ਕਮਿਸ਼ਨਰੇਟ ਪੁਲਸ ਨੇ 72 ਘੰਟਿਆਂ ’ਚ ਸੁਲਝਾਈ ਕਾਰ ਖੋਹਣ ਦੀ ਵਾਰਦਾਤ, ਤੇਜ਼ਧਾਰ ਹਥਿਆਰਾਂ ਸਣੇ 5 ਗ੍ਰਿਫ਼ਤਾਰ

05/31/2022 5:32:13 PM

ਜਲੰਧਰ (ਸੋਨੂੰ) : ਕਮਿਸ਼ਨਰੇਟ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਬੰਦੂਕ ਦੀ ਨੋਕ ’ਤੇ ਦੁਆਬਾ ਚੌਕ ਤੋਂ ਕਾਰ ਖੋਹਣ ਦੀ ਵਾਰਦਾਤ ਨੂੰ 72 ਘੰਟਿਆਂ ’ਚ ਸੁਲਝਾ ਕੇ ਤੇਜ਼ਧਾਰ ਹਥਿਆਰਾਂ ਸਣੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੱਲੋਂ ਕਾਰ ਖੋਹਣ ਦੇ ਕੇਸ ਨੂੰ ਮਨੁੱਖੀ ਅਤੇ ਤਕਨੀਕੀ ਸੂਝਬੂਝ ਦੀ ਮਦਦ ਨਾਲ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆਕਿ ਸਬ-ਵੇਅ ਨੇੜੇ ਦੁਆਬਾ ਚੌਕ ਤੋਂ 27-28 ਮਈ ਦੀ ਸ਼ਾਮ ਨੂੰ ਸਵਿੱਫ਼ਟ ਡਿਜ਼ਾਇਰ ਕਾਰ ਨੰਬਰ ਪੀ. ਬੀ. 08 ਡੀਜੇ 4789 ਨੂੰ ਬੰਦੂਕ ਦੀ ਨੋਕ ’ਤੇ ਖੋਹ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਪੁਲਸ ਜਸਕਿਰਨ ਤੇਜਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਸ ਗੁਰਬਾਜ਼ ਸਿੰਘ ਦੀ ਅਗਵਾਈ ’ਚ ਪੁਲਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਪੁਲਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਕ ਇਤਲਾਹ ’ਤੇ ਛੇ ਮੁਲਜ਼ਮਾਂ ਕਰਨ ਪੁੱਤਰ ਰਾਮਪਾਲ, ਸੌਰਭ ਪੁੱਤਰ ਸੁਰਿੰਦਰ ਪਾਲ, ਰਾਜਪਾਲ ਪੁੱਤਰ ਬਲਵਿੰਦਰ ਸਿੰਘ, ਅਤੁਲ ਪੁੱਤਰ ਰਾਜ ਕੁਮਾਰ, ਮੋਹਿਤ ਸਿੱਕਾ ਪੁੱਤਰ ਜੋਗਿੰਦਰ ਪਾਲ ਅਤੇ ਅੰਕਿਤ ਪੁੱਤਰ ਰਾਜਿੰਦਰ ਕੁਮਾਰ ਦੀ ਪਛਾਣ ਕੀਤੀ ਗਈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਾਰ ਖੋਹਣ ਤੋਂ ਬਾਅਦ ਮੁਲਜ਼ਮਾਂ ਵਲੋਂ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਹ ਕਾਰ ਨੂੰ ਉਥੇ ਹੀ ਛੱਡ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਕਾਰ ਖੋਹਣ ਦੀ ਬਾਰੀਕੀ ਨਾਲ ਪੜਤਾਲ ਕਰਦਿਆਂ ਪੁਲਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਫੜਿਆ ਗਿਆ। ਪੁਲਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਕੇਸ ’ਚ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਖੋਹੀ ਹੋਈ ਕਾਰ ਦੇ ਨਾਲ ਮੁਲਜ਼ਮਾਂ ਕੋਲੋਂ ਅਨੇਕਾਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਸੀ. ਆਈ. ਏ. ਇੰਚਾਰਜ ਸੁਖਦੀਪ ਸਿੰਘ ਅਤੇ ਉਸ ਦੀ ਟੀਮ ਵੱਲੋਂ ਇਸ ਕੇਸ ਨੂੰ 72 ਘੰਟਿਆਂ ’ਚ ਹੱਲ ਕਰਨ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਟੀਮ, ਜਿਸ ਨੇ ਇਸ ਕੇਸ ਨੂੰ ਸੁਲਝਾਇਆ ਹੈ, ਦਾ ਬਣਦਾ ਸਨਮਾਨ ਕੀਤਾ ਜਾਵੇਗਾ। 


Manoj

Content Editor

Related News