CM ਮਾਨ ਦੇ ਸਖ਼ਤ ਐਕਸ਼ਨ ਨਾਲ ਕਈ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ’ਚ ਮਚੀ ਖਲਬਲੀ

05/26/2022 4:08:14 PM

ਕਪੂਰਥਲਾ (ਭੂਸ਼ਣ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਖ਼ਿਲਾਫ਼ ਲਏ ਗਏ ਸਖ਼ਤ ਐਕਸ਼ਨ ਨੇ ਜਿੱਥੇ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਨਾਲ ਜੂਝ ਰਹੇ ਸੂਬੇ ਦੇ ਕਰੋਡ਼ਾਂ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ, ਉੱਥੇ ਹੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ’ਚ ਪਹਿਲੀ ਵਾਰ ਕਿਸੇ ਕੈਬਨਿਟ ਮੰਤਰੀ ਦੇ ਖ਼ਿਲਾਫ਼ ਇੰਨੇ ਵੱਡੇ ਪੱਧਰ ’ਤੇ ਹੋਈ ਸਖ਼ਤ ਕਾਨੂੰਨੀ ਕਾਰਵਾਈ ਨੇ ਰਿਸ਼ਵਤਖੋਰੀ ਨੂੰ ਆਪਣਾ ਜਨਮ ਸਿੱਧ ਅਧਿਕਾਰ ਮੰਨਣ ਵਾਲੀ ਅਫਸਰਸ਼ਾਹੀ ਨਾਲ ਜੁਡ਼ੇ ਵੱਡੀ ਗਿਣਤੀ ’ਚ ਅਧਿਕਾਰੀਆਂ ਤੇ ਕਰਮਚਾਰੀਆ ’ਚ ਜ਼ਬਰਦਸਤ ਖਲਬਲੀ ਮਚਾ ਦਿੱਤੀ ਹੈ। ਉੱਥੇ ਹੀ ‘ਆਪ’ ਸਰਕਾਰ ਦੀ ਇਸ ਹੈਰਾਨ ਕਰਨ ਵਾਲੀ ਕਾਰਵਾਈ ਨੇ ਬੀਤੇ ਕਈ ਸਾਲਾਂ ਦੇ ਦੌਰਾਨ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ’ਚ ਹੋਏ ਭ੍ਰਿਸ਼ਟਾਚਾਰ ਨਾਲ ਜੁਡ਼ੀਆਂ ਫਾਈਲਾਂ ਤੇ ਹੁਣ ਤੇਜ਼ੀ ਨਾਲ ਕਾਰਵਾਈ ਹੋਣ ਦੀ ਆਸ ਬੱਝ ਗਈ ਹੈ। ਜਿਸਦੇ ਸਿੱਟੇ ਵਜੋਂ ਇਨ੍ਹਾਂ ਨਾਲ ਜੁਡ਼ੇ ਲੋਕਾਂ ’ਚ ਭਾਰੀ ਦਹਿਸ਼ਤ ਪੈਦਾ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਦੇ ਖਿਲਾਫ ਲਏ ਗਏ ਸਖਤ ਫੈਸਲੇ ਨੇ ਭ੍ਰਿਸ਼ਟਾਚਾਰ ਤੋਂ ਅੱਕ ਚੁੱਕੀ ਸੂਬੇ ਦੀ ਜਨਤਾ ਨੂੰ ਇੱਕ ਨਵੀਂ ਰਾਹ ਦਿਖਾਈ ਹੈ। ਇਸ ਕਾਰਵਾਈ ਨੇ ਉਨ੍ਹਾਂ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆ ਨੂੰ ਇਸ ਕਦਰ ਪ੍ਰੇਸ਼ਾਨ ਕਰ ਦਿੱਤਾ ਹੈ ਜੋ ਵੱਡੇ ਪੱਧਰ ’ਤੇ ਤਨਖਾਹ ਲੈਣ ਦੇ ਬਾਵਜੂਦ ਵੀ ਰਿਸ਼ਵਤਖੋਰੀ ਨੂੰ ਆਪਣਾ ਹੱਕ ਸਮਝਦੇ ਰਹੇ ਹਨ। ਪਿਛਲੀ ਸਰਕਾਰਾਂ ਦੇ ਦੌਰਾਨ ਵੱਡੀ ਗਿਣਤੀ ’ਚ ਅਜਿਹੇ ਕਈ ਸਰਕਾਰੀ ਅਧਿਕਾਰੀਆ ਦੇ ਖਿਲਾਫ ਵਿਜੀਲੈਂਸ ਬਿਊਰੋ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਅਸਰ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ ਸੀ, ਜਿਸ ਕਾਰਨ ਬੀਤੇ 3 ਦਹਾਕਿਆਂ ਦੇ ਦੌਰਾਨ ਅਜਿਹੇ ਸਰਕਾਰੀ ਅਧਿਕਾਰੀਆਂ ਨੇ ਇਸ ਕਦਰ ਭ੍ਰਿਸ਼ਟਾਚਾਰ ਦਾ ਖੇਡ ਖੇਡਿਆ ਕਿ ਉਹ ਕੁਝ ਹੀ ਸਾਲਾਂ ’ਚ ਕਰੋਡ਼ਾਂ ਰੁਪਏ ਦੀ ਜਾਇਦਾਦ ਦੇ ਮਾਲਕ ਬਣ ਗਏ।

