ਜ਼ਿਲਾ ਨਾਜਰ ਨੇ ਤਹਿਸੀਲ ਕੰਪਲੈਕਸ ਦਾ ਕੀਤਾ ਅਚਾਨਕ ਦੌਰਾ, ਮਚਿਆ ਹੜਕੰਪ

11/21/2019 5:12:49 PM

ਜਲੰਧਰ (ਚੋਪੜਾ) : ਤਹਿਸੀਲ ਕੰਪਲੈਕਸ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜ਼ਿਲਾ ਨਾਜਰ ਮਹੇਸ਼ ਕੁਮਾਰ ਨੇ ਆਪਣੇ ਸਟਾਫ ਦੇ ਨਾਲ ਸ਼ਾਮ ਕਰੀਬ 4.30 ਵਜੇ ਕੰਪਲੈਕਸ 'ਚ ਬਣੀਆਂ ਦੁਕਾਨਾਂ ਤੇ ਬੂਥਾਂ ਦਾ ਅਚਾਨਕ ਨਿਰੀਖਣ ਕੀਤਾ। ਜ਼ਿਲਾ ਨਾਜਰ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਅਜਿਹੇ ਅਰਜ਼ੀ ਨਵੀਸ ਤੇ ਏਜੰਟਾਂ 'ਚ ਹੜਕੰਪ ਮਚ ਗਿਆ, ਜਿਨ੍ਹਾਂ ਨੇ ਦੁਕਾਨਾਂ ਤੇ ਬੂਥਾਂ 'ਤੇ ਨਾਜਾਇਜ਼ ਕਬਜ਼ਾ ਜਮਾਇਆ ਹੋਇਆ ਸੀ। ਕਈ ਏਜੰਟ ਤੇ ਅਰਜ਼ੀ ਨਵੀਸ ਆਪਣੇ ਕੰਮ ਅਧੂਰੇ ਛੱਡ ਕੇ ਸ਼ਟਰ ਹੇਠਾਂ ਸੁੱਟ ਕੇ ਖਿਸਕ ਗਏ, ਜਿਸ ਕਾਰਨ ਪੂਰੇ ਕੰਪਲੈਕਸ 'ਚ ਸੰਨਾਟਾ ਛਾ ਗਿਆ। ਮਹੇਸ਼ ਨੇ ਬੂਥਾਂ ਦੀ ਜਾਂਚ ਕਰਨ ਦੌਰਾਨ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਲੋਕ ਬੂਥਾਂ 'ਤੇ ਨਾਜਾਇਜ਼ ਕਬਜ਼ਾ ਕਰ ਕੇ ਕੰਮ ਕਰ ਰਹੇ ਹਨ ਉਹ ਤੁਰੰਤ ਬੂਥਾਂ ਨੂੰ ਖਾਲੀ ਕਰ ਦੇਣ ਨਹੀਂ ਤਾਂ ਵਿਭਾਗ ਸਖਤ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਹੁਕਮਾਂ 'ਤੇ ਅਜਿਹੇ ਬੂਥਾਂ ਨੂੰ ਪ੍ਰਸ਼ਾਸਨ ਸੀਲ ਕਰੇਗਾ ਤੇ ਉਨ੍ਹਾਂ ਦੀ ਜਲਦੀ ਹੀ ਦੁਬਾਰਾ ਨੀਲਾਮੀ ਕਰਵਾਈ ਜਾਵੇਗਾ।

ਇਸ ਤੋਂ ਇਲਾਵਾ ਕਈ ਬੂਥਾਂ ਦੇ ਅਲਾਟੀਆਂ ਦੀ ਮੌਤ ਹੋ ਚੁੱਕੀ ਹੈ ਤੇ ਅਜਿਹੇ ਬੂਥਾਂ 'ਤੇ ਕੁਝ ਲੋਕਾਂ ਨੇ ਨਾਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਕੁਝ ਮਾਮਲਿਆਂ 'ਚ ਮ੍ਰਿਤਕ ਲੋਕਾਂ ਦੇ ਬੂਥਾਂ 'ਤੇ ਜਾਅਲੀ ਵਾਰਸ ਬਣ ਕੇ ਕੁਝ ਲੋਕ ਕਾਬਜ਼ ਹੋ ਕੇ ਬਿਨਾਂ ਲਾਇਸੈਂਸ ਕਾਰੋਬਾਰ ਕਰ ਰਹੇ ਹਨ। ਜ਼ਿਲਾ ਨਾਜਰ ਨੇ ਅਜਿਹੇ ਬੂਥਾਂ 'ਤੇ ਕੰਮ ਕਰ ਰਹੇ ਅਰਜ਼ੀ ਨਵੀਸਾਂ ਤੇ ਏਜੰਟਾਂ ਨੂੰ ਚਿਤਾਵਨੀ ਦਿੰਦਿਆਂ ਕਬਜ਼ੇ ਖਾਲੀ ਕਰਨ ਲਈ ਕਿਹਾ ।

Anuradha

This news is Content Editor Anuradha