ਸਾਂਝਾ ਅਧਿਆਪਕ ਮੋਰਚੇ ਨੇ ਰਾਣਾ ਕੇ. ਪੀ. ਦੀ ਕੋਠੀ ਦਾ ਕੀਤਾ ਘਿਰਾਓ

11/15/2018 1:47:07 AM

 ਰੂਪਨਗਰ,   (ਵਿਜੇ)-  ਸੂਬਾ ਸਰਕਾਰ ਵਲੋਂ ਰੈਗੂਲਰ ਕੀਤੇ ਗਏ 8886 ਐੱਸ.ਐੱਸ.ਏ. ਅਤੇ ਰਮਸਾ ਅਧਿਆਪਕ, ਆਦਰਸ਼ ਮਾਡਲ ਅਧਿਆਪਕਾਂ ਦੇ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਵੇਤਨ ਕਟੌਤੀ ਦੇ ਮਾਮਲੇ ਨੂੰ ਲੈ ਕੇ ਰੂਪਨਗਰ ’ਚ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਦੀ ਕੋਠੀ ਦੇ ਸਾਹਮਣੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਜਿਵੇਂ ਹੀ ਸਪੀਕਰ ਦੀ ਰਿਹਾਇਸ਼ ਵੱਲ ਵਧਣ ਲੱਗੇ ਤਾਂ ਤੈਨਾਤ ਪੁਲਸ ਬਲ ਨੇ ਉਨ੍ਹਾਂ  ਦਾ ਵਿਰੋਧ ਕੀਤਾ। ਮੌਕੇ ’ਤੇ ਪਹੁੰਚ ਕੇ ਤਹਿਸੀਲਦਾਰ ਰੂਪਨਗਰ ਵਲੋਂ ਪ੍ਰਦਰਸ਼ਨਕਾਰੀਆਂ ਦੀ 15 ਨਵੰਬਰ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਇਸਦੇ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਮਸਲਿਆਂ ’ਤੇ ਝੂਠ ਬੋਲਣਾ ਬੰਦ ਕਰੇ ਅਤੇ 8886 ਅਧਿਆਪਕਾਂ ਨੂੰ ਉਨਾਂ ਦੇ ਪੂਰੇ ਵੇਤਨ ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ 7 ਅਕਤੂਬਰ ਤੋਂ ਸੰਘਰਸ਼ ਕਰ ਰਹੇ ਹਨ ਅਤੇ ਅਾਗਾਮੀ ਚੋਣਾਂ ’ਚ ਸਰਕਾਰ ਨੂੰ ਉਨ੍ਹਾਂ  ਦੇ ਰੋਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ  ਮੰਗ ਕੀਤੀ ਕਿ ਨਿਜੀਕਰਨ ਨੀਤੀਆਂ ਨੂੰ ਬੰਦ ਕਰਕੇ ਸਰਕਾਰ ਸਿੱਖਿਆ, ਸਿਹਤ, ਰੋਡਵੇਜ਼ ਅਤੇ ਹੋਰ ਮੁੱਢਲੀਆਂ ਸੁਵਿਧਾਵਾਂ ਪ੍ਰਤੀ ਸਕਾਰਾਤਮਕ ਨੀਤੀ ਅਪਣਾਏ। ਉਨ੍ਹਾਂ  ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਵਲੋਂ ਸੰਘਰਸ਼ ਦੀ ਰਣਨੀਤੀ ਤਹਿਤ ਮੋਰਚੇ ਸਬੰਧੀ ਗ੍ਰਾਮੀਣ ਪੱਧਰ ’ਤੇ ਤਿਆਰੀ ਸ਼ੁਰੂ ਕਰ ਦਿੱਤੀ। 
ਇਥੇ ਪਹੁੰਚਣ ਵਾਲੇ ਮੰਤਰੀਆਂ ਨੂੰ ਉਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਗੁਰਬਿੰਦਰ ਸਿੰਘ ਸਸਕੌਰ, ਜਲ ਸਪਲਾਈ ਵਿਭਾਗ ਤੋਂ ਆਗੂ ਮਲਾਗਰ ਸਿੰਘ ਖਮਾਣੋ, ਟੀ.ਐੱਸ.ਯੂ. ਤੋਂ ਜਗਦੀਸ਼ ਸਿੰਘ, ਐੱਸ.ਐੱਸ.ਏ./ਰਮਸਾ ਤੋਂ ਸੁਖਵਿੰਦਰ ਸਿੰਘ, ਅਸ਼ੋਕ ਸਿੰਘ, ਹੁਸ਼ਿਆਰ ਸਿੰਘ, ਕੰਪਿਊਟਰ ਅਧਿਆਪਕ ਯੂਨੀਅਨ ਤੋਂ ਰਾਜ ਕੁਮਾਰ, ਐੱਸ.ਸੀ.ਬੀ.ਸੀ. ਯੂਨੀਅਨ ਤੋਂ ਭਾਰਤੀ, ਜੀ.ਟੀ.ਯੂ. ਤੋਂ ਸੁਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਮਹਿਲਾ ਅਧਿਆਪਕ  ਹਾਜ਼ਰ  ਸਨ।