ਅਜਿਹੇ ਰਿਸ਼ਵਤਖੋਰ ਅਧਿਕਾਰੀਆਂ ਦੇ ਖਿਲਾਫ ਵਿਜੀਲੈਂਸ ਬਿਊਰੋ ਨੂੰ ਦਿੱਤੀਆਂ ਗਈਆਂ ਸ਼ਿਕਾਇਤਾਂ ਨੂੰ ਜਾਂ ਤਾਂ ਪ੍ਰਭਾਵਸ਼ਾਲੀ ਆਗੂਆਂ ਦੇ ਇਸ਼ਾਰਿਆ ’ਤੇ ਰੋਕ ਦਿੱਤਾ ਗਿਆ ਜਾਂ ਅਜਿਹੇ ਅਧਿਕਾਰੀਆਂ ਨੇ ਆਪਣੇ ਅਸਰ ਰਸੂਖ ਦੀ ਵਰਤੋਂ ਕਰ ਕੇ ਅਜਿਹੀਆਂ ਫਾਈਲਾਂ ਨੂੰ ਦਬਾਉਣ ’ਚ ਆਪਣੀ ਪੂਰੀ ਮਿਹਨਤ ਲਗਾ ਦਿੱਤੀ। ਜਿਸ ਕਾਰਨ ਕਪੂਰਥਲਾ ਜ਼ਿਲੇ ਸਮੇਤ ਪੂਰੇ ਸੂਬੇ ’ਚ ਭ੍ਰਿਸ਼ਟਾਚਾਰ ਨਾਲ ਜੁਡ਼ੀਆਂ ਅਜਿਹੀਆਂ ਪੈਂਡਿੰਗ ਫਾਈਲਾਂ ਹੁਣ ਤੱਕ ਵਿਜੀਲੈਂਸ ਬਿਊਰੋ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਦੱਬੀਆਂ ਹੋਈਆਂ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਜੀਲੈਂਸ ਬਿਊਰੋ ’ਚ ਤੇਜ਼ ਤਰਾਰ ਤੇ ਈਮਾਨਦਾਰ ਅਕਸ ਵਾਲੇ ਆਈ.ਪੀ.ਐੱਸ. ਅਧਿਕਾਰੀਆਂ ਨੂੰ ਤਾਇਨਾਤ ਕਰਨ ਦੇ ਹੁਕਮਾਂ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਦਾ ਡੰਡਾ ਜਲਦ ਹੀ ਅਜਿਹੇ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਚੱਲਣਾ ਨਿਸ਼ਚਤ ਹੈ।

ਮੁੱਖ ਮੰਤਰੀ ਮਾਨ ਦੇ ਸਖਤ ਤੇਵਰਾਂ ਨੇ ਵਿਜੀਲੈਂਸ ਬਿਊਰੋ ’ਚ ਪਾਈ ਨਵੀਂ ਜਾਨ
ਗੌਰ ਹੋਵੇ ਕਿ ਜੇਕਰ ਕਪੂਰਥਲਾ ਜ਼ਿਲਾ ਸਮੇਤ ਸੂਬਾ ਭਰ ’ਚ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਆਈਆਂ ਸ਼ਿਕਾਇਤਾਂ ’ਤੇ ਝਾਤੀ ਮਾਰੀ ਜਾਵੇ ਤਾਂ ਬੀਤੇ 2 ਦਹਾਕਿਆਂ ਦੌਰਾਨ ਮੁੱਠੀ ਭਰ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਹੀ ਅਜਿਹੇ ਮਾਮਲੇ ਦਰਜ ਕੀਤੇ ਗਏ ਹਨ ਤੇ ਕਈ ਮਾਮਲਿਆਂ ’ਚ ਤਾਂ ਨਾਮਜ਼ਦ ਕੀਤੇ ਗਏ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਆਪਣੇ ਉੱਚੇ ਰਾਜਨੀਤਿਕ ਸੰਪਰਕਾਂ ’ਤੇ ਪਹੁੰਚ ਦੇ ਬੱਲ ’ਤੇ ਐੱਫ. ਆਈ. ਆਰ. ਨੂੰ ਖਾਰਜ ਕਰਵਾਉਣ ’ਚ ਕਾਮਯਾਬ ਹੋ ਗਏ ਸਨ ਪਰ ਹੁਣ ਮੁੱਖ ਮੰਤਰੀ ਮਾਨ ਦੇ ਸਖਤ ਤੇਵਰਾਂ ਨੇ ਜਿੱਥੇ ਵਿਜੀਲੈਂਸ ਬਿਊਰੋ ’ਚ ਇਕ ਨਵੀਂ ਜਾਨ ਪਾ ਦਿੱਤੀ ਹੈ, ਉੱਥੇ ਹੀ ਇਸ ਨਾਲ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀ ਇੱਛਾ ਸ਼ਕਤੀ ਨਵੀਆਂ ਉਚਾਈਆਂ ਤੇ ਪੁੱਜ ਗਈ ਹੈ।

