ਓਵਰਲੋਡ ਦਾ ਡੰਡਾ ਦਿਖਾ ਕੇ ਹਿਮਾਚਲ ਦੀ ਰੇਤ ਬਜਰੀ ''ਤੇ ਗੁੰਡਾ ਟੈਕਸ ਵਸੂਲਣ ਦੀ ਤਿਆਰੀ

01/05/2020 7:51:25 PM

ਗੜ੍ਹਸ਼ੰਕਰ, (ਸ਼ੋਰੀ)— ਪੰਜਾਬ 'ਚ ਨਜਾਇਜ਼ ਮਾਇਨਿੰਗ ਦਾ ਪਰਛਾਵਾਂ ਅਕਾਲੀ ਭਾਜਪਾ ਸਰਕਾਰ ਤੇ ਇਸ ਤਰ੍ਹਾਂ ਪਿਆ ਸੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਇਹ ਇਕ ਮੁੱਖ ਮੁੱਦਾ ਬਣਿਆ ਤੇ ਗਠਬੰਧਨ ਸਰਕਾਰ ਦੀ ਜਗ੍ਹਾ ਕਾਂਗਰਸ ਸਰਕਾਰ ਪ੍ਰਦੇਸ਼ 'ਚ ਬਣ ਗਈ ਸੀ, ਪਰ ਕਾਂਗਰਸ ਸਰਕਾਰ ਵਲੋਂ ਹੁਣ ਤੱਕ ਸਪੱਸ਼ਟ ਮਾਇਨਿੰਗ ਪਾਲਸੀ ਨਾ ਬਣਾਉਣ ਤੇ ਪੰਜਾਬ 'ਚ ਇਹ ਕੰਮ ਇਕ ਠੇਕੇਦਾਰ ਨੂੰ ਅਲਾਟ ਕਰ ਦੇਣਾ ਲੋਕਾਂ 'ਚ ਇਹ ਚਰਚਾ ਸ਼ੁਰੂ ਕਰ ਚੁੱਕਾ ਹੈ ਕੀ ਸਿਰਫ਼ ਚਿਹਰੇ ਬਦਲੇ ਹਨ ਨੀਤੀਆਂ ਦੋਨਾਂ ਸਰਕਾਰਾਂ ਦੀ ਇਕੋ ਹੀ ਹਨ।
ਪੰਜਾਬ 'ਚ ਰੇਤ ਤੇ ਬਜਰੀ ਦੀ ਮੰਗ ਦਾ ਵੱਡਾ ਹਿੱਸਾ ਹਿਮਾਚਲ ਤੋਂ ਇਹ ਸਮੱਗਰੀ ਟਰੈਕਟਰ-ਟਰਾਲੀਆਂ ਤੇ ਟਿੱਪਰਾ ਰਾਹੀਂ ਪੂਰੀ ਹੋ ਰਹੀ ਹੈ ਕਿਉਂਕਿ ਹਿਮਾਚਲ ਦੀ ਮਾਇਨਿੰਗ ਪਾਲਸੀ ਪੰਜਾਬ ਨਾਲੋ ਸਾਫ਼ ਸੁਥਰੀ ਹੈ। ਇਸ ਲਈ ਸੁਭਾਵਿਕ ਇਸ ਕੰਮ ਨਾਲ ਜੁੜੇ ਵਪਾਰੀ ਹਿਮਾਚਲ ਤੋਂ ਰੇਤ ਬਜਰੀ ਪੰਜਾਬ ਲਿਆ ਰਹੇ ਹਨ ।
ਹਿਮਾਚਲ ਤੋਂ ਪੰਜਾਬ ਆਉਣ ਵਾਲੇ ਰੇਤ ਬਜਰੀ ਦੇ ਵਾਹਨਾਂ ਦੇ ਕੋਲ ਜ਼ਰੂਰੀ ਜੀ. ਐੱਸ. ਟੀ. ਦਾ ਬਿੱਲ ਹੁੰਦਾ ਹੈ, ਕੇਂਦਰ ਦੀ ਇਕ ਰਾਸ਼ਟਰ ਇਕ ਟੈਕਸ ਪਾਲਸੀ ਅਧੀਨ ਪੰਜਾਬ ਦਾ ਕੋਈ ਵੀ ਵਿਭਾਗ ਇਨ੍ਹਾਂ ਵਾਹਨਾਂ ਨੂੰ ਬਿੱਲ ਦੀ ਆੜ ਹੇਠ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ। ਇਨ੍ਹਾਂ ਵਾਹਨਾਂ ਨੂੰ ਓਵਰਲੋਡ ਦੀ ਆੜ ਹੇਠ ਰੋਕਣ ਦੀ ਤਿਆਰੀ ਹੁੰਦੀ ਨਜ਼ਰ ਆ ਰਹੀ ਹੈ, ਇਹ ਗੱਲ ਸਾਫ ਹੈ ਕਿ ਓਵਰਲੋਡ ਇਨ੍ਹਾਂ ਵਾਹਨਾਂ 'ਚ ਹੁੰਦਾ ਹੀ ਹੈ । ਇਸ ਦੁੱਖਦੀ ਰਗ ਨੂੰ ਫੜ ਕੇ ਹੁਣ ਓਵਰਲੋਡਿੰਗ ਦਾ ਡੰਡਾ ਦਿਖਾ ਕੇ ਹਿਮਾਚਲ ਤੋਂ ਆਉਣ ਵਾਲੀ ਰੇਤ ਬਜਰੀ ਤੇ ਨਕੇਲ ਕੱਸਣ ਦੀ ਤਿਆਰੀ ਹੁੰਦੀ ਦਿਸ ਰਹੀ ਹੈ।
