ਨਸ਼ੇੜੀ ਕਰਦੇ ਹਨ ਸਟਾਫ ਨਾਲ ਪੁਲਸ ਸਾਹਮਣੇ ਝਗੜਾ, ਪੁਲਸ ਦੇਖਦੀ ਹੈ ਤਮਾਸ਼ਾ

09/16/2019 6:46:31 PM

ਜਲੰਧਰ (ਸ਼ੋਰੀ)— ਪਿੰਡ ਸ਼ੇਖੇ 'ਚ ਨਸ਼ਾ ਕਰਨ ਵਾਲੇ ਲੋਕਾਂ ਲਈ ਬਣੇ ਓਟ ਕਲੀਨਿਕ ਜਿੱਥੇ ਸਰਕਾਰ ਦੇ ਹੁਕਮਾਂ ਮੁਤਾਬਕ ਨਸ਼ਾ ਕਰਨ ਵਾਲਿਆਂ ਨੂੰ ਫ੍ਰੀ 'ਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਨਸ਼ੇ ਦੀ ਦਲਦਲ 'ਚੋਂ ਬਾਹਰ ਆ ਕੇ ਸਮਾਜ 'ਚ ਚੰਗਾ ਜੀਵਨ ਬਤੀਤ ਕਰ ਸਕਣ ਪਰ ਇਨ੍ਹਾਂ ਦਿਨੀਂ ਓਟ ਕਲੀਨਿਕ 'ਚ ਤਾਇਨਾਤ ਸਟਾਫ ਦੁਖੀ ਹੈ ਅਤੇ ਉਨ੍ਹਾਂ ਦੀ ਮੁਸ਼ਕਲ ਦਾ ਹੱਲ ਕੱਢਣ ਦੀ ਥਾਂ 'ਤੇ ਪੁਲਸ ਵਾਲੇ ਉਲਟ ਉਨ੍ਹਾਂ ਨੂੰ ਹੀ ਤੰਗ ਕਰਦੇ ਹਨ। ਬੀਤੇ ਦਿਨ ਵੀ ਕੁਝ ਨਸ਼ੇੜੀਆਂ ਨੇ ਪੁਲਸ ਦੀ ਮੌਜੂਦਗੀ 'ਚ ਸਟਾਫ ਨਾਲ ਝਗੜਾ ਕੀਤਾ।

ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਥਾਣਾ ਨੰ. 8 ਦੀ ਪੁਲਸ ਬਿਲਕੁਲ ਗੰਭੀਰ ਨਹੀਂ ਅਤੇ ਐੱਸ. ਐੱਚ. ਓ. ਨੂੰ ਕਹਿਣ ਦੇ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਕਲੀਨਿਕ 'ਚ ਤਾਇਨਾਤ ਨਰਸਿੰਗ ਸਟਾਫ ਸੁਮਿਤ, ਸੰਦੀਪ ਨੇ ਦੱਸਿਆ ਕਿ ਡੀ. ਸੀ. ਦੇ ਹੁਕਮਾਂ ਮੁਤਾਬਕ ਕਲੀਨਿਕ 'ਚ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਓ. ਪੀ. ਡੀ. 'ਚ ਨਸ਼ਾ ਕਰਣ ਵਾਲਿਆਂ ਨੂੰ ਦਵਾਈ ਦਿੱਤੀ ਜਾਂਦੀ ਹੈ ਅਤੇ ਰੋਜ਼ਾਨਾ ਇਥੇ ਕਰੀਬ 1 ਹਜ਼ਾਰ ਲੋਕ ਦਵਾਈ ਖਾਣ ਆਉਂਦੇ ਹਨ ਅਤੇ ਕੁਝ ਨਸ਼ੇੜੀ 1 ਵਜੇ ਤੋਂ ਬਾਅਦ ਆ ਕੇ ਜ਼ਬਰਦਸਤੀ ਦਵਾਈ ਦੀ ਮੰਗ ਕਰਦੇ ਹਨ ਅਤੇ ਮਨ੍ਹਾ ਕਰਨ 'ਤੇ ਉਹ ਝਗੜਾ, ਹੰਗਾਮਾ, ਗਾਲੀ-ਗਲੋਚ ਅਤੇ ਹੱਥੋਪਾਈ ਕਰਦੇ ਹਨ। ਕਈ ਵਾਰ ਪੁਲਸ ਨੂੰ ਵੀ ਕਹਿ ਚੁੱਕੇ ਹਾਂ ਕਿ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਪੁਲਸ ਜਵਾਨਾਂ ਨੂੰ ਪੱਕੇ ਤੌਰ 'ਤੇ ਤਾਇਨਾਤ ਕੀਤਾ ਜਾਵੇ ਕਿਉਂਕਿ ਨਸ਼ਾ ਕਰਨ ਵਾਲੇ ਸਵੇਰੇ 7 ਵਜੇ ਤੋਂ ਹੀ ਕਲੀਨਿਕ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਪੁਲਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ।

