ਕਮਿਸ਼ਨਰੇਟ ਪੁਲਸ ਵਲੋਂ ਅੰਤਰਰਾਜੀ ਨਸ਼ਾ ਸਮੱਗਲਿੰਗ ਰੈਕੇਟ ਦਾ ਪਰਦਾਫ਼ਾਸ਼,ਟਰੱਕ ਡਰਾਇਵਰ ਗ੍ਰਿਫ਼ਤਾਰ

09/08/2020 6:00:47 PM

ਜਲੰਧਰ (ਵਰੁਣ): ਕੋਵਿਡ-19 ਮਹਾਮਾਰੀ ਦੌਰਾਨ ਨਸ਼ਾ ਤਸਕਰਾਂ 'ਤੇ ਸਖ਼ਤ ਨਿਗਰਾਨੀ ਨੂੰ ਜਾਰੀ ਰੱਖਦਿਆਂ, ਕਮਿਸ਼ਨਰੇਟ ਪੁਲਸ ਵਲੋਂ ਅੱਜ ਇਕ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰਕੇ 110 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ।  ਦੋਸ਼ੀ ਦੀ ਪਛਾਣ ਬਲਵਿੰਦਰ ਸਿੰਘ (45) ਪਿੰਡ ਰੇਲੂ ਮਾਜਰਾ, ਜ਼ਿਲ੍ਹਾ ਰੂਪ ਨਗਰ ਵਜੋਂ ਹੋਈ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼-1 ਵਲੋਂ ਰਾਸ਼ਟਰੀ ਰਾਜ ਮਾਰਗ 'ਤੇ ਪਰਾਗਪੁਰ ਨੇੜੇ ਨਾਕਾ ਲਗਾਇਆ ਗਿਆ ਸੀ ਅਤੇ ਟੀਮ ਵਲੋਂ ਹੋਮਿਊਪੈਥਿਕ ਦਵਾਈਆਂ ਨਾਲ ਭਰੇ ਟਰੱਕ ਨੰ : (ਪੀ.ਬੀ.65-ਈ.-7989) ਨੂੰ ਰੋਕਿਆ ਗਿਆ।ਉਨ੍ਹਾਂ ਦੱਸਿਆ ਕਿ ਟਰੱਕ ਦੇ ਡਰਾਇਵਰ ਕੋਲੋਂ ਪੁਛਗਿੱਛ ਕੀਤੀ ਗਈ ਤਾਂ ਪੁਲਸ ਕਰਮੀਆਂ ਨੂੰ ਕੁਝ ਸ਼ੱਕ ਹੋਇਆ, ਜਿਸ 'ਤੇ ਟਰੱਕ ਦੀ ਤਲਾਸ਼ੀ ਲਈ ਗਈ ਅਤੇ ਛੇ ਪਲਾਸਿਕ ਦੇ ਬੈਗ ਜਿਨ੍ਹਾਂ ਦਾ ਭਾਰ 110 ਕਿਲੋ ਸੀ ਲੱਭੇ ਗਏ।ਮੁੱਢਲੀ ਪੁਛਗਿੱਛ ਦੌਰਾਨ ਬਲਵਿੰਦਰ ਨੇ ਦੱਸਿਆ ਕਿ ਉਸ ਨੇ ਇਹ ਭੁੱਕੀ ਰਾਜਸਥਾਨ ਤੋਂ ਲਿਆਂਦੀ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਨਸ਼ੇ ਦੇ ਕਾਰੋਬਾਰ 'ਚ ਲੱਗਿਆ ਹੋਇਆ ਸੀ।ਭੁੱਲਰ ਨੇ ਦੱਸਿਆ ਕਿ ਬਲਵਿੰਦਰ ਸਿੰਘ ਰਾਜਸਥਾਨ ਤੋਂ ਦਿਨੇਸ਼ ਨਾਂ ਦੇ ਨਸ਼ਾ ਤਸ਼ਕਰ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਮਦਦ ਨਾਲ ਹੀ ਉਹ ਭੁੱਕੀ ਲਿਆਉਂਦਾ ਸੀ।

ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਦਾਖ਼ਲ ਹੋਣ ਤੋਂ ਪਹਿਲਾਂ ਬਲਵਿੰਦਰ ਵਲੋਂ ਦਿਨੇਸ਼ ਦੇ ਦੱਸੇ ਵਿਅਕਤੀ ਨੂੰ ਲੁਧਿਆਣਾ ਦੇ ਡੇਹਲੋਂ ਵਿਖੇ ਨਸ਼ਿਆਂ ਦੀ ਖੇਪ ਦੀ ਸਪਲਾਈ ਕੀਤੀ ਗਈ ਹੈ ਅਤੇ ਇਸ ਵਿਚੋਂ 100 ਕਿਲੋ ਚੂਰਾ ਪੋਸਤ ਕਿਸੇ ਹੋਰ ਨੂੰ ਸਪਲਾਈ ਕੀਤਾ ਜਾਣਾ ਸੀ ਅਤੇ 10 ਕਿਲੋ ਉਸ ਵਲੋਂ ਖ਼ੁਦ ਵੇਚੀ ਜਾਣੀ ਸੀ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਸ ਨੂੰ ਇਕ ਕੁਇੰਟਲ ਨਸ਼ਿਆਂ ਦੀ ਸਪਲਾਈ ਲਈ 30,000 ਰੁਪਏ ਦੀ ਮਿਲਦੇ ਸੀ।ਭੁੱਲਰ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਐੱਨ.ਡੀ.ਪੀ.ਐੱਸ.ਐਕਟ ਦੀ ਧਾਰਾ 15,61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਉਸ ਨੂੰ ਅਗਲੇਰੀ ਪੁਛਗਿੱਛ ਅਤੇ ਨਸ਼ਿਆਂ ਦੇ ਨੈੱਟਵਰਕ ਅਤੇ ਦਿਨੇਸ਼ ਬਾਰੇ ਜਾਣਕਾਰੀ ਹਾਸਲ ਕਰਨ ਲਈ ਹਿਰਾਸਤ 'ਚ ਲਿਆ ਜਾਵੇਗਾ।

Shyna

This news is Content Editor Shyna