ਪੈਂਡਿੰਗ ਕੰਮ ਕਰਨ ਵਾਲੇ ਆਪਣੀ ਕਾਰਜਪ੍ਰਣਾਲੀ ਬਦਲਣ ਨੂੰ ਹੋਏ ਮਜਬੂਰ
ਮੁੱਖ ਮੰਤਰੀ ਦੀ ਇਸ ਕਾਰਵਾਈ ਨੇ ਅਕਸਰ ਲੋਕਾਂ ਨਾਲ ਗਲਤ ਵਰਤਾਵਾ ਕਰਨ ਵਾਲੇ ਤੇ ਆਮ ਜਨਤਾ ਦੇ ਕੰਮ ਪੈਂਡਿੰਗ ਕਰਨ ਦੀ ਆਦਤ ਰੱਖਣ ਵਾਲੇ ਵੱਡੀ ਗਿਣਤੀ ’ਚ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਕਾਰਜਪ੍ਰਣਾਲੀ ਬਦਲਣ ਨੂੰ ਮਜਬੂਰ ਕਰ ਦਿੱਤਾ ਹੈ। ਜਿਸ ਕਾਰਨ ਹੁਣ ਸਰਕਾਰੀ ਦਫਤਰਾਂ ’ਚ ਖੁੱਲ ਕੇ ਹੋਣ ਵਾਲੇ ਭ੍ਰਿਸ਼ਟਾਚਾਰ ’ਤੇ ਸਖਤ ਲਗਾਮ ਲੱਗਣੀ ਤੈਅ ਹੈ।

ਉੱਚੀਆਂ ਸਿਫਾਰਿਸ਼ਾਂ ਲੱਭਣ ਵਾਲੇ ਹੁਣ ਖੁੱਡੇ ਲਾਈਨ ਸੀਟਾਂ ’ਤੇ ਲੱਗਣ ਲਈ ਲਾ ਰਹੇ ਜ਼ੋਰ
ਹੁਣ ਹਾਲਾਤ ਤਾਂ ਇਹ ਬਣ ਗਏ ਹਨ ਕਿ ਕਦੇ ਮਲਾਈਦਾਰ ਸੀਟਾਂ ’ਤੇ ਲੱਗਣ ਲਈ ਉੱਚੀਆਂ ਸਿਫਾਰਿਸ਼ਾਂ ਲੱਭਣ ਵਾਲੇ ਕਈ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਖੁੱਡੇ ਲਾਈਨ ਸੀਟਾਂ ’ਤੇ ਲੱਗਣ ਲਈ ਜ਼ੋਰ ਲਗਾਉਣ ਲੱਗ ਪਏ ਹਨ ਤਾਂ ਜੋ ਆਉਣ ਵਾਲੇ ਦਿਨਾਂ ’ਚ ਕਿਸੇ ਵੱਡੀ ਕਾਰਵਾਈ ਤੋਂ ਬਚਿਆ ਜਾ ਸਕੇ। ਇਸਦੇ ਸਿੱਟੇ ਵਜੋਂ ਹੁਣ ਸਰਕਾਰੀ ਦਫਤਰਾਂ ਦਾ ਮਾਹੌਲ ਆਮ ਜਨਤਾ ਦੇ ਲਈ ਕਾਫੀ ਸੁਖਾਲਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਭ੍ਰਿਸ਼ਟਾਚਾਰ ਲਈ ਜਾਣੇ ਜਾਂਦੇ ਸਰਕਾਰੀ ਤੰਤਰ ਨਾਲ ਜੁਡ਼ੇ ਕਈ ਅਧਿਕਾਰੀ ਤੇ ਕਰਮਚਾਰੀ ਹੁਣ ਡਰੇ ਹੋਏ ਹਨ ਤੇ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ’ਚ ਕਿਸੇ ਵੱਡੀ ਕਾਰਵਾਈ ਦਾ ਡਰ ਸਤਾਉਣ ਲੱਗ ਪਿਆ ਹੈ।


Manoj

Content Editor

Related News