ਬੱਸ ਦਾ ਚਲਾਨ ਕੱਟਣ ਨੂੰ ਲੈ ਕੇ ਕਾਂਗਰਸੀ ਤੇ ਟ੍ਰੈਫਿਕ ਪੁਲਸ ਆਹਮੋ-ਸਾਹਮਣੇ

Friday, Jun 08, 2018 - 05:56 AM (IST)

ਜਲੰਧਰ, (ਸ਼ੋਰੀ)- ਮੁਹੱਲਾ ਮਖਦੂਮਪੁਰਾ ਨੇੜੇ ਡੀ. ਪੀ. ਆਰ. ਓ. ਦਫ਼ਤਰ ਬਾਹਰ ਬੱਸ ਦਾ ਚਲਾਨ ਕੱਟਣ ਨੂੰ ਲੈ ਕੇ ਟ੍ਰੈਫਿਕ ਪੁਲਸ ਤੇ ਕਾਂਗਰਸੀ ਆਗੂ ਆਹਮੋ-ਸਾਹਮਣੇ ਹੋ ਗਏ। ਦਰਅਸਲ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਦੀ ਬੱਸ ਮੁਹੱਲੇ ਵਿਚ ਕਾਫੀ ਦਿਨਾਂ ਤੋਂ ਖੜ੍ਹੀ ਸੀ। ਇਸ ਬਾਬਤ ਕਿਸੇ ਨੇ ਟ੍ਰੈਫਿਕ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਏ. ਸੀ. ਪੀ. ਟ੍ਰੈਫਿਕ ਹਰਵਿੰਦਰ ਸਿੰਘ ਭੱਲਾ ਨੇ ਸਬ ਇੰਸਪੈਕਟਰ ਸਿਕਦਿਆ ਦੇਵੀ ਦੀ ਡਿਊਟੀ ਲਗਾਈ ਕਿ ਬੱਸ ਦਾ ਚਲਾਨ ਕੱਟਿਆ ਜਾਵੇ। ਜਿਵੇਂ ਹੀ ਸਿਕਦਿਆ ਦੇਵੀ ਪੁਲਸ ਸਾਥੀਆਂ ਦੇ ਨਾਲ ਚਲਾਨ ਕੱਟਣ ਪਹੁੰਚੀ ਤਾਂ ਕੁਝ ਇਲਾਕੇ ਦੇ ਲੋਕਾਂ ਨੇ ਇਸ ਨੂੰ ਧੱਕੇਸ਼ਾਹੀ ਦੱਸਿਆ ਅਤੇ ਕਿਹਾ ਕਿ ਬੱਸ ਸਾਈਡ 'ਤੇ ਖੜ੍ਹੀ ਹੈ ਅਤੇ ਨਾ ਕਿ ਇਸ ਨਾਲ ਟ੍ਰੈਫਿਕ ਜਾਮ ਹੋ ਰਿਹਾ ਹੈ। ਬੱਸ ਮਾਲਕ ਨੂੰ ਬਿਨਾਂ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਫੋਨ ਕਰ ਕੇ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ ਨੂੰ ਮੌਕੇ 'ਤੇ ਬੁਲਾਇਆ। ਜਿਵੇਂ ਹੀ ਚੱਢਾ ਨੇ ਮੈਡਮ ਨੂੰ ਵਿਧਾਇਕ ਰਾਜਿੰਦਰ ਬੇਰੀ ਨਾਲ ਗੱਲ ਕਰਨ ਨੂੰ ਕਿਹਾ ਤਾਂ ਉਨ੍ਹਾਂ ਨੇ ਸਾਫ ਮਨ੍ਹਾ ਕਰ ਦਿੱਤਾ। ਹਾਲਾਂਕਿ ਕੁਝ ਹੀ ਦੇਰ ਤੋਂ ਬਾਅਦ ਵਿਧਾਇਕ ਬੇਰੀ ਵੀ ਮੌਕੇ 'ਤੇ ਪਹੁੰਚੇ ਪਰ ਮੈਡਮ ਸਿਕਦਿਆ ਦੇਵੀ ਨੇ ਬੱਸ ਦਾ ਚਲਾਨ ਕੱਟ ਹੀ ਦਿੱਤਾ।
ਸਿਕਦਿਆ ਦੇਵੀ ਦਾ ਕਹਿਣਾ ਸੀ ਕਿ ਪੁਲਸ ਕਮਿਸ਼ਨਰ ਦੇ ਹੁਕਮਾਂ ਦੇ ਮੁਤਾਬਕ ਉਹ ਫੋਨ 'ਤੇ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਅਤੇ ਉਹ ਆਪਣੀ ਡਿਊਟੀ ਨਿਭਾ ਕੇ ਹੀ ਵਾਪਸ ਗਈ।
ਕਾਂਗਰਸ ਕਾਨੂੰਨ ਦੀ ਪਾਲਣਾ ਕਰਦੀ ਹੈ : ਚੱਢਾ
ਕੌਂਸਲਰ ਸ਼ੈਰੀ ਚੱਢਾ ਦਾ ਕਹਿਣਾ ਸੀ ਕਿ ਇਲਾਕੇ ਵਿਚ ਕੌਂਸਲਰ ਹੋਣ ਦੇ ਨਾਤੇ ਉਹ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਸਿਰਫ ਰਿਕਵੈਸਟ ਕੀਤੀ ਕਿ ਜਿਸ ਦੀ ਬੱਸ ਹੈ ਉਸ ਦਾ ਗੁਜ਼ਾਰਾ ਇਸ ਨਾਲ ਹੀ ਚੱਲਦਾ ਹੈ। ਕਿਸੇ ਨੇ ਸ਼ਰਾਰਤ ਕਰਕੇ ਬੱਸ ਮਾਲਕ ਨੂੰ ਤੰਗ ਕਰਨ ਲਈ ਪੁਲਸ ਨੂੰ ਕਾਲ ਕੀਤੀ। ਇਸ ਦੌਰਾਨ ਵਿਧਾਇਕ ਬੇਰੀ ਵੀ ਉਥੋਂ ਲੰਘੇ ਅਤੇ ਉਥੇ ਹੀ ਰੁਕ ਗਏ। ਕਾਂਗਰਸ ਦੇ ਆਗੂ ਖੁਦ ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਉਹ ਖੁਦ ਪੁਲਸ ਦਾ ਸਤਿਕਾਰ ਕਰਦੇ ਹਨ। 


Related News