ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 7 ਨਵੇਂ ਕੇਸਾਂ ਦੀ ਪੁਸ਼ਟੀ

08/06/2020 2:27:22 AM

ਕਪੂਰਥਲਾ, (ਮਹਾਜਨ)- ਕੋਰੋਨਾ ਮਹਾਮਾਰੀ ਹੁਣ ਜ਼ਿਲਾ ਕਪੂਰਥਲਾ ਨੂੰ ਆਪਣੀ ਬੁੱਕਲ ’ਚ ਲੈਂਦੀ ਜਾ ਰਹੀ ਹੈ। ਹਰੇਕ ਦਿਨ ਵੱਧ ਰਹੇ ਕੇਸ ਇਸਦਾ ਭਿਆਨਕ ਚਿਹਰਾ ਸਾਹਮਣੇ ਲਿਆ ਰਹੇ ਹਨ। ਉੱਥੇ ਹੀ ਮੌਤਾਂ ਦੀ ਗਿਣਤੀ ’ਚ ਵੱਧ ਰਹੀ ਹੈ। ਇਸ ਤੋਂ ਬਚਾਅ ਦਾ ਤਰੀਕਾ ਸਿਰਫ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦਾ ਪਾਲਣ ਹੀ ਹੈ ਤੇ ਲੋਕਾਂ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਦਾ ਨਤੀਜਾ ਖਤਰਨਾਕ ਹੋ ਸਕਦਾ ਹੈ। ਹੁਣ ਵੀ ਜੇਕਰ ਸੰਭਲ ਜਾਈਏ ਤਾਂ ਸ਼ਾਇਦ ਜ਼ਿਲੇ ’ਚ ਹੋਰ ਕੇਸ ਨਵੇਂ ਨਾ ਜੁਡ਼ਣ।

ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਜ਼ਿਲੇ ਵਿਚ ਬੁੱਧਵਾਰ ਨੂੰ 70 ਸਾਲਾ ਬਜ਼ੁਰਗ ਔਰਤ ਜਿਸ ਦਾ ਸੈਂਪਲ ਜੋਹਲ ਹਸਪਤਾਲ ਜਲੰਧਰ ਵਿਚ ਹੋਇਆ ਸੀ ਵਾਸੀ ਪਿੰਡ ਭੱਗੋਪੂਰੀਆਂ, ਜਿਸ ਦੀ ਜਲੰਧਰ ਦੇ ਜੋਹਲ ਹਸਪਤਾਲ ਵਿਚ ਮੌਤ ਹੋ ਗਈ ਹੈ। ਜਿਸਦੇ ਨਾਲ ਕੋਰੋਨਾ ਨਾਲ ਜ਼ਿਲਾ ਕਪੂਰਥਲਾ ’ਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਇਸਦੇ ਨਾਲ ਹੀ 7 ਕੇਸ ਪਾਜ਼ੇਟਿਵ ਆਏ ਹਨ ਜਿਨ੍ਹਾਂ ’ਚੋਂ 55 ਸਾਲਾਂ ਮਹਿਲਾ ਜੋ ਕਿ ਆਰ. ਸੀ. ਐੱਫ. ਵਿਚ ਕੰਮ ਕਰਦੀ ਹੈ, 64 ਸਾਲਾ ਬਜ਼ੁਗਗ ਰਾਏਪੁਰਅਰਾਈਆਂ, 29 ਸਾਲਾਂ ਨੌਜਵਾਨ ਜੋ ਕਿ 2 ਸਾਲਾਂ ਤੋਂ ਆਪਣੀ ਫੈਮਿਲੀ ਨਾਲ ਲੁਧਿਆਣਾ ਵਿਚ ਰਹਿ ਰਿਹਾ ਸੀ, 50 ਸਾਲਾ ਮਹਿਲਾ ਵਾਸੀ ਨੰਗਲ ਲੁਬਾਣਾ ਜੋ ਕਿ ਜਲੰਧਰ ਵਿਚ ਕਿਸੇ ਨਿੱਜੀ ਹਸਪਤਾਲ ਵਿਚ ਦਾਖਲ ਸੀ, 43 ਸਾਲਾ ਵਿਅਕਤੀ ਵਾਸੀ ਬੇਗੋਵਾਲ ਜੋ ਕਿ ਇਕ ਜਲੰਧਰ ਦੇ ਨਿੱਜੀ ਬੈਂਕ ਵਿਚ ਨੌਕਰੀ ਕਰਦਾ ਸੀ, 27 ਸਾਲਾ ਮਹਿਲਾ ਵਾਸੀ ਢਿੱਲਵਾਂ ਸ਼ਾਮਲ ਹਨ।