ਹਿਮਾਚਲ ਤੋਂ ਆਉਣ ਵਾਲੇ ਰਸਤਿਆਂ 'ਤੇ ਕਾਫ਼ੀ ਤੇਜ਼ੀ ਨਾਲ ਕੰਡੇ (ਭਾਰ ਤੋਲਣ ਵਾਲੀ ਮਸ਼ੀਨ) ਸਥਾਪਿਤ ਹੋ ਰਹੇ ਹਨ, ਇਹ ਕੰਡੇ ਠੇਕੇਦਾਰ ਬਣਾ ਰਿਹਾ ਹੈ ਜਾਂ ਕੋਈ ਵਿਅਕਤੀ ਜਾਂ ਫਿਰ ਸਰਕਾਰ ਇਹ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਪਰ ਇਹ ਇਸ ਉਦੇਸ਼ ਨਾਲ ਹੀ ਲਗਾਏ ਜਾ ਰਹੇ ਹਨ ਇਹ ਸੂਤਰ ਦੱਸ ਰਹੇ ਹਨ ।
ਜਿਨ੍ਹਾਂ ਥਾਵਾਂ 'ਤੇ ਇਹ ਕੰਡੇ ਸਥਾਪਿਤ ਹੋ ਰਹੇ ਹਨ, ਉਥੇ ਰਸਤੇ ਬਹੁਤ ਛੋਟੇ ਹਨ ਤੇ ਜ਼ਿਆਦਾਤਰ ਜੰਗਲਾਤ ਵਿਭਾਗ ਦੇ ਇਲਾਕੇ 'ਚ, ਹੁਣ ਸਵਾਲ ਇਹ ਵੀ ਉਠ ਰਿਹਾ ਹੈ ਕੀ ਇਨ੍ਹਾਂ ਨੂੰ ਬਣਾਉਣ ਲਈ ਨੋ ਅਵਜੈਕਸ਼ਨ ਸਰਟੀਫਿਕੇਟ ਅਤੇ ਚੇਂਜ ਆਫ਼ ਲੈਂਡ ਯੂਜ਼ ਦਾ ਸਰਟੀਫਿਕੇਟ ਲਿਆ ਗਿਆ ਹੈ । ਇਸ ਦੇ ਨਾਲ ਹੀ ਕੀ ਵਾਹਨਾਂ ਦੀ ਲੰਬੀਆਂ ਕਤਾਰਾਂ ਤੋਂ ਆਮ ਰਾਹਗੀਰਾਂ ਨੂੰ ਨਿਕਲਣ 'ਚ ਪ੍ਰੇਸ਼ਾਨੀ ਨਾਂ ਹੋਵੇ ਇਸ ਲਈ ਸਰਵਿਸ ਲਾਈਨ ਦਾ ਪ੍ਰਬੰਧ ਕੀਤਾ ਜਾਵੇਗਾ ।
ਜੇਕਰ ਰੇਤ ਬਜਰੀ ਦਾ ਰੇਟ ਵੱਧ ਜਾਂਦਾ ਹੈ ਤਾਂ ਇਸ ਨਾਲ ਪੰਜਾਬ 'ਚ ਹੋਣ ਵਾਲੇ ਸਾਰੇ ਵਿਕਾਸ ਕਾਰਜ ਪ੍ਰਭਾਵਿਤ ਹੋ ਜਾਣਗੇ ਕਿਉਂਕਿ ਨਿਰਮਾਣ ਕੰਮਾਂ ਨਾਲ ਜੁੜੇ ਠੇਕੇਦਾਰਾਂ ਨੇ ਜੋ ਟੈਡਰ ਲਏ ਹੋਏ ਹਨ ਉਨ੍ਹਾਂ ਨੇ ਅੱਜ ਦੇ ਰੇਟਾਂ ਅਨੁਸਾਰ ਠੇਕਾ ਲਿਆ ਹੋਵੇਗਾ ਪਰ ਜਦੋਂ ਕੱਚੇ ਮਾਲ ਦਾ ਰੇਟ ਵੱਧ ਜਾਵੇਗਾ ਤਾਂ ਸੁਭਾਵਿਕ ਇਹ ਕੰਮ ਉਥੇ ਹੀ ਬੰਦ ਹੋ ਜਾਵੇਗਾ ਜਾਂ ਫਿਰ ਠੇਕੇਦਾਰ ਕੰਮ ਹੀ ਛੱਡ ਸਕਦਾ ਹੈ ।