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵੀ ਕੁਝ ਨਸ਼ੇੜੀ 1 ਵਜੇ ਦੇ ਬਾਅਦ ਆ ਕੇ ਦਵਾਈ ਦੀ ਮੰਗ ਕਰਨ ਲੱਗੇ ਅਤੇ ਹੰਗਾਮਾ ਕਰਨ ਲੱਗੇ। ਥਾਣਾ ਨੰ. 8 ਦੀ ਪੁਲਸ ਨੂੰ ਫੋਨ ਕਰ ਕੇ ਬੁਲਾਇਆ ਅਤੇ ਏ. ਐੱਸ. ਆਈ. ਦੀ ਹਾਜ਼ਰੀ 'ਚ ਨਸ਼ੇੜੀਆਂ ਨੇ ਉਨ੍ਹਾਂ ਨਾਲ ਬਦਤਮੀਜ਼ੀ ਤੱਕ ਕੀਤੀ। ਉਲਟਾ ਏ. ਐੱਸ. ਆਈ. ਵੀ ਤਮਾਸ਼ਾ ਦੇਖਦੇ ਰਹੇ। ਇੰਨਾ ਹੀ ਨਹੀਂ, ਜਦੋਂ ਉਹ ਪੀ. ਸੀ. ਆਰ. ਨੂੰ ਬੁਲਾਉਣ ਲਈ ਫੋਨ ਕਰਦੇ ਹਨ ਤਾਂ ਜਵਾਬ ਮਿਲਦਾ ਹੈ ਕਿ ਉਹ ਬਿਜ਼ੀ ਹਨ। ਸਟਾਫ ਦਾ ਕਹਿਣਾ ਹੈ ਕਿ ਨਸ਼ੇੜੀ ਕਈ ਵਾਰ ਤਾਂ ਗੇਟ ਟੱਪ ਕੇ ਅੰਦਰ ਦਾਖਲ ਹੋ ਜਾਂਦੇ ਹਨ, ਕੱਲ ਨੂੰ ਕਿਸੇ ਸਟਾਫ 'ਤੇ ਹਮਲਾ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਥਾਣਾ ਨੰ. 8 ਦੀ ਪੁਲਸ ਦੀ ਹੋਵੇਗੀ। ਉਥੇ ਹੀ ਥਾਣਾ ਨੰ. 8 ਦੇ ਐੱਸ. ਐੱਚ. ਓ. ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਕਲੀਨਿਕ 'ਚ ਜਾਂਦੀ ਹੈ ਅਤੇ ਸਟਾਫ ਦੀ ਸੁਰੱਖਿਆ ਕਰਦੀ ਹੈ, ਰਹੀ ਗੱਲ ਪੱਕੇ ਤੌਰ 'ਤੇ ਪੀ. ਸੀ. ਆਰ. ਦੀ ਡਿਊਟੀ ਲਾਉਣ ਦੀ ਤਾਂ ਉਹ ਜਲਦੀ ਹੀ ਆਰਡਰ ਕਰਨਗੇ।


shivani attri

Content Editor

Related News