂੰ ਵੀ ਮੁੱਦਾ ਬਣਾਇਆ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

‘ਆਪ’ ਦਾ ਪ੍ਰਭਾਵ ਘੱਟ ਹੁੰਦਾ ਵੇਖ ਕਾਂਗਰਸ ’ਚ ਹਲਚਲ ਤੇਜ਼
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਜਦੋਂ ‘ਆਪ’ ਦੇ 92 ਵਿਧਾਇਕ ਜਿੱਤੇ ਤਾਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਪੂਰੀ ਲਹਿਰ ਸੀ ਪਰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਕਈ ਵਿਵਾਦਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਲਹਿਰ ਕੁਝ ਘੱਟ ਹੁੰਦੀ ਦਿਸ ਰਹੀ ਹੈ। ਸ਼ਹਿਰ ਵਿਚ ਵੀ ਆਮ ਆਦਮੀ ਪਾਰਟੀ ਨਾਲ ਕੁਝ ਵਿਵਾਦ ਜੁੜੇ, ਜਿਸ ਕਾਰਨ ਕਾਂਗਰਸੀਆਂ ਨੂੰ ਲੱਗ ਰਿਹਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਹਮਲਾਵਰ ਹੋ ਕੇ ਇਕਜੁਟਤਾ ਨਾਲ ਚੋਣਾਂ ਲੜੇ ਤਾਂ ਨਿਗਮ ਵਿਚ ਆਪਣਾ ਮੇਅਰ ਬਣਾਇਆ ਜਾ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਜਿਨ੍ਹਾਂ ਕਾਂਗਰਸੀ ਕੌਂਸਲਰਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਹਰਾਉਣ ਲਈ ਕੰਮ ਕੀਤਾ, ਕੀ ਹੁਣ ਹਾਰੇ ਹੋਏ ਵਿਧਾਇਕ ਆਪਣੀ ਚਾਲ ਨਹੀਂ ਚੱਲਣਗੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: CM ਭਗਵੰਤ ਮਾਨ ਸਣੇ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News