ਪੰਜਾਬ ਸਰਕਾਰ ਦੇ ਮੰਤਰੀ ਸਥਿਤੀ ਸਪੱਸ਼ਟ ਕਰੇ : ਨਵਦੇਸ਼ ਪਾਸੀ
ਹਿਮਾਚਲ ਕਰੈਸ਼ਰ ਓਵਨਰ ਵੈਲਫੇਅਰ ਕੌਂਸਲ ਦੇ ਜਨਰਲ ਸਕੱਤਰ ਨਵਦੇਸ਼ ਪਾਸੀ ਨੇ ਪੰਜਾਬ ਸਰਕਾਰ ਦੇ ਸਬੰਧਿਤ ਮੰਤਰੀ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕਰਦੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕੀ ਜੋ ਭਰਮ ਭੁਲੇਖੇ ਅਤੇ ਅਫਵਾਹਾਂ ਚਲ ਰਹੀਆਂ ਹਨ ਉਸ 'ਤੇ ਸਥਿਤੀ ਜਨਤਕ ਤੌਰ 'ਤੇ ਸਪੱਸ਼ਟ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਓਵਰਲੋਡਿੰਗ ਹੀ ਬੰਦ ਕਰਨੀ ਹੈ ਤਾਂ ਪੰਜਾਬ ਦੇ ਸਾਰੇ ਵਾਹਨਾਂ 'ਤੇ ਬੰਦ ਹੋਵੇ ਨਾਂ ਕੀ ਸਿਰਫ਼ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਤੇ ਇਹ ਡੰਡਾ ਚੱਲੇ ।
 


KamalJeet Singh

Content Editor

Related News