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲੇ ਭਰ ਵਿਚ ਕੋਰੋਨਾ ਦੇ ਸ਼ੱਕੀ 261 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਕਪੂਰਥਲਾ ਦੇ ਸਿਵਲ ਹਸਪਤਾਲ ਤੋਂ 70 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ 3 ਪੁਲਸ ਕਰਮਚਾਰੀ, 6 ਇੰਟਰਨੈਸ਼ਨਲ ਟਰੈਵਲ, 6 ਐੱਨ. ਆਰ. ਆਈ., 15 ਲੋਕ ਬਾਹਰਲੇ ਸੂਬਿਆਂ ਬਿਹਾਰ ਅਤੇ ਦਿੱਲੀ ਤੋਂ ਆਏ ਹੋਏ, 11 ਸੈਂਪਲ ਕੋਰੋਨਾ ਪੀਡ਼ਤਾਂ ਦੇ ਸੰਪਰਕ ਵਿਚ ਆਉਣ ਵਾਲਿਆ ਦੇ, 3 ਕੈਦੀ, 3 ਸਰਜਰੀ, 4 ਗਰਭਵਤੀ ਮਹਿਲਾ, 5 ਖਾਂਸੀ, ਜੁਕਾਮ, ਦਮਾ, ਟੀਬੀ ਅਤੇ 11 ਸੈਂਪਲ ਓਪੀਡੀ ਵਿਚੋਂ ਲਏ ਗਏ ਹਨ। ਇਨ੍ਹਾਂ ਤੋਂ ਇਲਾਵਾ ਫਗਵਾਡ਼ਾ ਤੋਂ 52, ਪਾਂਸ਼ਟਾ ਤੋਂ 2, ਸੁਲਤਾਨਪੁਰ ਲੋਧੀ ਤੋਂ 46, ਆਰਸੀਐੱਫ ਤੋਂ 23, ਕਾਲਾ ਸੰਘਿਆ ਤੋਂ 16, ਭੁਲੱਥ ਤੋਂ 12, ਬੇਗੋਵਾਲ ਤੋਂ 11, ਫੱਤੂਢੀਂਗਾ ਤੋਂ 11 ਅਤੇ ਟਿੱਬਾ ਤੋਂ 18 ਸੈਂਪਲ ਲਏ ਗਏ ਹਨ।

ਡਾ. ਰਾਜੀਵ ਭਗਤ ਨੇ ਦੱਸਿਆ ਕਿ ਇਹ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਭੇਜ ਦਿੱਤਾ ਗਿਆ ਹੈ। ਜਿਨ੍ਹਾਂ ਦੀ ਰਿਪੋਰਟ ਵੀਰਵਾਰ ਸ਼ਾਮ ਤੱਕ ਆਵੇਗੀ। ਉਨ੍ਹਾਂ ਦੱਸਿਆ ਕਿ ਕਪੂਰਥਲਾ ਵਿਚ ਲਾਕਡਾਊਨ ਦੌਰਾਨ ਹੁਣ ਤੱਕ 22081 ਕੋਰੋਨਾ ਸ਼ੱਕੀ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 19232 ਨੈਗਟਿਵ ਕੇਸ ਹਨ। ਐਕਟਿਵ ਕੇਸ 174 ਹਨ। ਜਿਨ੍ਹਾਂ ਦਾ ਇਲਾਜ਼ ਸਰਕੂਲਰ ਰੋਡ ’ਤੇ ਬਣਾਏ ਗਏ ਆਈਸੋਲੇਸ਼ਨ ਵਾਰਡ ਅਤੇ ਪੀਟੀਯੂ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਚੱਲ ਰਿਹਾ ਹੈ। 191 ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੂੰਹ ’ਤੇ ਮਾਸਕ, ਹੱਥਾਂ ’ਤੇ ਸੈਨੇਟਾਈਜ਼ਰ, ਬਜ਼ਾਰਾਂ ਵਿਚ ਇਕ-ਦੂਸਰੇ ਤੋਂ ਸੋਸ਼ਲ ਡਿਸਟੈਂਸ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਬਿਮਾਰੀ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾ ਸਕੇ।

Bharat Thapa

This news is Content Editor Bharat Thapa